ਦੁਬਈ ਰਹਿੰਦੇ ਭਾਰਤੀ ਪੰਜਾਬੀ ਕਾਰੋਬਾਰੀ ਨੇ ਪਾਕਿਸਤਾਨ ’ਚ ਲਵਾਏ ਨਲਕੇ

1452

ਦੁਬਈ ਰਹਿੰਦੇ ਭਾਰਤੀ ਕਾਰੋਬਾਰੀ ਨੇ ਪਾਕਿਸਤਾਨ ਦੇ ਦੱਖਣ-ਪੂਰਬੀ ਸਿੰਧ ਪ੍ਰਾਂਤ ਦੇ ਗਰੀਬ ਜ਼ਿਲ੍ਹੇ ਵਿੱਚ 60 ਤੋਂ ਵੱਧ ਨਲਕੇ ਲਗਵਾਏ ਹਨ। ਮੀਡੀਆ ਰਿਪੋਰਟ ਅਨੁਸਾਰ ਜੋਗਿੰਦਰ ਸਿੰਘ ਸਲਾਰੀਆ ਨੇ ਜ਼ਿਲ੍ਹਾ ਥਾਰਪਰਕਰ ਵਿੱਚ ਸਮਾਜ ਸੇਵੀਆਂ ਦੀ ਮੱਦਦ ਨਾਲ ਕਰੀਬ 62 ਨਲਕੇ ਲਗਵਾਏ ਹਨ। ਸਲਾਰੀਆ ਨੂੰ ਇਸ ਖੇਤਰ ਵਿਚ ਗੁਰਬਤ ਬਾਰੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਸੀ। ਉਸ ਨੇ ਇੱਥੇ ਵਸੇ ਲੋਕਾਂ ਲਈ ਅਨਾਜ ਦੀਆਂ ਬੋਰੀਆਂ ਵੀ ਭਿਜਵਾਈਆਂ ਹਨ। ਸੰਯੁਕਤ ਅਰਬ ਅਮੀਰਾਤ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਸਲਾਰੀਆ 1993 ਵਿੱਚ ਉੱਥੋਂ ਦਾ ਨਾਗਰਿਕ ਬਣਿਆ ਸੀ। ਉਸ ਨੇ ਦੱਸਿਆ ਕਿ ਉਸ ਨੇ ਫੇਸਬੁੱਕ ਅਤੇ ਯੂ-ਟਿਊਬ ਰਾਹੀਂ ਪਾਕਿਸਤਾਨ ਦੇ ਸਮਾਜ ਸੇਵੀਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਸਾਰੀ ਕਾਰਵਾਈ ਲਈ ਫੰਡ ਭੇਜੇ।ਖਲੀਜ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਜੋਗਿੰਦਰ ਸਿੰਘ ਸਲਾਰੀਆ ਦੇ ਹਵਾਲੇ ਨਾਲ ਲਿਖਿਆ, ‘‘ਪੁਲਵਾਮਾ ਹਮਲੇ ਤੋਂ ਬਾਅਦ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰ ’ਤੇ ਸੀ, ਤਾਂ ਉਸ ਵੇਲੇ ਅਸੀਂ ਗੁਰਬਤ ਦੇ ਮਾਰੇ ਪਿੰਡਾਂ ਵਿੱਚ ਨਲਕੇ ਲਗਾ ਰਹੇ ਸਾਂ।’’ ‘ਪਹਿਲ ਚੈਰੀਟੇਬਲ ਟਰੱਸਟ’ ਸ਼ੁਰੂ ਕਰਨ ਵਾਲੇ ਸਲਾਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਮਹੀਨੇ ਥਾਰਪਰਕਰ ਦੇ ਲੋਕਾਂ ਦੇ ਹਾਲਾਤ ਜਾਣਨ ਵਿੱਚ ਲਾਏ ਅਤੇ ਵਧੇਰੇ ਕੰਮ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ।

Real Estate