ਨਾਬਾਲਗ ਵਿਆਹ ਤੇ ਵੀਜ਼ਾ !

ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ 20 ਤੋਂ ਵੱਧ ਬਾਲ ਵਿਆਹ ਵਾਸਤੇ ਦਿੱਤੇ ਵੀਜ਼ੇ-ਮਿਡਲ ਈਸਟ ਮੁਲਕਾਂ ਦੇ ਵਿਚ ਹੈ ਰਿਵਾਜ਼

ਔਕਲੈਂਡ 7 ਜੂਨ (ਹਰਜਿੰਦਰ ਸਿੰਘ ਬਸਿਆਲਾ)-ਇਮੀਗ੍ਰੇਸ਼ਨ ਨਿਊਜ਼ੀਲੈਂਡ ਭਾਵੇਂ ਵੀਜ਼ਾ ਦੇਣ ਵਾਲੇ ਵੱਡਿਆਂ ਵੱਡਿਆਂ ਦੇ ਗੋਡੇ ਲਵਾ ਦੇਵੇ ਪਰ ਬੱਚਿਆਂ ਦੇ ਵਿਆਹ ਜਾਂ ਕਹਿ ਲਈਏ ਬਾਲ ਵਿਆਹ ਵਾਸਤੇ ਆਪਣਾ ਦਿਲ ਜਰੂਰ ਨਰਮ ਕਰਦੀ ਹੈ। ਅੰਕੜੇ ਦਸਦੇ ਹਨ ਕਿ ਇਮੀਗ੍ਰੇਸ਼ਨ ਨੇ ਹੁਣ ਤੱਕ 20 ਤੋਂ ਵੱਧ ਅਜਿਹੇ ਵੀਜ਼ੇ ਦਿਤੇ ਹਨ ਜਿਨ੍ਹਾਂ ਦੀ ਉਮਰ ਨਬਾਲਗ ਵਰਗ ਦੇ ਵਿਚ ਆਉਂਦੀ ਸੀ ਅਤੇ ਇਹ ਨੌਜਵਾਨ ਬੱਚੇ-ਬੱਚੀਆਂ ਨਿਊਜ਼ੀਲੈਂਡ ਰਹਿੰਦੇ ਆਪਣੇ ਮੰਗੇਤਰ ਦੇ ਨਾਲ ਮੰਗਣੀ ਜਾਂ ਸ਼ਾਂਦੀ ਕਰਵਾਉਣ ਲਈ ਆਉਣਾ ਚਾਹੁੰਦੇ ਸਨ। ਜਿਆਦਾ ਤਰ ਵਿਆਂਦੜ ਕੁੜੀਆਂ ਦੀ ਉਮਰ 16-17 ਸਾਲ ਸੀ ਅਤੇ ਇਹ ਕੁੜੀਆਂ ਮਿਡਲ ਈਸਟ (ਚਾਈਨੀਜ਼, ਫਿਲਪੀਨੋਜ, ਇੰਡੀਅਨ, ਇੰਡੋਨੇਸ਼ੀਅਨਜ਼, ਪਾਕਿਸਤਾਨੀ, ਪਾਸ਼ਤੂਨ, ਰੋਮਾਨੀ) ਅਤੇ ਏਸ਼ੀਅਨ ਮੁਲਕਾਂ ਦੇ ਨਾਲ ਸਬੰਧ ਰੱਖਦੀਆਂ ਸਨ। ਪਿਛਲੇ ਸਾਲ 17 ਸਾਲਾ ਇਜਿਪਤ ਕੁੜੀ ਨੂੰ 28 ਸਾਲਾ ਕੀਵੀ ਪਤੀ ਦੇ ਨਾਲ ਰਹਿਣ ਲਈ ਵੀਜ਼ਾ ਦਿੱਤਾ ਗਿਆ। 2013 ਦੇ ਵਿਚ ਇਕ 17 ਸਾਲਾ ਪਾਕਿਸਤਾਨੀ ਕੁੜੀ ਨੂੰ ਉਸਦੇ 28 ਸਾਲਾ ਮੰਗੇਤਰ ਨਾਲ ਰਹਿਣ ਲਈ ਪਾਰਟਨਰਸ਼ਿਪ ਵੀਜ਼ਾ ਦਿੱਤਾ ਗਿਆ। ਪਿਛਲੇ ਇਕ ਦਹਾਕੇ ਦੇ ਵਿਟ ਲਗਪਗ 70 ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਜਿਨ੍ਹਾਂ ਦਾ ਮਨੋਰਥ ਨਿਊਜ਼ੀਲੈਂਡ ਆਕੇ ਵਿਆਹ ਜਾਂ ਮੰਗਣੀ ਕਰਨਾ ਸੀ। ਇਨ੍ਹਾਂ ਦੀ ਉਮਰ 16-17 ਸਾਲ ਦੇ ਵਿਚਕਰਾ ਸੀ। ਇਮੀਗ੍ਰੇਸ਼ਨ ਨੇ ਕਿਹਾ ਹੈ ਕਿ ਇਨ੍ਹਾਂ ਕੇਸਾਂ ਦੇ ਵਿਚ ਬੱਚਿਆਂ ਦੇ ਮਾਪਿਆਂ ਨੇ ਅਰਜ਼ੀਆਂ ਲਗਾਉਣ ਵਿਚ ਆਪਣਾ ਸਹਿਯੋਗ ਦਿੱਤਾ ਹੈ। ਸ਼ਕਤੀ ਸੰਸਥਾ ਅਨੁਸਾਰ 2010 ਤੋਂ ਹੁਣ ਤੱਕ 35 ਅਜਿਹੇ ਨੌਜਵਾਨ ਸਾਹਮਣੇ ਆਏ ਹਨ ਜਿਨ੍ਹਾਂ ਦੀ ਜਬਰਦਸਤੀ ਸ਼ਾਦੀ ਜਾਂ ਮੰਗਣੀ ਕੀਤੀ ਗਈ ਅਤੇ ਇਨ੍ਹਾਂ ਦੀ ਔਸਤਨ ਉਮਰ 16 ਸਾਲ ਵੇਖੀ ਗਈ। ਹਿਊਮਨ ਰਾਈਟਸ ਦਾ ਕਹਿਣਾ ਹੈ ਕਿ ਮੈਰਿਜ ਐਕਟ ਦੇ ਵਿਚ ਸੁਵਿਧਾ ਹੈ ਕਿ ਸਭਿਆਚਾਰ ਨੂੰ ਧਿਆਨ ਵਿਚ ਰੱਖਦਿਆਂ ਅਜਿਹਾ ਅਰੈਂਜ਼ਡ ਮੈਰਿਜ ਵੀਜਾ ਦੇਣਾ ਪੈ ਸਕਦਾ ਹੈ। ਜੇਕਰ ਕਿਸੇ ਦਾ ਬਾਲ-ਵਿਆਹ ਸਭਿਆਚਾਰਕ ਰਸਮਾਂ ਦੇ ਰੂਪ ਵਿਚ ਕਿਸੇ ਹੋਰ ਦੇਸ਼ ਵਿਚ ਹੋ ਜਾਂਦਾ ਹੈ ਅਤੇ ਉਹ ਕਾਨੂੰਨੀ ਮਾਨਤਾ ਰੱਖਦਾ ਹੈ ਤਾਂ ਨਿਊਜ਼ੀਲੈਂਡ ਇਮੀਗ੍ਰੇਸ਼ਨ 18 ਸਾਲ ਤੋਂ ਘੱਟ ਵਾਲੀ ਸ਼ਰਤ ਉਤੇ ਜਿਆਦਾ ਸਖਤ ਨਹੀਂ ਹੋ ਸਕਦੀ। ਨਿਊਜ਼ੀਲੈਂਡ ਦੇ ਵਿਚ ਅਜਿਹਾ ਕਰਨ ਦੇ ਲਈ ਫੈਮਿਲੀ ਕੋਰਟ ਦੇ ਜੱਜ ਨੂੰ ਭਰੋਸੇ ਵਿਚ ਲੈਣਾ ਹੁੰਦਾ ਹੈ। ਇਮੀਗ੍ਰੇਸ਼ਨ ਨੇ ਕਿਹਾ ਹੈ ਕਿ ਉਹ ਅਜਿਹੇ ਕੇਸਾਂ ਦੀ ਪੂਰੀ ਛਾਣ-ਬੀਣ ਕਰਦੇ ਹਨ ਅਤੇ ਕਈ ਵਾਰ ਖੁਦ ਜਾ ਕੇ ਜਾਂਚ-ਪੜ੍ਹਤਾਲ ਕਰਕੇ ਵੀਜ਼ਾ ਦਿੰਦੇ ਹਨ।

Real Estate