ਸਾਲ 2041 ਤੱਕ ਮੁਕਾ ਦੇਵਾਂਗੇ ਪੰਜਾਬ ਵਿੱਚੋਂ ਪਾਣੀ !

1389

ਸਾਲ 2041 ਤੱਕ ਪੰਜਾਬ ਸੂਬਾ ਇੱਕ ਰੇਗਿਸਤਾਨ ਵਿੱਚ ਵੀ ਤਬਦੀਲ ਹੋ ਸਕਦਾ ਹੈ। ਇਹ ਚੇਤਾਵਨੀ ਵੱਖੋ–ਵੱਖਰੀਆਂ ਰਾਸ਼ਟਰੀ ਤੇ ਸੂਬਾ ਪੱਧਰੀ ਏਜੰਸੀਆਂ ਨੇ ਦਿੱਤੀ ਹੈ ਕਿ ਅਗਲੇ 22 ਸਾਲਾਂ ’ਚ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਿਲਕੁਲ ਖ਼ਤਮ ਹੋ ਜਾਵੇਗਾ। ਜੇ ਹੁਣੇ ਤੋਂ ਪਾਣੀ ਸੰਭਾਲਣ ਦੇ ਕੋਈ ਗੰਭੀਰ ਜਤਨ ਨਾ ਕੀਤੇ ਗਏ, ਤਾਂ ਇਹ ਚੇਤਾਵਨੀ ਸੱਚ ਸਾਬਤ ਹੋ ਸਕਦੀ ਹੈ । ਏਜੰਸੀਆਂ ਮੁਤਾਬਕ ਪੰਜਾਬ ਦੇ 79 ਫ਼ੀ ਸਦੀ ਇਲਾਕਿਆਂ ਵਿੱਚ ਧਰਤੀ ਹੇਠਲੇ ਪਾਣੀ ਦੀ ਹੱਦ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ। ਇਸੇ ਲਈ ਇਸ ਪਾਣੀ ਦਾ ਪੱਧਰ ਹਰ ਸਾਲ 1.67 ਫ਼ੁੱਟ ਹੋਰ ਹੇਠਾਂ ਚਲਾ ਜਾਂਦਾ ਹੈ।ਕੇਂਦਰੀ ਭੂ–ਜਲ ਬੋਰਡ ਨੇ ਸਾਲ 2017 ਦੌਰਾਨ ਆਪਣੇ ਇੱਕ ਅਧਿਐਨ ’ਚ ਦੱਸਿਆ ਸੀ ਕਿ ਮੋਹਾਲੀ, ਜਲੰਧਰ, ਫ਼ਤਿਹਗੜ੍ਹ ਸਾਹਿਬ, ਪਟਿਆਲਾ, ਬਠਿੰਡਾ, ਪਠਾਨਕੋਟ, ਬਰਨਾਲਾ, ਹੁਸ਼ਿਆਰਪੁਰ, ਮੋਗਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਪਾਣੀ ਦੇ ਪੱਧਰ ਦੇ ਹਾਲਾਤ ਬਹੁਤ ਖ਼ਰਾਬ ਹਨ ਤੇ ਇਨ੍ਹਾਂ ਖੇਤਰਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਇਸ ਅਧਿਐਨ ਰਿਪੋਰਟ ਮੁਤਾਬਕ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ ਹਰ ਸਾਲ ਇੱਕ ਮੀਟਰ ਤੋਂ ਵੀ ਵੱਧ ਹੇਠਾਂ ਚਲਾ ਜਾਂਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਖੇਤਾਂ ’ਚ ਟਿਊਬਵੈਲ ਲਗਵਾਉਣ ਲਈ 300 ਤੋਂ ਲੈ ਕੇ 400 ਫ਼ੁੱਟ ਤੱਕ ਡੂੰਘੇ ਬੋਰ ਕੀਤੇ ਜਾਂਦੇ ਹਨ, ਤਦ ਜਾ ਕੇ ਕਿਤੇ ਸਿੰਜਾਈ ਲਈ ਪਾਣੀ ਮੁਹੱਈਆ ਹੁੰਦਾ ਹੈ।ਸੂਬੇ ਦੇ ਕੁੱਲ 138 ਬਲਾਕਸ ਵਿੱਚੋਂ 109 ਨੂੰ ਇਸ ਅਧਿਐਨ ਵਿੱਚ ‘ਲੋੜ ਤੋਂ ਵੱਧ ਪਾਣੀ ਵਰਤਣ ਵਾਲੇ ਖੇਤਰ’ ਦੱਸਿਆ ਗਿਆ ਹੈ। ਅਮਰੀਕੀ ਏਜੰਸੀ ‘ਨੈਸ਼ਨਲ ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (NASA) ਨੇ ਵੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਘਟਦੇ ਜਾ ਰਹੇ ਪੱਧਰ ਉੱਤੇ ਚਿੰਤਾ ਪ੍ਰਗਟਾਈ ਹੈ। ਉਸ ਮੁਤਾਬਕ ਇਹ ਪੱਧਰ ਹਰੇਕ ਤਿੰਨ ਸਾਲਾਂ ਦੌਰਾਨ ਇੱਕ ਮੀਟਰ ਹੇਠਾਂ ਚਲਾ ਜਾਂਦਾ ਹੈ।
ਇਕੱਲਾ ਖੇਤੀ ਵਿੱਚ ਹੀ ਪਾਣੀ ਨਹੀਂ ਵਰਤਿਆ ਜਾਂਦਾ ਬਲਕਿ ਘਰਾਂ, ਦਫਤਰਾਂ , ਸਕੂਲ-ਕਾਲਜਾਂ ਵਿੱਚ ਸਾਫ-ਸਫਾਈ ਦੇ ਨਾਮ ਥੱਲੇ ਡੋਲ੍ਹਿਆ ਜਾਣ ਵਾਲਾ ਪਾਣੀ ਵੀ ਧਰਤੀ ਥੱਲੋਂ ਹੀ ਨਿਕਲਦਾ ਹੈ ।

Real Estate