ਬੁੱਧੀਜੀਵੀਆਂ ਦੀ ਬੁੱਧੀ ਮੋਦੀ ਦੀ ਜਿੱਤ ਤੋਂ ਕਿਉਂ ਬੇਖ਼ਬਰ ਰਹੀ

1210

ਬੀਬੀਸੀ

ਖੁਦ ਨੂੰ ਤਰਕਸ਼ੀਲ, ਪੜ੍ਹਿਆ-ਲਿਖਿਆ ਅਤੇ ਸਮਝਦਾਰ ਮੰਨਣ ਵਾਲੇ ਪੱਤਰਕਾਰਾਂ-ਟਿੱਪਣੀਕਾਰਾਂ ਅਤੇ ਬੁੱਧੀਜੀਵੀਆਂ ਨੂੰ ਨਰਿੰਦਰ ਮੋਦੀ ਦੀ ਜਿੱਤ ਨੇ ਸਦਮੇ ਵਿੱਚ ਪਾ ਦਿੱਤਾ ਹੈ।ਮੋਦੀ ਨੂੰ ਮਿਲੀ ਇਸ ਦੂਜੀ ਜਿੱਤ ਬਾਰੇ ਉਹ ਚੋਣ ਨਤੀਜਿਆਂ ਦੇ ਆਉਣ ਤੋਂ ਪਹਿਲਾਂ ਬਿਲਕੁੱਲ ਅਣਜਾਣ ਸਨ।ਸਿਆਸਤ ਨਿਸ਼ਚਿਤ ਨੂੰ ਅਨਿਸ਼ਚਿਤ ਬਣਾਉਣ ਦਾ ਖੇਡ ਹੈ, ਮੋਦੀ-ਸ਼ਾਹ ਦੀ ਜੋੜੀ ਨੇ ਇਹ ਕਾਰਨਾਮਾ ਕਰ ਦਿਖਾਇਆ ਹੈ।ਲਿਬਰਲ, ਖੱਬੇਪੱਖੀ ਜਾਂ ਸੈਕੁਲਰ ਧਾਰਾ ਦੇ ਪੱਤਰਕਾਰ ਸਹੀ ਭਵਿੱਖਬਾਣੀ ਕਰਨ ਵਿੱਚ ਆਪਣੀ ਨਾਕਾਮੀ ਨੂੰ ਲੈ ਕੇ ਸਦਮੇ ਵਿੱਚ ਹਨ, ਜਿਵੇਂ ਅਜਿਹਾ ਪਹਿਲੀ ਵਾਰ ਹੋਇਆ ਹੈ।ਪਰ ਇਹ ਸੱਚ ਨਹੀਂ ਹੈ। 2004 ਦੇ ਇੰਡੀਆ ਸ਼ਾਈਨਿੰਗ ਵਾਲੀਆਂ ਚੋਣਾਂ ਵਿੱਚ ਵੀ ਉਨ੍ਹਾਂ ਨਤੀਜਿਆਂ ਬਾਰੇ ਕੋਈ ਅਨੁਮਾਨ ਨਹੀਂ ਸੀ ਅਤੇ ਹੋਰ ਵੀ ਕਈ ਮਿਸਾਲਾਂ ਹਨ।ਮੋਦੀ ਅਤੇ ਉਨ੍ਹਾਂ ਦੇ ਸਾਥੀ ਜਿਸ ਤਰੀਕੇ ਨਾਲ ‘ਖ਼ਾਨ ਮਾਰਕਿਟ ਗੈਂਗ’ ਜਾਂ ‘ਲੁਟਿਅੰਸ ਇਟੇਲੈਕਚੁਅਲਸ’ ਕਹਿੰਦੇ ਹਨ, ਉਹ ਤਬਕਾ ਜ਼ਰੂਰ ਸੋਚ ਰਿਹਾ ਹੋਵੇਗਾ ਕਿ ਉਨ੍ਹਾਂ ਵਿੱਚ ‘ਰਾਅ ਵਿਸਡਮ’ ਦੀ ਕਿੰਨੀ ਕਮੀ ਹੈ।ਜਿੱਤੇ ਹੋਏ ਮੋਦੀ ਨੇ ਮੁੜ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ, ਕਾਸ਼ੀ ਵਿਸ਼ਵਨਾਥ ਮੰਦਿਰ ਵਿੱਚ ਪੂਜਾ ਕਰਨ ਤੋਂ ਬਾਅਦ ਇਸ ਰਾਜ਼ ਤੋਂ ਪਰਦਾ ਚੁੱਕਿਆ ਹੈ ਕਿ ਲਿਬਰਲ ਸਿਆਸੀ ਮਾਹਿਰ ਕਿਉਂ ਨਾਕਾਮ ਹੋਏ।ਵਿਜੇਤਾ ਮੋਦੀ ਨੇ ਕਿਹਾ, “ਚੋਣ ਨਤੀਜੇ ਇੱਕ ਹਿਸਾਬ ਦਾ ਵਿਸ਼ਾ ਹੈ। ਪਿਛਲੀਆਂ ਚੋਣਾਂ ਇਨ੍ਹਾਂ ਹਿਸਾਬ ਦੇ ਨਾਲ ਹੀ ਚੱਲੀਆਂ ਹੋਣਗੀਆਂ। ਪਰ 2014 ਦੀਆਂ ਚੋਣਾਂ, 2017 (ਯੂਪੀ ਵਿਧਾਨਸਭਾ) ਦੀਆਂ, ਜਾਂ ਫਿਰ 2019 ਦੀਆਂ ਚੋਣਾਂ ਨਹੀਂ।”
“ਇਸ ਦੇਸ ਦੇ ਸਿਆਸੀ ਮਾਹਿਰਾਂ ਨੂੰ ਮੰਨਣਾ ਹੋਵੇਗਾ ਕਿ ਅੰਕਾਂ ਦੇ ਹਿਸਾਬ ਤੋਂ ਉੱਤੇ ਕੈਮਿਸਟਰੀ ਹੁੰਦੀ ਹੈ। ਸਮਾਜ ਸ਼ਕਤੀ ਦੀ ਕੈਮਿਸਟਰੀ, ਸੰਕਲਪ ਸ਼ਕਤੀ ਦੀ ਕੈਮਿਸਟਰੀ ਕਈ ਵਾਰ ਅੰਕਾਂ ਦੇ ਹਿਸਾਬ ਨੂੰ ਵੀ ਮਾਤ ਦਿੰਦੀ ਹੈ।”ਹਾਰਵਰਡ ਬਨਾਮ ਹਾਰਡਵਰਕ ਵਾਲੀ ਆਪਣੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਨਰਿੰਦਰ ਮੋਦੀ ਨੇ ਹਾਰਵਰਡ ਵਾਲਿਆਂ ਦੇ ਜਲੇ ‘ਤੇ ਲੂਣ ਛਿੜਦੇ ਹੋਏ ਕਿਹਾ, “ਤਿੰਨ-ਤਿੰਨ ਚੋਣਾਂ ਤੋਂ ਬਾਅਦ ਸਿਆਸੀ ਪੰਡਿਤ ਨਹੀਂ ਸਮਝੇ, ਤਾਂ ਇਸ ਦਾ ਇਹੀ ਮਤਲਬ ਹੈ ਕਿ ਉਨ੍ਹਾਂ ਦੀ ਸੋਚ ਵੀਹਵੀਂ ਸਦੀ ਵਾਲੀ ਹੈ ਜੋ ਹੁਣ ਕਿਸੇ ਕੰਮ ਦੀ ਨਹੀਂ ਹੈ।””ਜਿਨ੍ਹਾਂ ਲੋਕਾਂ ਦੀ ਸੀਵੀ 50 ਪੰਨਿਆਂ ਦੀ ਹੋਵੇਗੀ, ਇੰਨਾ ਪੜ੍ਹੇ-ਲਿਖੇ ਹੋਣਗੇ, ਇੰਨੀਆਂ ਡਿਗਰੀਆਂ ਹੋਣਗੀਆਂ, ਇੰਨੇ ਪੇਪਰ ਲਿਖੇ ਹੋਣ, ਉਨ੍ਹਾਂ ਤੋਂ ਸਮਝਦਾਰ ਤਾਂ ਜ਼ਮੀਨ ਨਾਲ ਜੁੜਿਆ ਹੋਇਆ ਗਰੀਬ ਆਦਮੀ ਹੋਵੇਗਾ।”‘ਜੋ ਜਿੱਤਿਆ ਉਹੀ ਸਿਕੰਦਰ’, ‘ਮਾਰੇ ਸੋ ਮੀਰ’ ਤੇ ‘ਵਿਜੇਤਾ ਹੀ ਇਤਿਹਾਸ ਲਿਖਦਾ ਹੈ’।।।।ਅਜਿਹੇ ਮੁਹਾਵਰੇ ਅਸੀਂ ਸਾਰੇ ਜਾਣਦੇ ਹਾਂ। ਮੋਦੀ ਇੱਕ ਅਜੇ ਨੇਤਾ ਵਾਂਗ ਹੀ ਗੱਲ ਕਰ ਰਹੇ ਹਨ, ਤਰਕਸ਼ੀਲ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਉਹ ਭਾਵਨਾਵਾਂ ਦੀ ਸਿਆਸਤ ਨਾਲ ਫਿਲਹਾਲ ਮਾਤ ਦੇ ਚੁੱਕੇ ਹਨ।ਇਹ ਵੱਖ ਗੱਲ ਹੈ ਕਿ ਉਨ੍ਹਾਂ ਨੇ ਆਪਣੀ ਥਿਓਰੀ ਨੂੰ ਸਹੀ ਸਾਬਿਤ ਕਰਨ ਲਈ ਯੂਪੀ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਤਾਂ ਕੀਤਾ ਪਰ ਦਿੱਲੀ ਅਤੇ ਬਿਹਾਰ ਦੀ ਹਾਰ ਨੂੰ ਸਫ਼ਾਈ ਨਾਲ ਗੋਲ ਕਰ ਦਿੱਤਾ।

ਪਿਛਲੀਆਂ ਚੋਣਾਂ ਦੇ ਅੰਕੜੇ, ਸੂਬੇ ਦੇ ਹਿਸਾਬ ਨਾਲ ਕੀਤੇ ਵਿਸ਼ਲੇਸ਼ਣ, ਨਵੇਂ ਬਣੇ ਗਠਜੋੜ ਅਤੇ ਖੇਤੀ ਸੰਕਟ ਵਰਗੇ ਠੋਸ ਮੁੱਦਿਆਂ ਦਾ ਅਸਰ, ਇਨ੍ਹਾਂ ਸਾਰਿਆਂ ਦਾ ਤਰਕਸ਼ੀਲ ਤੇ ਵਿਗਿਆਨਿਕ ਵਿਸ਼ੇਲਸ਼ਣ ਗਣਿਤ ਸੀ।ਇੱਥੋਂ ਤੱਕ ਕਿ ਭਾਜਪਾ ਦੇ ਹਮਾਇਤੀ ਸਮਝੇ ਜਾਣ ਵਾਲੇ ਪੱਤਰਕਾਰ ਵੀ ਤਰਕਸ਼ੀਲ ਵਿਸ਼ਲੇਸ਼ਣ ਤੋਂ ਬਾਅਦ ਇਹੀ ਕਹਿ ਰਹੇ ਸਨ ਕਿ ਸੀਟਾਂ ਕੁਝ ਘਟਣਗੀਆਂ, ਵਧਣਗੀਆਂ ਨਹੀਂ। ਇਹ ਗੱਲ ਗਲਤ ਸਾਬਿਤ ਹੋਈ, ਗਣਿਤ ਦੀ ਹਾਰ ਹੋਈ।ਹੁਣ ਗੱਲ ਕੈਮਿਸਟਰੀ ਦੀ, ਜਿਸ ਨੂੰ ਨਾਪਿਆ ਨਹੀਂ ਜਾ ਸਕਦਾ ਹੈ, ਜਿਸ ਨੂੰ ਤਰਕ ਨਾਲ ਨਹੀਂ ਸਮਝਿਆ ਜਾ ਸਕਦਾ ਹੈ, ਜਿਸ ਦਾ ਵਿਸ਼ਲੇਸ਼ਣ ਕਰਨਾ ਮੁਸ਼ਕਿਲ ਹੈ।ਇਹ ਚੀਜ਼ਾਂ ਹਨ, ਦੇਸਭਗਤੀ ਦੀ ਭਾਵਨਾ, ਭਗਵਤ ਭਗਤੀ ਦਾ ਪੁੰਨ ਪ੍ਰਤਾਪ, ਘਰ ਵਿੱਚ ਵੜ੍ਹ ਕੇ ਮਾਰਿਆ ਵਰਗੇ ਮੁਹਾਵਰਿਆਂ ਦਾ ਅਸਰ, ਬਦਲਾ ਲੈਣ ਅਤੇ ਦੁਸ਼ਮਣ ਨੂੰ ਡਰਾ ਦੇਣ ਤੋਂ ਬਾਅਦ ਤਾਲ ਠੋਕਣ ਦਾ ਸੁਖ, ਇਨ੍ਹਾਂ ਦਾ ਅਸਰ ਕੋਈ ਮਾਹਿਰ ਕਿਵੇਂ ਨਾਪ ਸਕਦਾ ਹੈ?
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਮੈਂਬਰ ਪਾਰਲੀਮੈਂਟ ਸੁਬਰਮਨੀਅਮ ਸਵਾਮੀ ਨੇ ਪੁਲਵਾਮਾ ਤੇ ਬਾਲਾਕੋਟ ਦੀ ਘਟਨਾ ਤੋਂ ਕਾਫੀ ਪਹਿਲਾਂ ਸਾਫ਼ ਸ਼ਬਦਾਂ ਵਿੱਚ ਕਿਹਾ ਸੀ, “ਚੋਣਾਂ ਕੰਮ ਨਾਲ ਨਹੀਂ, ਭਾਵਨਾ ਨਾਲ ਜੁੜੇ ਮੁੱਦਿਆਂ ਨਾਲ ਜਿੱਤੀਆਂ ਜਾਂਦੀਆਂ ਹਨ।
ਵਿਕਾਸ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਭਾਸ਼ਣਾਂ ਵਿੱਚ ਫੁਟਨੋਟ ਵਾਂਗ ਹੀ ਸੀ।ਅਜਿਹਾ ਨਹੀਂ ਸੀ ਕਿ ਉਨ੍ਹਾਂ ਕੋਲ ਗਿਣਾਉਣ ਲਈ ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਨ-ਧਨ ਯੋਜਨਾ, ਕਿਸਾਨ ਸਨਮਾਨ ਨਿਧੀ ਵਰਗੀਆਂ ਚੀਜ਼ਾਂ ਨਹੀਂ ਸਨ ਪਰ ਵੱਧ ਜ਼ੋਰ ਪਾਕਿਸਤਾਨ/ਮੁਸਲਮਾਨ, ਦੇਸ ਦੀ ਸੁਰੱਖਿਆ, ਦੇਸ ਦਾ ਮਾਣ, ਭਾਰਤ ਮਾਤਾ ਦੀ ਜੈ ਅਤੇ ਕਾਂਗਰਸ ਦੀ ਖਾਨਦਾਨੀ ਸਿਆਸਤ ਨਾਲ ਹੋਏ ਨੁਕਸਾਨ ‘ਤੇ ਕੇਂਦਰਿਤ ਰਿਹਾ।
ਵੋਟ ਤਾਂ ਮੈਂ ਮੋਦੀ ਜੀ ਨੂੰ ਹੀ ਦੇਵਾਂਗਾ।।।ਵਾਲੀ ਭਾਵਨਾ ਜਨ ਭਾਵਨਾ ਨੂੰ ਸਮਝਣ ਅਤੇ ਉਸ ਦਾ ਸਿਆਸੀ ਇਸਤੇਮਾਲ ਕਰਨ ਦੇ ਮਾਮਲੇ ਵਿੱਚ ਨਰਿੰਦਰ ਮੋਦੀ ਇੰਨੇ ਕਾਬਿਲ ਨਿਕਲੇ ਕਿ ਬੁੱਧੀਜੀਵੀ, ਤਰਕਸ਼ੀਲ ਅਤੇ ਵਿਗਿਆਨਿਕ ਸੋਚ ਰੱਖਣ ਦਾ ਦਮ ਰੱਖਣ ਵਾਲੇ ਕੇਵਲ ਗੱਲਾਂ ਕਰਦੇ ਰਹਿ ਗਏ।ਫੈਕਟ ਚੈੱਕ ਕਰਨ ਵਾਲੇ ਪੱਤਰਕਾਰਾਂ ਦੀ ਟਰੇਨਿੰਗ ‘ਇਮੋਸ਼ਨ ਚੈੱਕ’ ਕਰਨ ਦੀ ਨਹੀਂ ਰਹੀ ਹੈ। ਜਨਤਾ ਦੇ ਮੂਡ ਨੂੰ ਪਤਾ ਕਰਨ ਦਾ ਹੁਨਰ ਸ਼ਾਇਦ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਸਿੱਖਣਾ ਹੋਵੇਗਾ।
ਲੋਕ ਖੁੱਲ੍ਹੇਆਮ ਕਹਿ ਰਹੇ ਸੀ ਕਿ ਰੁਜ਼ਗਾਰ ਨਹੀਂ ਹੈ ਪਰ ਵੋਟ ਤਾਂ ਮੋਦੀ ਜੀ ਨੂੰ ਹੀ ਦੇਵਾਂਗਾ, ਆਵਾਰਾ ਪਸ਼ੂ ਖੇਤਾਂ ਵਿੱਚ ਵੜ੍ਹ ਰਹੇ ਹਨ ਪਰ ਵੋਟ ਮੋਦੀ ਜੀ ਨੂੰ ਹੀ ਦੇਵਾਂਗਾ, ਨੋਟਬੰਦੀ ਨਾਲ ਬਹੁਤ ਨੁਕਸਾਨ ਹੋਇਆ ਪਰ ਵੋਟ ਮੋਦੀ ਜੀ ਨੂੰ ਹੀ ਦੇਵਾਂਗਾ। ਇਨ੍ਹਾਂ ਆਵਾਜ਼ਾਂ ਨੂੰ ਜ਼ਿਆਦਾਤਰ ਪੱਤਰਕਾਰਾਂ ਨੇ ਸੁਣਿਆ ਪਰ ਉਹ ਇਸ ਨਾਲ ਇਹ ਮਤਲਬ ਨਹੀਂ ਕੱਢ ਸਕੇ ਕਿ ਭਾਜਪਾ ਨੂੰ 300 ਤੋਂ ਵੱਧ ਸੀਟਾਂ ਮਿਲਣਗੀਆਂ।ਇਹ ਕਿਉਂ ਨਹੀਂ ਸਮਝ ਸਕੇ? ਇਸ ਲਈ ਕਿ ਜ਼ਿਆਦਾਤਰ ਪੱਤਰਕਾਰ ਅਜਿਹੇ ਲੋਕਾਂ ਨੂੰ ਰਵਾਇਤੀ ‘ਮੋਦੀ ਭਗਤ’ ਮੰਨਦੇ ਰਹੇ ਜੋ ਉਨ੍ਹਾਂ ਦੀ ਨਜ਼ਰ ਵਿੱਚ ਪਹਿਲਾਂ ਕਮਿਟੇਡ ਵੋਟਰ ਸਨ।ਇਨ੍ਹਾਂ ਨੂੰ ਨਵੇਂ ਵੋਟਰ ਮੰਨਣ ਤੋਂ ਮੀਡੀਆ ਨੇ ਇਨਕਾਰ ਕਰ ਦਿੱਤਾ, ਸਰਕਾਰ ਵਿਰੋਧੀ ਲਹਿਰ ਦਾ ਤਰਕ ਦਿੱਤਾ ਗਿਆ, ਮਹਾਂਗਠਜੋੜ ਨੂੰ ਦਲਿਤ+ਪਿਛਲੇ+ਮੁਸਲਮਾਨ=ਪੱਕੇ ਤੌਰ ‘ਤੇ ਜਿੱਤ ਮੰਨਣ ਦੀ ਗਲਤੀ ਗਣਿਤ ‘ਤੇ ਡਟੇ ਸਾਰੇ ਪੱਤਰਕਾਰਾਂ ਤੋਂ ਹੋਈ।ਇਹ ਵੀ ਕਿਹਾ ਗਿਆ ਕਿ ਮੋਦੀ ਯੂਪੀ ਦੇ ਨੁਕਸਾਨ ਦੀ ਭਰਪਾਈ ਬੰਗਾਲ ਤੇ ਓਡੀਸ਼ਾ ਨਾਲ ਨਹੀਂ ਕਰ ਸਕਣਗੇ।ਇਸੇ ਤਰ੍ਹਾਂ ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ, ਝਾਰਖੰਡ ਵਰਗੇ ਸਾਰੇ ਸੂਬਿਆਂ ਵਿੱਚ ਭਾਜਪਾ ਦੀਆਂ ਸੀਟਾਂ ਵਿੱਚ ਕਮੀ ਆਉਣ ਨੂੰ ਇੱਕ ਠੋਸ ਕਾਰਨ ਮੰਨਿਆ ਗਿਆ।ਖ਼ਾਸਕਰ ਉਨ੍ਹਾਂ ਸੂਬਿਆਂ ਵਿੱਚ ਜਿੱਥੇ ਕੁਝ ਮਹੀਨਿਆਂ ਪਹਿਲਾਂ ਹੀ ਭਾਜਪਾ ਵਿਧਾਨ ਸਭਾ ਚੋਣਾਂ ਹਾਰੀ ਸੀ ਪਰ ਇਨ੍ਹਾਂ ਸਾਰਿਆਂ ਸੂਬਿਆਂ ਵਿੱਚ ਮੋਦੀ ਦੇ ਨਾਂ ‘ਤੇ ਲੜ ਰਹੇ ਉਮੀਦਵਾਰਾਂ ਨੇ 2014 ਤੋਂ ਵੱਧ ਸੀਟਾਂ ਇਕੱਠੀਆਂ ਕੀਤੀਆਂ ਹਨ।
ਪੱਤਰਕਾਰ ਸਿਲੰਡਰਾਂ ਦਾ ਫੈਕਟ ਚੈੱਕ ਕਰਦੇ ਰਹੇ।ਲਿਬਰਲ ਪੱਤਰਕਾਰ ਅਤੇ ਵਿਸ਼ਲੇਸ਼ਕ ਸਰਕਾਰੀ ਯੋਜਨਾਵਾਂ ਦਾ ਫੈਕਟ ਚੈੱਕ ਕਰ ਰਹੇ ਸਨ। ਉਸ ਵੇਲੇ ਉਹ ਕਹਿ ਰਹੇ ਸਨ ਕਿ ਗੈਸ ਸਿਲੰਡਰ ਤਾਂ ਮਿਲਿਆ ਪਰ ਅਗਲੇ ਸਿਲੰਡਰ ਲਈ ਪੈਸੇ ਨਹੀਂ ਹਨ।ਇਸੇ ਤਰ੍ਹਾਂ ਪਖਾਨੇ ਤਾਂ ਬਣੇ ਪਰ ਉਨ੍ਹਾਂ ਵਿੱਚ ਪਾਣੀ ਨਹੀਂ ਹੈ ਜਾਂ ਫਿਰ ਜਨ-ਧਨ ਖਾਤੇ ਤਾਂ ਖੁੱਲ੍ਹੇ ਹਨ ਪਰ ਉਨ੍ਹਾਂ ਵਿੱਚ ਪੈਸਾ ਨਹੀਂ ਹੈ। ਮੁਦਰਾ ਲੋਨ ਇੰਨਾ ਘੱਟ ਹੈ ਕਿ ਉਸ ਨਾਲ ਕੋਈ ਕਿਹੜਾ ਕਾਰੋਬਾਰ ਸ਼ੁਰੂ ਕਰੇਗਾ।ਇਹ ਸਭ ਗੱਲਾਂ ਤਰਕਸ਼ੀਲ ਹਨ ਅਤੇ ਸੱਚਾਈ ਬਿਆਨ ਕਰਦੀਆਂ ਹਨ ਪਰ ਝੁੱਗੀ ਵਿੱਚ ਰੱਖੇ ਖਾਲ੍ਹੀ ਹੀ ਸਹੀ ਪਰ ਲਾਲ ਸਿਲੰਡਰ ਨੂੰ ਵੇਖ ਕੇ ਗਰੀਬ ਨੂੰ ਹਰ ਵਾਰ ਮੋਦੀ ਯਾਦ ਆਉਂਦਾ ਹੈ, ਇਹ ਦੇਖਣ ਵਿੱਚ ਸਿਆਸੀ ਪੰਡਿਤ ਗਲਤੀ ਕਰ ਗਏ।ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਫਾਇਦਾ ਮਿਲਿਆ ਜਾਂ ਨਹੀਂ, ਉਨ੍ਹਾਂ ਲੋਕਾਂ ਵਿੱਚ ਅਗਲੀ ਵਾਰ ਮੋਦੀ ਸਰਕਾਰ ਦੇ ਆਉਣ ‘ਤੇ ਕੁਝ ਫਾਇਦੇ ਮਿਲਣ ਦੀ ਜੋ ਉਮੀਦ ਪੈਦਾ ਹੋਈ ਸੀ, ਉਸ ਨੂੰ ਨਾਪਨ ਦਾ ਕੋਈ ਤਰੀਕਾ ਪੱਤਰਕਾਰਾਂ ਕੋਲ ਨਹੀਂ ਸੀ।ਲੋਕਾਂ ਦੀ ‘ਸਮਝਦਾਰੀ’ ‘ਤੇ ਵਿਸ਼ਵਾਸ ਸੀ।ਵਿਰੋਧੀ ਪਾਰਟੀਆਂ ਅਤੇ ਭਾਜਪਾ ਦੀ ਮਿਹਨਤ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਟੀਵੀ ‘ਤੇ ਦਿਨ-ਰਾਤ ਨਜ਼ਰ ਆਉਣਾ, ਕਈ ਇੰਟਰਵਿਊ ਦੇਣ ਤੋਂ ਲੈ ਕੇ ਨਮੋ ਚੈਨਲ ਤੱਕ, ਪ੍ਰਚਾਰ ਬੰਦ ਹੋ ਜਾਣ ਤੋਂ ਬਾਅਦ ਗੁਫਾ ਵਿੱਚ ਧਿਆਨ ਲਗਾਉਣਾ ਅਤੇ ਸੋਸ਼ਲ ਮੀਡੀਆ ‘ਤੇ ਮੋਦੀ ਦੇ ਛਾਏ ਰਹਿਣ ਨੂੰ ਕਥਿਤ ਤਰਕਸ਼ੀਲ ਅਨੁਮਾਨ ਵਿੱਚ ਫੈਕਟਰ ਨਹੀਂ ਮੰਨਿਆ ਗਿਆ।ਇਹੀ ਕਿਹਾ ਗਿਆ ਕਿ ਲੋਕ ਸਮਝਦਾਰ ਹਨ ਟੀਵੀ ਵੇਖ ਕੇ ਵੋਟ ਨਹੀਂ ਦਿੰਦੇ।ਸੀਬੀਆਈ, ਸੁਪਰੀਮ ਕੋਰਟ ਤੇ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਦੀ ਬੁਰੀ ਹਾਲਾਤ ਅਤੇ ਰਫਾਲ ਵਰਗੇ ਮੁੱਦਿਆਂ ਨੂੰ ਸਮਝਣ-ਸਮਝਾਉਣ ਦਾ ਦਾਅਵਾ ਕਰਨ ਵਾਲੇ ਪੱਤਰਕਾਰ ਮੰਨਣ ਲੱਗੇ ਕਿ ਜਨਤਾ ਵੀ ਉਨ੍ਹਾਂ ਦੇ ਵਾਂਗ ਸਭ ਕੁਝ ਸਮਝ ਰਹੀ ਹੈ ਜਿਸ ਦਾ ਨੁਕਸਾਨ ਮੋਦੀ ਨੂੰ ਚੁੱਕਣਾ ਪਵੇਗਾ ਪਰ ਅਜਿਹਾ ਨਹੀਂ ਹੋਇਆ।ਅਜਿਹਾ ਨਹੀਂ ਹੈ ਕਿ ਹਰ ਵਾਰ ਕੈਮਿਸਟਰੀ ਯਾਨੀ ਭਾਵਨਾਤਮਕ ਮੁੱਦਿਆਂ ਦੀ ਹੀ ਜਿੱਤ ਹੁੰਦੀ ਹੋਵੇਗੀ ਅਤੇ ਠੋਸ ਤਰਕਸ਼ੀਲ ਗੱਲਾਂ ਦੀ ਅਹਿਮੀਅਤ ਖਤਮ ਹੋ ਗਈ ਹੈ ਪਰ ਇੰਨਾ ਜ਼ਰੂਰ ਹੈ ਕਿ ਭਾਵਨਾਵਾਂ ਦੀ ਸਿਆਸਤ ਦੇ ਅਸਰ ਦੀ ਪਰਖ ਕਰਨ ਲਈ ਹਰ ਵਾਰ ਤਰਕ ਦਾ ਚਸ਼ਮਾ ਕੰਮ ਨਹੀਂ ਆਵੇਗਾ।

Real Estate