ਕਾਰ ਬੰਬ ਧਮਾਕੇ ‘ਚ 19 ਮੌਤਾਂ

2419

ਸੀਰੀਆ ਵਿਚ ਬਾਗ਼ੀਆਂ ਦੇ ਕੰਟਰੋਲ ਵਾਲੇ ਏਜ਼ਾਜ਼ ਸ਼ਹਿਰ ਵਿਚ ਭੀੜ ਵਾਲੇ ਬਾਜ਼ਾਰ ਅਤੇ ਇਕ ਮਸਜਿਦ ਦੇ ਨੇੜੇ ਕੀਤੇ ਗਏ ਕਾਰ ਬੰਬ ਧਮਾਕੇ ਵਿਚ ਲਗਭਗ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਬਰਤਾਨੀਆ ਦੇ ਸੰਸਥਾ ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਨੇ ਕਿਹਾ ਹੈ ਕਿ ਅਲੇਪੋ ਸੂਬੇ ਵਿਚ ਤੁਰਕੀ ਦੇ ਅਸਰ ਵਾਲੇ ਏਜ਼ਾਜ਼ ਖੇਤਰ ਵਿਤ ਹੋਏ ਇਸ ਹਮਲੇ ਵਿਚ ਚਾਰ ਬੱਚੇ ਵੀ ਮਾਰੇ ਗਏ ਹਨ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਹ ਧਮਾਕਾ ਉਸ ਸਮੇਂ ਹੋਇਆ ਜਦ ਸ਼ਾਮ ਦੀ ਨਮਾਜ਼ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਮਸਜਿਦ ਤੋਂ ਬਾਹਰ ਆ ਰਹੇ ਸਨ। ਇਕ ਅਧਿਕਾਰੀ ਨੇ ਦਸਿਆ ਕਿ ਇਸ ਧਮਾਕੇ ਵਿਚ ਉਹ ਲੋਕ ਵੀ ਜ਼ਖ਼ਮੀ ਹੋਏ ਹਨ ਜੋ ਬਾਜ਼ਾਰ ਵਿਚ ਈਦ ਲਈ ਖ਼ਰੀਦਦਾਰੀ ਕਰ ਰਹੇ ਸਨ। ਹਸਪਤਾਲ ਦੇ ਇਕ ਅਧਿਕਾਰੀ ਨੇ ਦਸਿਆ ਕਿ ਧਮਾਕੇ ਵਿਚ ਮਾਰੇ ਗਏ ਵਿਅਕਤੀਆਂ ਅਤੇ ਜ਼ਖ਼ਮੀਆਂ ਦੇ ਰਿਸ਼ਤੇਦਾਰਾਂ ਨਾਲ ਹਸਪਤਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਐਮਰਜੈਂਸੀ ਕਮਰੇ ਵੀ ਪੂਰੀ ਤਰ੍ਹਾਂ ਭਰੇ ਹੋਏ ਹਨ ਜਿਸ ਕਾਰਨ ਲਾਸ਼ਾਂ ਨੂੰ ਜ਼ਮੀਨ ‘ਤੇ ਰਖਣਾ ਪਿਆ ਹੈ। ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਟ ਟਰੰਪ ਨੇ ਸੀਰੀਆ ਅਤੇ ਰੂਸ ਨੂੰ ਕਿਹਾ ਹੈ ਕਿ ਉਹ ਜੇਹਾਦੀਆਂ ਦੇ ਗੜ੍ਹ ਇਦਲਿਬ ਵਿਚ ਹਮਲੇ ਬੰਦ ਕੀਤੇ ਜਾਣ। ਟਵੀਟ ਕਰ ਕੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਰੂਸ, ਸੀਰੀਆ ਅਤੇ ਕੁੱਝ ਹੱਦ ਤਕ ਈਰਾਨ ਸੀਰੀਆ ਦੇ ਇਦਲਿਬ ਵਿਚ ਲਗਾਤਾਰ ਹਮਲੇ ਕਰ ਕੇ ਨਿਰਦੋਸ਼ ਲੋਕਾਂ ਦੀ ਹਤਿਆ ਕਰ ਰਹੇ ਹਨ। ਸਾਰੀ ਦੁਨੀਆਂ ਇਸ ਕਤਲੇਆਮ ਨੂੰ ਵੇਖ ਰਹੀ ਹੈ। ਇਸ ਹਮਲੇ ਦਾ ਕਾਰਨ ਕੀ ਹੈ ਅਤੇ ਇਸ ਨੂੰ ਕੀ ਮਿਲੇਗਾ? ਇਨ੍ਹਾਂ ਹਮਲਿਆਂ ਨੂੰ ਬੰਦ ਕੀਤਾ ਜਾਵੇ।

Real Estate