ਡਾਇਮੰਡ ਜੁਬਲੀ: ਫੀਜ਼ੀ ‘ਚ ਖਾਲਸਾ ਸਕੂਲ ਦੇ ਸ਼ਾਨਦਾਰ 60 ਸਾਲ

1282

ਸ੍ਰੀ ਗੁਰੂ ਨਾਨਕ ਖਾਲਸਾ ਸਕੂਲ ਅਤੇ ਕਾਲਜ ਬਾਅ (ਫੀਜ਼ੀ) ਵਿਖੇ 15 ਜੂਨ ਨੂੰ ਹੋਏਗਾ ਸ਼ਾਨਦਾਰ ਸਮਾਰੋਹ

ਆਕਲੈਂਡ 31 ਮਈ (ਹਰਜਿੰਦਰ ਸਿੰਘ ਬਸਿਆਲਾ)-ਬੜੇ ਮਾਣ ਨਾਲ ਇਹ ਕਹਿ ਕੇ ਫ਼ਖਰ ਮਹਿਸੂਸ ਕਰ ਲਿਆ ਜਾਂਦਾ ਹੈ ਕਿ ਪੰਜਾਬੀ ਜਿੱਥੇ ਵੀ ਗਏ ਆਪਣੀ ਮਿਹਨਤ, ਅਕਲ, ਸੰਜਮ, ਸਹਿਣਸ਼ੀਲਤਾ, ਦੂਰ ਅੰਦੇਸ਼ੀ ਅਤੇ ਵਿਰਸੇ ਦੇ ਵਿਚ ਮਿਲੀ ਧਾਰਮਿਕ ਅਤੇ ਸਮਾਜਿਕ ਗੁੜਤੀ ਦੇ ਨਾਲ ਕਾਮਯਾਬੀ ਦੇ ਝੰਡੇ ਗੱਡਦੇ ਗਏ। ਵਿਦੇਸ਼ਾਂ ਦੇ ਵਿਚ ਉਚ ਪੜ੍ਹਾਈ ਤੇ ਸਿਖਲਾਈ ਦੇ ਨਾਲ-ਨਾਲ ਰੋਜ਼ੀ ਰੋਟੀ ਦੇ ਲਈ ਹਰ ਕੋਈ ਜਾਨ-ਤੋੜ ਮੁਸ਼ੱਕਤ ਕਰਦਾ ਹੈ ਤੇ ਪਰਿਵਾਰ ਪਾਲਦਾ ਹੈ ਪਰ ਇਸਦੇ ਨਾਲ-ਨਾਲ ਜੇਕਰ ਆਪਣੀ ਨਵੀਂ ਪੀੜ੍ਹੀ ਦੇ ਲਈ ਵੀ ਕੋਈ ਅਜਿਹਾ ਅਦਾਰਾ ਸਥਾਪਿਤ ਕਰ ਜਾਂਦਾ ਹੈ ਤਾਂ ਉਨ੍ਹਾਂ ਸਖਸ਼ੀਅਤਾਂ ਨੂੰ ਇਤਿਹਾਸ ਦੇ ਸੁਨਿਹਰੇ ਪੰਨਿਆ ਉਤੇ ਉਕਰਿਆ ਜਾਂਦਾ ਹੈ। ਗੱਲ ਕਰਦੇ ਹਾਂ ਫੀਜ਼ੀ ਦੇ ਵਿਚ ਸਥਾਪਿਤ ਸ੍ਰੀ ਗੁਰੂ ਨਾਨਕ ਖਾਲਸਾ ਸਕੂਲ ਅਤੇ ਕਾਲਜ ਦੀ ਸਥਾਪਨਾ ਦੀ। ਏਸ਼ੀਆ ਤੋਂ ਬਾਹਰ ਸ਼ਾਇਦ ਇਹ ਦੁਨੀਆ ਦਾ ਪਹਿਲਾ ਖਾਲਸਾ ਸਕੂਲ ਹੋਵੇਗਾ।
1953 ਦੇ ਵਿਚ ਇਥੇ ਇਕ ਭਾਰਤੀ ਸਕੂਲ ਦੇ ਵਿਚ ਅਧਿਆਪਕ ਦੀ ਨੌਕਰੀ ਕਰਨ ਆਏ ਸ। ਇੰਦਰਜੀਤ ਸਿੰਘ ਵਾਲੀਆ ਨੇ ਖਾਲਸਾ ਸਕੂਲ ਦੀ ਸਥਾਪਨਾ ਦੀ ਸ਼ੁਰੂ ਹੋਈ ਵਿਚਾਰ-ਚਰਚਾ ਦੇ ਵਿਚ ਅਹਿਮ ਰੋਲ ਅਦਾ ਕੀਤਾ। ਗੱਲ ਅੱਗੇ ਤੁਰਦੀ ਗਈ ਅਤੇ 1955 ਦੇ ਵਿਚ ਸ੍ਰੀ ਗੁਰੂ ਨਾਨਕ ਖਾਲਸਾ ਸਕੂਲ ਕਮੇਟੀ ਦਾ ਗਠਨ ਹੋਇਆ ਅਤੇ ਸ। ਵਾਲੀਆ ਸਰਬ ਸੰਮਤੀ ਦੇ ਨਾਲ ਪ੍ਰਧਾਨ ਚੁਣੇ ਗਏ। ਉਸ ਸਮੇਂ ਫੀਜ਼ੀ ਵਸਦੇ ਲਗਪਗ 4000 ਸਿੱਖਾਂ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਉਤਸ਼ਾਹ ਉਤਪੰਨ ਹੋਇਆ। ਕਮੇਟੀ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੈਂਬਰ ਲਏ। 1800 ਪੌਂਡ ਖਰਚ ਕੇ ਕਮੇਟੀ ਨੇ 4 ਏਕੜ ਜ਼ਮੀਨ ‘ਬਾ’ ਨਗਰ (ਨਾਡੀ ਸ਼ਹਿਰ ਤੋਂ 62 ਕਿਲੋਮੀਟਰ ਦੂਰ) ਖਰੀਦ ਲਈ। ਉਸ ਸਮੇਂ ਇਹ ਜ਼ਮੀਨ ਵੀ ਕਾਫੀ ਨਹੀਂ ਸੀ ਲੱਗ ਰਹੀ ਅਤੇ ਕਮੇਟੀ ਨੇ ਫੈਸਲਾ ਕੀਤਾ ਕਿ ਬਿਲਡਿੰਗ ਬਨਾਉਣਾ ਅਜੇ ਠੀਕ ਨਹੀਂ। ਇਸ ਦੌਰਾਨ ਇਕ ਭਾਗਸ਼ਾਲੀ ਸਮਾਂ ਬਣਿਆ ਕਿ ਲਾਗੇ ਹੀ ਇਕ ਇਕ ਮੈਥੋਡਿਸਟ ਚਰਚ ਜੋ ਇਕ ਪ੍ਰਾਇਮਰੀ ਸਕੂਲ ਚਲਾਉਂਦਾ ਸੀ, ਨੇ ਇਕ ਕਮੇਟੀ ਨੂੰ ਪੇਸ਼ਕਸ਼ ਕੀਤੀ ਕਿ ਜੇਕਰ ਉਹ ਵਿੱਤੀ ਗਾਰੰਟੀ ਲੈਂਦੇ ਹਨ ਤਾਂ ਸਕੂਲ ਉਨ੍ਹਾਂ ਨੂੰ ਸੌਂਪ ਦਿੱਤਾ ਜਾਵੇਗਾ। 11 ਫਰਵਰੀ 1958 ਨੂੰ ਉਹ ਸਕੂਲ ਸ੍ਰੀ ਗੁਰੂ ਨਾਨਕ ਖਾਲਸਾ ਸਕੂਲ ਕਮੇਟੀ ਦੇ ਸਪੁਰਦ ਹੋ ਗਿਆ। ਇਸਦੇ ਨਾਲ ਹੀ ‘ਵਾਇਲਾਈਲਾਈ ਹਾਈਟਸ’ ਵਾਲੀ ਥਾਂ ਦੀ ਲੀਜ਼ ਵੀ ਨਾਲ ਹੀ ਮਿਲ ਗਈ ਜਿੱਥੇ ਕਿ ਨਵਾਂ ਸਕੂਲ ਬਨਾਉਣ ਦਾ ਪ੍ਰਾਜੈਕਟ ਸੀ। ਇਸ ਆਦਾਨ-ਪ੍ਰਦਾਨ ਵੇਲੇ ਸਮਾਗਮ ਵੀ ਹੋਇਆ ਅਤੇ ਸਰਕਾਰੀ ਅਫਸਰ ਵੀ ਪਹੁੰਚੇ। ਇਸ ਤੋਂ ਬਾਅਦ ਖਾਲਸਾ ਕਮੇਟੀ ਨੇ ਰਫਤਰਾ ਫ਼ੜ ਲਈ, ਨਵਾਂ ਪਲੈਨ ਤਿਆਰ ਕੀਤਾ ਅਤੇ ਖਾਲਸਾ ਪ੍ਰਾਇਮਰੀ ਸਕੂਲ ਦਾ ਨੀਂਹ ਪੱਥਰ 4 ਜੂਨ 1958 ਨੂੰ ਰੱਖ ਦਿੱਤਾ। 8 ਮਹੀਨਿਆਂ ਦੇ ਵਿਚ ਚਾਰ ਕਲਾਸ ਰੂਮ 5500 ਪੌਂਡ ਦੀ ਲਾਗਤ ਨਾਲ ਤਿਆਰ ਹੋ ਗਏ। 2 ਫਰਵਰੀ 1959 ਨੂੰ ਖਾਲਸਾ ਸਕੂਲ ਦਾ ਉਦਘਾਟਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਠ ਪਾਠ ਕਰਵਾਉਣ ਉਪਰੰਤ ਕੀਤਾ ਗਿਆ। ਚਾਰ ਹੋਰ ਕਮਰੇ ਤਿਆਰ ਕਰਵਾਏ ਗਏ, ਖੇਡ ਮੈਦਾਨ ਸਵਾਰਿਆ ਗਿਆ। ਮੈਥੋਜਿਸਟ ਮਿਸ਼ਨ ਸਕੂਲ ਦਾ ਹੈਡਮਾਸਟਰ ਅਤੇ 7 ਹੋਰ ਅਧਿਆਪਕ ਇਸ ਸਕੂਲ ਦੇ ਵਿਚ ਲਗਾਤਾਰ ਪੜ੍ਹਾਉਂਦੇ ਰਹੇ। ਇਸੇ ਸਾਲ ਸਕੂਲ ਦੇ ਵਿਚ ਪੰਬਾਬੀ ਮਾਂ ਬੋਲੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ। 1960 ਦੇ ਵਿਚ ਸ। ਪ੍ਰੀਤਮ ਸਿੰਘ ਨੇ ਹੈਡਮਾਸਟਰ ਵਜੋਂ ਅਹੁਦਾ ਸੰਭਾਲਿਆ। ਇਨ੍ਹਾਂ ਨੂੱ ਸਿਖਿਆ ਵਿਭਾਗ ਨੂੰ ਬੇਨਤੀ ਕਰਕੇ ਦੂਸਰੇ ਸਕੂਲ ਤੋਂ ਇਥੇ ਵਿਸ਼ੇਸ਼ ਤੌਰ ਤੇ ਤਬਦੀਲ ਕਰਵਾਇਆ ਗਿਆ। ਸੈਕੰਡਰੀ ਸਕੂਲ ਦੀਆਂ ਕਲਾਸਾਂ ਵਾਸਤੇ ਅਗਸਤ 1960 ਦੇ ਵਿਚ ਹੋਰ ਕਮਰੇ ਬਣਾਏ ਗਏ। 1965 ਦੇ ਵਿਚ ਇੰਡੀਆ ਤੋਂ ਆਏ ਇਕ ਗ੍ਰੰਥੀ ਸਿੰਘ ਦੇ ਕਹੇ ਸ਼ਬਦਾਂ ਨੂੰ ਲੈ ਕੇ ਕਾਫੀ ਰੌਲਾ ਪਿਆ ਜਿਸ ਦੇ ਨਾਲ ਸਕੂਲ ਦੀ ਰਫਤਰਾ ਮੱਠੀ ਪਈ ਪਰ ਫਿਰ 1967 ਦੇ ਵਿਚ ਸਿਖਿਆ ਵਿਭਾਗ ਨੇ ਇਸ ਸਕੂਲ ਨੂੰ ਸਹਾਇਤਾ ਦੇਣ ਲਈ ਮਾਨਤਾ ਪ੍ਰਾਪਤ ਕਰ ਦਿੱਤਾ। 1970 ਤੋਂ 74 ਤੱਕ ਫਿਰ ਬਿਲਡਿੰਗ ਦਾ ਕੰਮ ਚੱਲਿਆ। ਇਸ ਤੋਂ ਬਾਅਦ ਸਕੂਲ ਦਾ ਕਾਲਜ ਦਾ ਸਫਰ ਬੜੇ ਔਖੇ-ਸੌਖੇ ਦੌਰਾਂ ਵਿਚੋਂ ਲੰਘਿਆ। ਮੌਜੂਦਾ ਸਮੇਂ ਦੇ ਵਿਚ ਖਾਲਸਾ ਸਕੂਲ ਦਾ ਫੀਜ਼ੀ ਦੇ ਵਿਚ ਇਕ ਵਿਲੱਖਣ ਥਾਂ ਹੈ। ਇਸ ਵੇਲੇ 10 ਮੈਂਬਰੀ ਮੈਨੇਜਮੈਂਟ ਕਮੇਟੀ ਹੈ ਅਤੇ ਵੱਡੀ ਗਿਣਤੀ ਦੇ ਵਿਚ ਸਟਾਫ ਹੈ। ਇੰਗਲਿਸ਼, ਹਿੰਦੀ, ਫੀਜ਼ੀ ਅਤੇ ਪੰਜਾਬੀ ਭਾਸ਼ਾ ਦੇ ਨਾਲ-ਨਾਲ ਇਥੇ ਧਾਰਮਿਕ ਸਿੱਖਿਆ ਵੀ ਮਿਲਦੀ ਹੈ। 180 ਦੇ ਕਰੀਬ ਪ੍ਰਾਇਮਰੀ ਸਕੂਲ ਦੇ ਵਿਚ ਬੱਚੇ ਪੜ੍ਹਦੇ ਹਨ ਅਤੇ ਕਾਲਜ ਦੇ ਵਿਚ ਵੀ 400 ਦੇ ਕਰੀਬ ਹੈ। ਟ੍ਰਸਟੀਆਂ ਵਿਚ ਸ਼ਾਮਿਲ ਹਨ ਸ। ਧਰਮ ਸਿੰਘ, ਸ। ਪਿਆਰਾ ਸਿੰਘ ਪਿੰਡ ਮੰਡੀ (ਅੱਪਰਾ), ਸ। ਹਰਦੇਵ ਸਿੰਘ ਭਰੋਲੀ ਅਤੇ ਰਸ਼ਮੀਰ ਸਿੰਘ ਪਿੰਡ ਮੰਡੀ (ਅੱਪਰਾ) ਤੋਂ ਹਨ। ਕਾਲਜ ਦੇ ਪ੍ਰਧਾਨ ਸ। ਪ੍ਰੇਮ ਸਿੰਘ ਪਿੰਡ ਰਸੂਲਪੁਰ (ਬੰਗਾ), ਮਲਕੀਤ ਸਿੰਘ ਮੀਤ ਪ੍ਰਧਾਨ, ਸ। ਗੁਰਭਜਨ ਸਿੰਘ ਸਕੱਤਰ ਪਿੰਡ ਟਾਹਲੀ (ਨਕੋਦਰ), ਮੈਨਜੇਰ ਸ। ਦਲਾਬਰ ਸਿੰਘ ਪਿੰਡ ਮੀਰ ਪੁਰ ਲੱਖਾ, ਮੈਂਬਰ ਸ। ਰਜਿੰਦਰ ਸਿੰਘ, ਬੇਅੰਤ ਸਿੰਘ ਪਿੰਡ ਮੁਟੱਠਾ (ਨੇੜੇ ਗੁਰਾਇਆਂ), ਕੇਸ਼ਵ ਸਿੰਘ, ਹਰਮਿੰਦਰਾ ਸਿੰਘ, ਸ। ਮਨਜੀਤ ਸਿੰਘ ਮੀਰਪੁਰ ਲੱਖਾ ਅਤੇ ਗੁਰਦੇਵ ਸਿੰਘ ਚਾਹਲ ਸਾਰੇ ਤਨ-ਮਨ-ਧਨ ਨਾਲ ਸੇਵਾ ਦੇ ਵਿਚ ਲੱਗੇ ਰਹਿੰਦੇ ਹਨ।। ਖਾਲਸਾ ਕਾਲਜ ਦੇ ਪ੍ਰਿੰਸੀਪਲ ਸੰਜੇਸ਼ ਚੰਦਰਾ ਹਨ। ਖਾਲਸਾ ਕਾਲਜ ਦੇ ਵਿਚ ਛੋਟਾ ਗੁਰਦੁਆਰਾ ਸਾਹਿਬ ਵੀ ਸਥਾਪਿਤ ਹੈ ਅਤੇ ਇਥੇ ਭਾਈ ਹਰਭਜਨ ਸਿੰਘ ਪੂੰਨੀਆ (ਬੰਗਾ) ਗ੍ਰੰਥੀ ਸਿੰਘ ਦੀ ਸੇਵਾ ਦੇ ਨਾਲ-ਨਾਲ ਧਾਰਮਿਕ ਸਿਖਿਆ ਦਿੰਦੇ ਹਨ। ਇਥੇ ਕਥਾ-ਕੀਰਤਨ ਸਮਾਗਮ ਵੀ ਹੁੰਦੇ ਹਨ।

15 ਜੂਨ ਹੈ ਡਾਇਮੰਡ ਜੁਬਲੀ ਸਮਾਰੋਹ
15 ਜੂਨ ਨੂੰ ਸ੍ਰੀ ਗੁਰੂ ਨਾਨਕ ਖਾਲਸਾ ਸਕੂਲ ਅਤੇ ਕਾਲਜ ਆਪਣੇ 60 ਸਾਲਾਂ ਦੇ ਸਫਰ ਨੂੰ ਡਾਇਮੰਡ ਜੁਬਲੀ ਦੇ ਵਿਚ ਮਨਾ ਰਿਹਾ ਹੈ। ਇਸ ਮੌਕੇ ਜਿੱਥੇ ਵਿਸ਼ੇਸ਼ ਸਮਾਰੋਹ ਸ਼ਾਮ 7 ਵਜੇ ਹੋਵੇਗਾ ਉਥੇ ਸਕੂਲ ਦੇ ਵਿਚ ਵੀ ਇਕ ਵਿਸ਼ੇਸ਼ ਸਮਾਰੋਹ 14 ਜੂਨ ਨੂੰ ਕੀਤਾ ਜਾ ਰਿਹਾ ਹੈ। 15 ਜੂਨ ਨੂੰ ਨਿਊਜ਼ੀਲੈਂਡ ਤੋਂ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਪਹੁੰਚ ਰਹੀਆਂ ਹਨ। ਸ। ਹਰਨਾਮ ਸਿੰਘ ਗੋਲੀਅਨ (ਪਿੰਡ ਕਾਹਲੋਂ ਨਵਾਂਸ਼ਹਿਰ) ਜੋ ਕਿ ਅੱਜਕਲ੍ਹ ਨਿਊਜ਼ੀਲੈਂਡ ਰਹਿੰਦੇ ਹਨ ਮੁੱਖ ਮਹਿਮਾਨ ਦੇ ਤੌਰ ‘ਤੇ ਜਾ ਰਹੇ ਹਨ। ਸ। ਗੋਲੀਅਨ ਸੰਨ 1982 ਤੋਂ 1987 ਤੱਕ ਸੀਨੇਟਰ ਰਹੇ ਅਤੇ 1992 ਦੇ ਵਿਚ ਉਥੇ ਚੋਣ ਜਿੱਤ ਕੇ ‘ਹਾਊਸ ਆਫ ਰੀਪ੍ਰੈਜੇਂਟੇਟਿਵ’ (ਸਾਂਸਦ) ਬਣੇ ਸਨ ਤੇ 1999 ਤੱਕ ਇਹ ਸੇਵਾ ਕਰਦੇ ਰਹੇ, ਉਹੇ ਖਾਲਸਾ ਸਕੂਲ ਦੇ ਮੋਢੀ ਪ੍ਰਬੰਧਕਾਂ ਵਿਚ ਰਹੇ ਹਨ। ਉਹ ਸਕੂਲ ਦੇ ਔਡੀਟਰ, ਸਕੱਤਰ ਅਤੇ ਮੀਤ ਪ੍ਰਧਾਨ ਵੀ ਰਹੇ ਹਨ। ਇਸ ਡਾਇਮੰਡ ਜੁਬਲੀ ਸਮਾਰੋਹ ਦੇ ਵਿਚ ਜਿੱਥੇ ਆਏ ਮਹਿਮਾਨ ਆਪਣੇ ਵਿਚਾਰ ਰੱਖਣਗੇ ਉਥੇ ਪੰਜਾਬੀ ਨ੍ਰਿਤ ਗਿੱਧਾ ਤੇ ਭੰਗੜਾ ਫੀਜ਼ੀ ਨ੍ਰਿਤ ਮੇਕੇ ਅਤੇ ਹੋਰ ਸਭਿਆਚਾਰਕ ਵੰਨਗੀਆਂ ਵੀ ਹੋਣਗੀਆਂ।

Real Estate