ਜਸਪਾਲ ਕਤਲ ਕਾਂਡ ਵਿਰੁੱਧ 5 ਜੂਨ ਦਾ ਫ਼ਰੀਦਕੋਟ ਰੋਸ ਮਾਰਚ ਸ਼ਮੂਲੀਅਤ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਜ਼ੋਰਦਾਰ ਤਿਆਰੀਆਂ

962

ਬਠਿੰਡਾ (ਬਲਵਿੰਦਰ ਸਿੰਘ ਭੁੱਲਰ )

ਜਸਪਾਲ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਫ਼ਰੀਦਕੋਟ ਦੇ ਸੱਦੇ ’ਤੇ ਸਥਾਨਕ ਐਮ।ਐਲ।ਏ। ਕਿੱਕੀ ਢਿੱਲੋਂ ਦੇ ਘਰ ਤੱਕ 5 ਜੂਨ ਨੂੰ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਜ਼ੋਰਦਾਰ ਤਿਆਰੀਆਂ  ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਥੇਬੰਦੀ ਵੱਲੋਂ ਮਾਲਵੇ ਦੇ ਹਰ ਜ਼ਿਲ੍ਹੇ ’ਚੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਜਥੇਬੰਦੀ ਜਮਹੂਰੀ ਅਧਿਕਾਰ ਸਭਾ ਅਤੇ ਐਕਸ਼ਨ ਕਮੇਟੀ ਦੀਆਂ ਪੜਤਾਲੀਆਂ ਰਿਪੋਰਟਾਂ ਨੂੰ ਦਰੁਸਤ ਮੰਨਦੀ ਹੈ ਕਿ ਪੁਲਿਸ ਦੀ ਹਿਰਾਸਤ ਵਿੱਚ ਜਸਪਾਲ ਸਿੰਘ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸਨੂੰ ਕਤਲ ਕਰਕੇ ਉਸਦੀ ਲਾਸ਼ ਖੁਰਦ-ਬੁਰਦ ਕੀਤੀ ਗਈ ਹੈ। ਸੰਬੰਧਤ ਇਨਸਪੈਕਟਰ ਨਰਿੰਦਰ ਸਿੰਘ ਦੀ ਖੁਦਕੁਸ਼ੀ ਦੀ ਕਹਾਣੀ ਵੀ ਬਿਲਕੁਲ ਸ਼ੱਕੀ ਹੈ, ਜਿਸਨੂੰ ਭੇਤ ਖੁੱਲ੍ਹਣ ਦੇ ਡਰੋਂ ਬਿਲੇ ਲਾਇਆ ਗਿਆ ਹੈ। ਇਸ ਗਹਿਰੀ ਸਾਜ਼ਿਸ਼ ਦੇ ਸਾਰੇ ਦੋਸ਼ੀਆਂ ਨੂੰ ਸਾਹਮਣੇ ਲਿਆ ਕੇ ਸਖ਼ਤ ਸਜ਼ਾਵਾਂ ਦਿਵਾਉਣ ਰਾਹੀਂ ਜਸਪਾਲ ਸਿੰਘ ਦੇ ਵਾਰਸਾਂ ਨੂੰ ਪੂਰਾ ਇਨਸਾਫ਼ ਦਵਾਉਣ ਲਈ ਜੂਝ ਰਹੀ ਐਕਸ਼ਨ ਕਮੇਟੀ ਦਾ ਡਟਵਾਂ ਸਾਥ ਦੇਣ ਦਾ ਫੈਸਲਾ ਜਥੇਬੰਦੀ ਨੇ ਕੀਤਾ ਹੈ। ਪ੍ਰੈਸ ਬਿਆਨ ਦੇ ਅਖੀਰ ਵਿੱਚ ਕਿੱਕੀ ਢਿੱਲੋਂ ਦੀ ਸ਼ਹਿ ਪ੍ਰਾਪਤ ਉਹਨਾਂ ਅਨਸਰਾਂ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ ਜਿਹੜੇ ਐਕਸ਼ਨ ਕਮੇਟੀ ਦੇ ਆਗੂ ਰਜਿੰਦਰ ਸਿੰਘ ਨੂੰ ਧਮਕੀਆਂ ਦੇ ਰਹੇ ਹਨ। ਇਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਵੀ ਬੇਪਰਦ ਕਰਕੇ ਲੋਕ ਕਚਹਿਰੀ ਦੇ ਕਟਹਿਰੇ ’ਚ ਖੜ੍ਹਾਉਣਾ ਮੌਜੂਦਾ ਸਾਂਝੇ ਘੋਲ ਦਾ ਇੱਕ ਕਾਰਜ ਹੈ।

Real Estate