ਹਮਰਾਜ਼ – ਛਿੰਦਰ ਕੌਰ ਸਿਰਸਾ

4569

ਛਿੰਦਰ ਕੌਰ ਸਿਰਸਾ

ਤੇਰੇ ਹੀ ਸ਼ਹਿਰ ਵਿਚ ਅਣਜਾਣਾਂ ਵਾਂਗ ਮਿਲਿਓਂ
ਤੇਰੀ ਹੀ ਮਹਿਫ਼ਿਲ ਤੇ ਬੇਗਾਨਿਆਂ ਵਾਂਗ ਮਿਲਿਓਂ

ਸਿਜਦੇ’ ਚ ਸਿਰ ਝੁਕਣਾ ਮੁਹੱਬਤ ਦਾ ਸਬੂਤ ਸੀ
ਮਿਲਣਸਾਰ ਤੇ ਬੜਾ ਸੈਂ ਨਾ ਹੋ ਕੇ ਪੱਬਾਂ ਭਾਰ ਮਿਲਿਓਂ

ਜਿੰਨੇ ਖਿੜਣ ਦਾ ਹੁਨਰ ਬਹਾਰ ਤੋਂ ਸਿੱਖਿਆ ਸੀ
ਉਸੇ ਕਲੀ ਨੂੰ ਨਾ ਬਣਕੇ ਮਹਿਕਾਰ ਮਿਲਿਉਂ

ਮੰਗ ਨਹੀੰ ਕੋਈ ਪੱਕੇ ਕੌਲ ਤੇ ਇਕਰਾਰ ਤੋਂ ਬਿਨਾਂ
ਸੂਹੇ ਫੁੱਲ ਨੂੰ ਸਾਣ’ਤੇ ਲੱਗੀ ਤਲਵਾਰ ਮਿਲਿਉਂ

ਤੇਰੀਆਂ ਇਬਾਦਤਾਂ,ਇਬਾਰਤਾਂ’ਚ ਮੈਂ ਮਸਤ ਮਲੰਗ
ਕਿਉਂ ਕਦੀ ਨਾ ਹੋ ਕੇ ਮੈਨੂੰ ਮੇਰਾ ਹਮਰਾਜ ਮਿਲਿਓਂ

ਇੱਕ ਤੇ ਮੇਰਾ ਮਨ ਨਾ ਵਿਰਚੇ ਉਤੋਂ ਤੂੰ ਮਗ਼ਰੂਰੀ
ਝੂਠੀਆਂ ਰਵਾਇਤਾਂ ਤੋਂ ਨਾ ਹੋ ਕੇ ਪਾਰ ਮਿਲਿਓਂ

ਤੈਨੂੰ ਵੇਖ ਕੇ ਮੇਰੇ ਸਾਵ੍ਹਾਂ ਨੂੰ ਸਾਹ ਆ ਜਾਂਦੇ ਸਨ
ਮਿੱਟੀ ਹੋਣੋਂ ਪਹਿਲਾਂ ਕਿਉਂ ਨਾ ਮੈਨੂੰ ਆਣ ਮਿਲਿਓਂ

Real Estate