ਸਾਕੇ ਜਾਂ ਘੱਲੂਘਾਰੇ ਭੁੱਲਣਯੋਗ ਨਹੀਂ ਹੁੰਦੇ, ਭੁੱਲੋਂਗੇ ਤਾਂ ਦੁਬਾਰਾ ਵਾਪਰਨਗੇ

984

ਗੁਰਪ੍ਰੀਤ ਸਿੰਘ ਸਹੋਤਾ

35 ਸਾਲ ਪਹਿਲਾਂ ਸਿੱਖਾਂ ਦੀ ਮਾਨਸਿਕਤਾ ਨੂੰ ਜ਼ਖ਼ਮੀ ਕਰਨ ਦੇ ਇਰਾਦੇ ਨਾਲ ਭਾਰਤ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਕੀਤੇ ਹਮਲੇ ਦੀ ਦੁਖਦ ਯਾਦ ਦੁਨੀਆ ਭਰ ਦੇ ਸਿੱਖਾਂ ਨੇ ਜੂਨ ਦੇ ਪਹਿਲੇ ਹਫਤੇ ਮਨਾਉਣੀ ਹੈ। ਸਾਡੇ ਲਈ ਇਹ ਸੋਗ ਦੇ ਦਿਨ ਹਨ ਤੇ ਆਸ ਹੈ ਕਿ ਕੌਮ ਸੋਸ਼ਲ ਮੀਡੀਏ ‘ਤੇ ਵੀ ਇਸ ਨੂੰ ਸੋਗ ਵਜੋਂ ਹੀ ਮਨਾਵੇਗੀ। 1984 ਦੌਰਾਨ 8 ਸਾਲ ਦੀ ਉਮਰ ਸੀ ਮੇਰੀ। ਰੂਹਾਨੀ ਸ਼ਾਂਤੀ ਦੇਣ ਵਾਲੇ ਉਸ ਰੱਬ ਦੇ ਘਰ ‘ਚ ਤਬਾਹੀ ਦਾ ਜੋ ਮੰਜ਼ਰ ਅੱਖੀਂ ਦੇਖਿਆ, ਉਹ ਅੱਜ ਤੱਕ ਨਹੀਂ ਭੁੱਲਿਆ। ਉਸ ਬਾਰੇ ਹਰ ਰੋਜ਼ ਕੁਝ ਨਾ ਕੁਝ ਨਵਾਂ ਜਾਨਣ ਨੂੰ ਮਿਲਦਾ ਹੈ ਅਤੇ ਹਮਲਾਵਰ ਬਣਕੇ ਚੜ੍ਹ ਆਈ ਫੌਜ ਦਾ ਮੂੰਹ ਭੰਨਣ ਵਾਲੇ ਯੋਧਿਆਂ ‘ਤੇ ਮਾਣ ਕਰਦਿਆਂ ਸੀਨਾ ਚੌੜਾ ਹੋ ਜਾਂਦਾ ਹੈ। ਸਿੱਖ ਇਤਿਹਾਸ ਦੇ ਇਨ੍ਹਾਂ ਅਮਰ ਸ਼ਹੀਦਾਂ ਨੂੰ ਰਹਿੰਦੀ ਦੁਨੀਆ ਤੱਕ ਸਿੱਖ ਯਾਦ ਕਰਦੇ ਰਹਿਣਗੇ।ਸਾਡਾ ਜੀਵਨ ਭੁੱਲ ਜਾਣ ਵਿਰੁੱਧ ਯਾਦ ਰੱਖਣ ਦੀ ਲੜਾਈ ਹੈ ਤੇ ਅਸੀਂ ਇਹ ਮਰਦੇ ਦਮ ਤੱਕ ਨਹੀਂ ਭੁੱਲਾਂਗੇ ਕਿ ਸਾਡਾ ਬੀਜ ਨਾਸ ਕਰਨ ਦੀ ਜੰਗ ‘ਚ ਕੌਣ ਸਾਡੇ ਨਾਲ ਸੀ ਅਤੇ ਕੌਣ ਸਾਡੇ ਉਲਟ।”ਅਪਰੇਸ਼ਨ ਬਲਿਊ ਸਟਾਰ” ਜਾਂ “ਅਪਰੇਸ਼ਨ ਨੀਲਾ ਤਾਰਾ” ਇਹ ਇਸ ਦਮਨ-ਚੱਕਰ ਦੇ ਸਰਕਾਰੀ ਨਾਮ ਸਨ, ਜਿਸ ਅਧੀਨ ਸ੍ਰੀ ਦਰਬਾਰ ਸਾਹਿਬ ਸਮੇਤ 37 ਹੋਰ ਗੁਰਧਾਮਾਂ ਨੂੰ ਫੌਜੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਜਦਕਿ ਬਾਕੀ 37 ਗੁਰਧਾਮਾਂ ‘ਚ ਸੰਤ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਮੌਜੂਦ ਨਹੀਂ ਸਨ। ਇਹ ਜਵਾਬ ਹੈ ਸਰਕਾਰੀ ਪ੍ਰਾਪੇਗੰਡੇ ‘ਚ ਉਲਝੇ ਜਾਂ ਉਸ ਪ੍ਰਾਪੇਗੰਡੇ ਦਾ ਹਿੱਸਾ ਬਣੇ ਲੋਕਾਂ ਨੂੰ, ਜੋ ਅਕਸਰ ਕਹਿ ਦਿੰਦੇ ਹਨ ਕਿ ਜੇ ਸੰਤ ਅਕਾਲ ਤਖਤ ਸਾਹਿਬ ‘ਤੇ ਨਾ ਰੁਕਦੇ ਤਾਂ ਹਮਲਾ ਨਾ ਹੁੰਦਾ।ਸਿੱਖ ਕੌਮ ਲਈ ਇਹ ਸਾਕਾ ਸੀ, ਘੱਲੂਘਾਰਾ ਸੀ, ਤੀਜਾ ਘੱਲੂਘਾਰਾ ………….ਤੇ ਸਾਕੇ ਜਾਂ ਘੱਲੂਘਾਰੇ ਭੁੱਲਣਯੋਗ ਨਹੀਂ ਹੁੰਦੇ। ਭੁੱਲੋਂਗੇ ਤਾਂ ਦੁਬਾਰਾ ਵਾਪਰਨਗੇ।

Real Estate