ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਦੇ ਮੈਂਬਰਾਂ ’ਚ ਉੱਭਰੇ ਡੂੰਘੇ ਮਤਭੇਦ

1347

ਸਾਲ 2015 ਦੌਰਾਨ ਪੰਜਾਬ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਪੁਲਿਸ ਗੋਲੀਕਾਂਡ ਦੌਰਾਨ ਹੋਈਆਂ ਮੌਤਾਂ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਇੱਕ ‘ਵਿਸ਼ੇਸ਼ ਜਾਂਚ ਟੀਮ’ ਕਾਇਮ ਕੀਤੀ ਹੋਈ ਹੈ। ਜਿਸ ਦੇ ਇੱਕ ਮੈਂਬਰ ਆਈਜੀਪੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੀਤੇ ਦਿਨੀਂ ਪੇਸ਼ ਕੀਤੇ ਚਲਾਨ ਦੇ ਆਧਾਰ ’ਤੇ ਦੋਸ਼ ਲਾਇਆ ਸੀ ਕਿ ਪੰਜਾਬ ਵਿੱਚ ਚਾਰ ਵਰ੍ਹੇ ਪਹਿਲਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ‘ਦਰਅਸਲ ਉਦੋਂ ਦੇ ਉੱਪ–ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਤਤਕਾਲੀਨ ਡੀਜੀਪੀ ਸੁਮੇਧ ਸੈਣੀ ਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗਿਣੀ–ਮਿੱਥੀ ਯੋਜਨਾ ਕਾਰਨ ਵਾਪਰੀਆਂ ਸਨ।’ਪਰ ਹੁਣ ਇਸੇ ਸਿਟ ਵਿੱਚ ਹੁਣ ਤਰੇੜਾਂ ਦਿਸਣ ਲੱਗ ਪਈਆਂ ਹਨ ਭਾਵ ਮਤਭੇਦ ਉੱਭਰ ਕੇ ਸਾਹਮਣੇ ਆਏ ਹਨ, ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਸਥਿਤੀ ਬੜੀ ਕਸੂਤੀ ਬਣ ਗਈ ਹੈ। ਇਸ ਟੀਮ ਦੇ ਕੁੱਲ ਪੰਜ ਮੈਂਬਰ ਹਨ ਪਰ ਇਸ ਦੇ ਚਾਰ ਮੈਂਬਰ ਇਸ ਮਾਮਲੇ ਵਿੱਚ ਪੇਸ਼ ਕੀਤੇ ਦੋਸ਼–ਪੱਤਰ (ਚਾਰਜਸ਼ੀਟ) ਨਾਲ ਸਹਿਮਤ ਨਹੀਂ ਹਨ। ਇਹ ਚਾਰਜਸ਼ੀਟ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ ਤੇ ਸਿਟ ਵੱਲੋਂ ਹੁਣ ਤੱਕ ਉਹੀ ਬਿਆਨ ਦਿੰਦੇ ਆ ਰਹੇ ਹਨ। ਇਸ ਟੀਮ ਦੇ ਮੁਖੀ ਏਡੀਜੀਪੀ ਪਰਬੋਧ ਕੁਮਾਰ ਹਨ। ਉਨ੍ਹਾਂ ਹੁਣ ਡੀਜੀਪੀ ਨੂੰ ਇੱਕ ਚਿੱਠੀ ਲਿਖ ਕੇ ਦਾਅਵਾ ਕੀਤਾ ਹੈ ਕਿ ਫ਼ਰੀਦਕੋਟ ਦੀ ਅਦਾਲਤ ਵਿੱਚ ਬੀਤੀ 26 ਮਈ ਨੂੰ 200 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਇਜਾਜ਼ਤ ਨਹੀਂ ਲਈ ਗਈ।ਸ੍ਰੀ ਪਰਬੋਧ ਕੁਮਾਰ ਤੇ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਇਲਾਵਾ ਆਈਜੀ (ਕ੍ਰਾਈਮ) ਅਰੁਣ ਪਾਲ ਸਿੰਘ, ਐੱਸਐੱਸਪੀ ਕਪੂਰਥਲਾ ਸਤਿੰਦਰ ਸਿੰਘ ਅਤੇ ਏਡੀਸੀਪੀ ਅੰਮ੍ਰਿਤਸਰ ਭੁਪਿੰਦਰ ਸਿੰਘ ਵੀ ਇਸ ਸਿਟ ਦੇ ਮੈਂਬਰ ਹਨ।
ਇਨ੍ਹਾਂ ਮੈਂਬਰਾਂ ਨੇ ਡੀਜੀਪੀ ਨੂੰ ਇੱਕ ਚਿੱਠੀ ਲਿਖ ਕੇ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੰਮ ਕਰਨ ਦੀ ਸ਼ੈਲੀ ਉੱਤੇ ਗੰਭੀਰ ਇਤਰਾਜ਼ ਪ੍ਰਗਟਾਏ ਹਨ। ਇਸ ਚਾਰਜਸ਼ੀਟ ਉੱਤੇ ਸ੍ਰੀ ਕੁੰਵਰ ਦੇ ਹੀ ਹਸਤਾਖਰ ਹਨ, ਜੋ ਉਨ੍ਹਾਂ ਬੀਤੀ 23 ਮਈ ਨੂੰ ਕੀਤੇ ਸਨ। ਮੈਂਬਰਾਂ ਨੇ ਲਿਖਿਆ ਹੈ ਕਿ ਉਸ ਚਾਰਜਸ਼ੀਟ ਬਾਰੇ ਜੋ ਵੀ ਫ਼ੈਸਲਾ ਹੋਵੇਗਾ, ਉਸ ਲਈ ਸਿਰਫ਼ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਜ਼ਿੰਮੇਵਾਰ ਹੋਣਗੇ।
ਹਿੰਦੁਸਤਾਨ ਟਾਈਮਜ਼

Real Estate