26 ਸਾਲਾਂ ਮਗਰੋਂ ਫਿਰ ਟਿੱਡੀ ਦਲ ਦਾ ਖ਼ਤਰਾ: ਸਰਕਾਰ ਸਪਰੇਅ ਕਰਨ ਲਈ ਹਵਾਈ ਫ਼ੌਜ ਦੇ ਜਹਾਜ਼ਾਂ ਦੀ ਲੈ ਸਕਦੀ ਹੈ ਮਦਦ

1615

ਰਾਜਸਥਾਨ ਦੇ ਕਈ ਸਰਹੱਦੀ ਇਲਾਕਿਆਂ ਵਿਚ ਟਿੱਡੀ ਦਲ ਦਾ ਹਮਲਾ ਹੋਣ ਕਰਕੇ ਪੰਜਾਬ ਦੀਆਂ ਖੇਤੀਬਾੜੀ ਨਾਲ ਸਬੰਧਤ ਏਜੰਸੀਆਂ ਅਲਰਟ ’ਤੇ ਹਨ। ਪਾਕਿਸਤਾਨ ਦੇ ਬਲੋਚਿਸਤਾਨ ਤੋਂ ਆ ਰਹੇ ਇਨ੍ਹਾਂ ਟਿੱਡੀਆਂ ਦੇ ਝੁੰਡ ਨੂੰ ਰੋਕਣ ਲਈ ਬੀਐਸਐਫ਼ ਤੇ ਰਾਜਸਥਾਨ ਸਰਕਾਰ ਕਾਰਜ ਯੋਜਨਾ ਬਣਾਉਣ ’ਚ ਲੱਗੀ ਹੈ।ਅਜਿਹਾ 26 ਸਾਲਾਂ ਬਾਅਦ ਹੋਇਆ ਹੈ, ਜਦੋਂ ਇੰਨੀ ਭਾਰੀ ਗਿਣਤੀ ’ਚ ਟਿੱਡੀਆਂ ਦੇ ਝੁੰਡ ਭਾਰਤ ਵਾਲੇ ਪਾਸੇ ਆਏ ਹੋਣ।ਸਰਕਾਰ ਇਨ੍ਹਾਂ ‘ਤੇ ਸਪਰੇਅ ਕਰਨ ਲਈ ਹਵਾਈ ਫ਼ੌਜ ਦੇ ਜਹਾਜ਼ਾਂ ਦੀ ਮਦਦ ਲੈ ਸਕਦੀ ਹੈ। ਸਥਿਤੀ ਨਾਲ ਨਜਿੱਠਣ ਲਈ ਰਾਜਸਥਾਨ ਨਾਲ ਲੱਗਦੀ 1070 ਕਿਲੋਮੀਟਰ ਕੌਮਾਂਤਰੀ ਸਰਹੱਦ ਦੇ ਪਿੰਡਾਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੈਸਲਮੇਰ-ਬਾੜਮੇਰ ਜ਼ਿਲ੍ਹਿਆਂ ’ਚ 26 ਸਾਲ ਪਹਿਲਾਂ 1993 ’ਚ ਸਤੰਬਰ ਤੇ ਅਕਤੂਬਰ ਦਰਮਿਆਨ ਪਾਕਿਸਤਾਨ ਤੋਂ ਆਏ ਟਿੱਡਿਆਂ ਨੇ ਦਹਿਸ਼ਤ ਮਚਾਈ ਸੀ। ਉਸ ਦੌਰਾਨ ਟਿੱਡੀ ਦਲ ਸਾਉਣੀ ਤੇ ਹਾੜ੍ਹੀ ਦੀ ਫ਼ਸਲ ਖਾ ਗਏ ਸਨ।ਉਸ ਸਮੇਂ ਹਵਾਈ ਫ਼ੌਜ ਦੀ ਮਦਦ ਨਾਲ ਜਹਾਜ਼ਾਂ ਤੋਂ ਸਪਰੇਅ ਕਰਵਾਈ ਗਈ ਸੀ। ਇਸ ਵਾਰ ਵੀ ਸੂਬਾ ਸਰਕਾਰ ਨੇ ਇਸ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਦਿਤਾ ਹੈ।ਪੀਏਯੂ ਦੇ ਕੀਟ ਵਿਗਿਆਨ ਵਿਭਾਗ ਨੇ ਚਾਲੂ ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਵਿਸ਼ੇਸ਼ ਤੌਰ ’ਤੇ ਸੁਚੇਤ ਰਹਿਣ ਲਈ ਕੁਝ ਸੁਝਾਅ ਦਿੱਤੇ ਹਨ।
ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ। ਪ੍ਰਦੀਪ ਕੁਮਾਰ ਨੇ ਦੱਸਿਆ ਕਿ ਟਿੱਡੀ ਦਲ, ਅਜਿਹੇ ਕੀਟਾਂ ਦਾ ਵੱਡਾ ਸਮੂਹ ਹੁੰਦਾ ਹੈ ਜੋ ਰੁੱਖਾਂ, ਫ਼ਸਲਾਂ ਅਤੇ ਹਰ ਤਰ੍ਹਾਂ ਦੀ ਬਨਸਪਤੀ ਦਾ ਵਿਨਾਸ਼ ਕਰ ਦਿੰਦਾ ਹੈ। ਇਹ ਕੀਟ ਮੀਂਹ, ਨਮੀ ਵਾਲੀ ਮਿੱਟੀ ਅਤੇ ਹਰਿਆਲੀ ਦੀ ਬਹੁਤਾਤ ਵਰਗੇ ਅਨੁਕੂਲ ਹਾਲਤਾਂ ਵਿੱਚ ਪਲਦਾ ਹੈ । ਭਾਰਤ ਵਿਚ ਟਿੱਡੀ ਦਲ ਦੇ ਹਮਲੇ 1993 ਤੱਕ ਆਖਰੀ ਵਾਰ ਦੇਖੇ ਗਏ। ਫਰੀਦਾਬਾਦ ਸਥਿਤ ਪੌਦ ਸੁਰੱਖਿਆ ਵਿਭਾਗ ਦੇ ਨਿਰਦੇਸ਼ਕ ਨੇ ਹੁਣ ਇਸ ਦੀ ਆਮਦ ਬਾਰੇ ਸੰਕੇਤ ਦਿੰਦਿਆਂ ਭਾਰਤ ਦੇ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿੱਚ ਇਸ ਦੇ ਹਮਲੇ ਦੀ ਪੁਸ਼ਟੀ ਕੀਤੀ ਹੈ। ਮਾਹਿਰਾਂ ਅਨੁਸਾਰ ਟਿੱਡੀ ਦਲ ਜ਼ਿਆਦਾਤਰ ਰਾਤ ਨੂੰ ਇੱਕ ਥਾਂ ਤੋਂ ਦੂਜੀ ਥਾਂ ਵੱਲ ਉਡਦੇ ਹਨ। ਆਉਂਦੇ ਸਮੇਂ ਵਿਚ ਇਸ ਟਿੱਡੀ ਦਲ ਦੇ ਪੰਜਾਬ ਵੱਲ ਵੱਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਹਦਾਇਤ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਇਸ ਕੀੜੇ ਦੇ ਫਸਲਾਂ, ਫਲਦਾਰ ਬੂਟਿਆਂ ਅਤੇ ਹੋਰ ਦਰੱਖਤਾਂ ਉਪਰ ਹਮਲੇ ਸਬੰਧੀ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਟਿੱਡੀ ਦਲ ਫਸਲਾਂ ਨੂੰ ਨੁਕਸਾਨ ਕਰ ਸਕਦਾ ਹੈ ਜਿਸ ਤੋਂ ਬਚਣ ਦੇ ਉਪਰਾਲੇ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਯੂਨੀਵਰਸਿਟੀ ਅਤੇ ਖੇਤੀ ਮਹਿਕਮੇ ਦੇ ਸੰਪਰਕ ’ਚ ਰਹਿਦਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਆਫ਼ਤ ਆਉਣ ’ਤੇ ਰਾਹਤ ਮਿਲ ਸਕੇ।
ਉਨ੍ਹਾਂ ਟਿੱਡੀ ਦਲ ਦੇ ਨਜ਼ਰ ਆਉਣ ’ਤੇ ਪੀਏਯੂ ਦੇ ਮਾਹਿਰਾਂ ਜਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਨੂੰ ਸੂਚਨਾ ਦੇਣ ਲਈ ਕਿਹਾ ਹੈ। ਟਿੱਡੀ ਦਲ ਦੇ ਹਮਲੇ ਦੀ ਰੋਕਥਾਮ ਲਈ ਇਸ ਦੇ ਬੈਠਣ ਦੀਆਂ ਥਾਵਾਂ ਨੂੰ ਨਸ਼ਟ ਕੀਤਾ ਜਾਵੇ ਜਾਂ ਖੇਤ ਦੁਆਲੇ ਖਾਈ ਪੁੱਟੀ ਜਾਵੇ ਤਾਂ ਜੋ ਟਿੱਡੀ ਨੂੰ ਖੇਤ ਵਿੱਚ ਵੜਨੋਂ ਰੋਕਿਆ ਜਾ ਸਕੇ। ਜੇਕਰ ਟਿੱਡੀ ਦਲ ਕਿਸੇ ਝਾੜੀਆਂ ’ਤੇ ਬੈਠਾ ਮਿਲੇ ਤਾਂ ਇਹਨਾਂ ਨੂੰ ਅੱਗ ਨਾਲ ਨਸ਼ਟ ਕੀਤਾ ਜਾਵੇ।

Real Estate