ਪਿੰਡਾਂ ਚੋਂ ਅਕਾਲੀ ਦਲ ਦੀਆਂ ਵੋਟਾਂ ਘਟਣ ਦਾ ਮੁੱਦਾ : ਅਕਾਲੀ ਦਲ ਚਿੰਤਾ ’ਚ, ਵਿਰੋਧੀ ਸਿੱਖ ਜਥੇਬੰਦੀਆਂ ਵੱਲੋਂ ਤਸੱਲੀ ਦਾ ਪ੍ਰਗਟਾਵਾ

1201

ਬਠਿੰਡਾ/ਬਲਵਿੰਦਰ ਸਿੰਘ ਭੁੱਲਰ

ਲੋਕ ਸਭਾ ਚੋਣਾਂ ਵਿੱਚ ਬਾਦਲ ਪਰਿਵਾਰ ਦੇ ਦੋ ਮੈਂਬਰਾਂ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਹਾਰ ਗਏ ਹਨ, ਜਿਸਦਾ ਮੁੱਖ ਕਾਰਨ ਪਿੰਡਾਂ ਵਿੱਚੋਂ ਅਕਾਲੀ ਦਲ ਦੀ ਵੋਟ ਦਾ ਘਟ ਜਾਣਾ ਹੈ। ਪੰਜਾਬ ਵਿੱਚ ਉੱਭਰੇ ਇਸ ਰੁਝਾਨ ਤੋਂ ਜਿੱਥੇ ਸ੍ਰੋਮਣੀ ਅਕਾਲੀ ਦਲ ਬਹੁਤ ਚਿੰਤਾ ਵਿੱਚ ਹੈ, ਉ¤ਥੇ ਪੰਜਾਬ ਵਿੱਚ ਹੋਈਆਂ ਬੇਦਅਬੀ ਘਟਨਾਵਾਂ ਸਬੰਧੀ ਸੰਘਰਸ ਕਰ ਰਹੀਆਂ ਧਿਰਾਂ ਤੇ ਹੋਰ ਸਿੱਖ ਜਥੇਬੰਦੀਆਂ ਤਸੱਲੀ ਪ੍ਰਗਟ ਕਰ ਰਹੀਆਂ ਹਨ। ਅਕਾਲੀ ਦਲ ਦੀਆਂ ਜਿੱਤੀਆਂ ਦੋ ਸੀਟਾਂ ਬਾਰੇ ਦੇਖਿਆ ਜਾਵੇ ਤਾਂ ਫਿਰੋਜਪੁਰ ਤੋਂ ਸ੍ਰ: ਸੁਖਬੀਰ ਸਿੰਘ ਬਾਦਲ ਆਪਣੇ ਵਿਰੋਧੀ ਸ੍ਰੀ ਸੇਰ ਸਿੰਘ ਘੁਬਾਇਆ ਨੂੰ ਹਰਾ ਕੇ ਜੇਤੂ ਰਹੇ ਹਨ। ਸ੍ਰ: ਸੁਖਬੀਰ ਸਿੰਘ ਬਾਦਲ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਪਿਛਲੇ ਦਸ ਸਾਲ ਉਹ ਸੱਤ੍ਹਾ ਵਿੱਚ ਰਹੇ ਹਨ, ਹਲਕੇ ਦੇ ਲੋਕਾਂ ਖਾਸਕਰ ਸਰਹੱਦੀ ਖੇਤਰ ਦੇ ਵੋਟਰਾਂ ਦੀ ਸਮਝ ਬਣ ਗਈ ਸੀ ਕਿ ਜੇਕਰ ਕੇਂਦਰ ਵਿੱਚ ਭਾਜਪਾ ਸਰਕਾਰ ਬਣ ਗਈ ਤਾਂ ਸ੍ਰ: ਬਾਦਲ ਮੰਤਰੀ ਬਣ ਕੇ ਇਲਾਕੇ ਦੇ ਵਿਕਾਸ ਲਈ ਕੰਮ ਕਰਨਗੇ, ਪਰ ਜੇ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਸ੍ਰੀ ਘੁਬਾਇਆ ਸਿਰਫ ਲੋਕ ਸਭਾ ਮੈਂਬਰ ਹੀ ਰਹਿਣਗੇ ਜੋ ਵਿਕਾਸ ਵਿੱਚ ਵੱਡਾ ਯੋਗਦਾਨ ਨਹੀਂ ਪਾ ਸਕਦੇ। ਇਸ ਤੋਂ ਇਲਾਵਾ ਦੋਵਾਂ ਦੀ ਸਖ਼ਸੀਅਤ ਵਿੱਚ ਵੀ ਕਾਫ਼ੀ ਵੱਡਾ ਅੰਤਰ ਸੀ, ਜਿਸਦਾ ਲਾਭ ਲੈਂਦਿਆਂ ਸ੍ਰ: ਸੁਖਬੀਰ ਸਿੰਘ ਬਾਦਲ ਜੇਤੂ ਰਹੇ ਹਨ। ਲੋਕ ਸਭਾ ਹਲਕਾ ਬਠਿੰਡਾ ਤੋਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਆਪਣੇ ਵਿਰੋਧੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਾ ਕੇ ਜੇਤੂ ਰਹੇ ਹਨ। ਇਸ ਹਲਕੇ ਤੋਂ ਉਹ ਮਿਹਨਤ ਕਰਨ ਦੇ ਬਾਵਜੂਦ ਬਹੁਤ ਮੁਸਕਿਲ ਨਾਲ ਜਿੱਤ ਚੁੱਕੇ ਹਨ। ਚੋਣ ਮੁਹਿੰਮ ਦੌਰਾਨ ਉਹਨਾਂ ਦਾ ਪਿੰਡਾਂ ਵਿੱਚ ਲੋਕਾਂ ਨੇ ਡਟ ਕੇ ਵਿਰੋਧ ਕੀਤਾ, ਕਾਲੀਆਂ ਝੰਡੀਆਂ
ਦਿਖਾਈਆਂ ਗਈਆਂ, ਕਈ ਪਿੰਡਾਂ ਵਿੱਚ ਪ੍ਰਚਾਰ ਲਈ ਵੜਣ ਨਾ ਦਿੱਤਾ ਗਿਆ, ਨਾਅਰੇਬਾਜੀ ਹੁੰਦੀ ਰਹੀ ਅਤੇ ਬਾਦਲ ਪਰਿਵਾਰ ਵੀ ਇਸ ਹਲਕੇ ਦੀ ਚੋਣ ਮੁਹਿੰਮ ਦੇਖ ਕੇ ਬਹੁਤ ਚਿੰਤਾ ਵਿੱਚ ਰਿਹਾ। ਬੀਬੀ ਬਾਦਲ ਦੀ ਜਿੱਤ ਲਈ ਉਹਨਾਂ ਵੱਲੋਂ ਕੇਂਦਰ ਵਿੱਚ ਮੰਤਰੀ ਹੁੰਦਿਆਂ ਕੀਤੇ ਕੰਮ ਵੀ ਬਹੁਤੇ ਰਾਸ ਨਾ ਆਏ। ਅਸਲ ਵਿੱਚ ਬਾਦਲ ਸਰਕਾਰ ਦੌਰਾਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਕਾਰਨ ਪਿੰਡਾਂ ਦੇ ਲੋਕ ਬਾਦਲ ਪਰਿਵਾਰ ਨਾਲ ਦਿਲੋਂ ਨਰਾਜ਼ ਸਨ। ਇਹੋ ਕਾਰਨ ਹੈ ਕਿ ਪਿੰਡਾਂ ਵਿੱਚੋਂ ਬੀਬੀ ਬਾਦਲ ਵੀ ਵੋਟ ਘਟ ਗਈ, ਸ਼ਹਿਰਾਂ ਵਿੱਚ ਭਾਵੇਂ ਉਹਨਾਂ ਨੂੰ ਉਮੀਦ ਤੋਂ ਘੱਟ ਵੋਟਾਂ ਮਿਲੀਆਂ ਪਰ ਜਿੱਤ ਦਾ ਫੈਸਲਾ ਸ਼ਹਿਰਾ ਨੇ ਹੀ ਕੀਤਾ, ਖਾਸਕਰ ਬਠਿੰਡਾ ਸ਼ਹਿਰ ਦੀ ਬੀਬੀ ਬਾਦਲ ਦੀ ਜਿੱਤ ਵਿੱਚ ਮੁੱਖ ਭੂਮਿਕਾ ਹੈ। ਹਲਕੇ ਦੇ ਇਸ ਸ਼ਹਿਰ ਬਠਿੰਡਾ ਵਿੱਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਕੀਤੇ ਪ੍ਰਚਾਰ ਦਾ ਵੀ ਅਸਰ ਦਿਖਾਈ ਦਿੱਤਾ, ਇਹ ਮੋਦੀ ਮੁਹਿੰਮ ਜੋਰਾਂ ਤੇ ਹੋਣ ਕਾਰਨ ਹੀ ਸ੍ਰ: ਬਾਦਲ ਨੇ ਇਸ ਵਾਰ ਨਾ ਪੰਥ ਦੇ ਨਾਂ ਤੇ ਵੋਟਾਂ ਮੰਗੀਆਂ ਨਾ ਧਰਮ ਦੇ ਨਾਂ ਤੇ, ਉਸਨੇ ਵੋਟਾਂ ਸ੍ਰੀ ਮੋਦੀ ਦੇ ਨਾਂ ਤੇ ਹੀ ਮੰਗੀਆਂ। ਇਸ ਪ੍ਰਚਾਰ ਸਦਕਾ ਸ਼ਹਿਰੀ ਵੋਟ ਦਾ ਰੁਝਾਨ ਅਕਾਲੀ ਭਾਜਪਾ ਗੱਠਜੋੜ ਵੱਲ ਰਿਹਾ। ਦੂਜਾ ਕਾਰਨ ਇਸ ਹਲਕੇ ਤੋਂ ਵਿਧਾਨ ਸਭਾ ਦੀ ਨੁਮਾਇੰਗੀ ਕਰ ਰਹੇ ਪੰਜਾਬ ਦੇ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਦਾ ਵਿਰੋਧ ਹੋਣਾ ਵੀ ਹੈ, ਮੁਲਾਜਮਾਂ ਦੀਆਂ ਤਨਖਾਹਾਂ, ਵਾਧਿਆਂ, ਪੈਨਸਨਾਂ ਜਾਂ ਕਰਮਚਾਰੀਆਂ ਨੂੰ ਪੱਕੇ ਕਰਨ ਵਿੱਚ ਆਏ ਅੜਿੱਕਿਆਂ ਅਤੇ ਅਧਿਆਪਕਾਂ ਦੀਆਂ ਨਿਯੁਕਤੀਆਂ ਸਮੇਂ ਘਟਾਈਆਂ ਤਨਖਾਹਾਂ ਲਈ ਮੁਲਾਜਮ ਵਿੱਤ ਮੰਤਰੀ ਨੂੰ ਜੁਮੇਵਾਰ ਸਮਝ ਕੇ ਉਹਨਾਂ ਦਾ ਵਿਰੋਧ ਕਰ ਰਹੇ ਸਨ, ਜਿਸਦਾ ਲਾਭ ਬੀਬੀ ਬਾਦਲ ਨੂੰ ਮਿਲਿਆ। ਇਸਤੋਂ ਇਲਾਵਾ ਕੁਝ ਕਾਂਗਰਸੀ ਆਗੂਆਂ ਦੀ ਬਾਦਲ ਪਰਿਵਾਰ ਨਾਲ ਮਿਲੀਭੁਗਤ ਦੇ ਵੀ ਚਰਚੇ ਹਨ ਜੋ ਸ੍ਰੀ ਰਾਜਾ ਵੜਿੰਗ ਦੀ ਹਾਰ ਦਾ ਕਾਰਨ ਬਣੇ। ਅਕਾਲੀ ਦਲ ਭਾਵੇਂ ਪੰਜਾਬ ਵਿੱਚ ਹਾਰ ਗਿਆ, ਪਰ ਬਾਦਲ ਪਰਿਵਾਰ ਜੇਤੂ ਰਿਹਾ। ਉਸਦੇ ਦੋਵੇਂ ਮੈਂਬਰ ਚੋਣਾਂ ਜਿੱਤ ਗਏ ਅਤੇ ਜਿੱਤ ਤੋਂ ਤੁਰੰਤ ਬਾਅਦ ਸ੍ਰ: ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਰਿਹਾਇਸ ਤੋਂ ਬਾਹਰ ਨਿਕਲ ਕੇ ਉ¤ਥੇ ਵੱਡੀ ਗਿਣਤੀ ਵਿੱਚ ਪਹੁੰਚੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਇਹੋ ਕਿਹਾ ਕਿ ਤੁਹਾਡਾ ਧੰਨਵਾਦ ਜਿਹਨਾਂ ਬਾਦਲ ਪਰਿਵਾਰ ਨੂੰ ਜਿਤਾ ਕੇ ਵੱਡਾ ਮਾਣ ਬਖਸਿਆ ਹੈ। ਚੋਣਾਂ ਲੰਘ ਗਈਆਂ ਹਨ, ਹੁਣ ਵੱਖ ਵੱਖ ਪਾਰਟੀਆਂ ਆਪਣੀ ਆਪਣੀ ਕਾਰਗੁਜਾਰੀ ਤੇ ਮੰਥਨ ਕਰਨ ਲੱਗੀਆਂ ਹੋਈਆਂ ਹਨ। ਸ੍ਰੋਮਣੀ ਅਕਾਲੀ ਦਲ ਦੀ ਪਿੰਡਾਂ ਵਿੱਚੋਂ ਘੱਟ ਰਹੀ ਵੋਟ ਪਾਰਟੀ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਗਈ ਹੈ, ਪਿਛਲੇ ਦਿਨੀਂ ਪਾਰਟੀ ਦੀ ਕੋਰ ਕਮੇਟੀ ਵਿੱਚ ਵੀ ਪੇਂਡੂ ਖੇਤਰ ਚੋਂ ਵੋਟਾਂ ਘਟਣ ਦਾ ਮਾਮਲਾ ਭਾਰੂ ਰਿਹਾ। ਅਕਾਲੀ ਦਲ ਭਾਵੇਂ ਇਹ ਸਾਬਤ ਕਰਨ ਦਾ ਯਤਨ ਕਰ ਰਿਹਾ ਹੈ ਕਿ ਚੋਣਾਂ ਵਿੱਚ ਬੇਅਦਬੀ ਮਾਮਲਿਆਂ ਦੇ ਮੁੱਦੇ ਦਾ ਕੋਈ ਬਹੁਤਾ ਅਸਰ ਨਹੀਂ ਰਿਹਾ, ਪਰ ਦੂਜੇ ਪਾਸੇ ਬਰਗਾੜੀ ਮੋਰਚੇ ਨਾਲ ਸਬੰਧਤ ਧਿਰਾਂ ਤੇ ਹੋਰ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਪਿੰਡਾਂ ਚੋਂ ਵੋਟ ਘਟਣ ਦਾ ਅਸਲ ਕਾਰਨ ਬੇਅਦਬੀ ਘਟਨਾਵਾਂ ਹਨ।ਪੇਂਡੂ ਵੋਟ ਘਟਣ ਤੇ ਬਾਦਲ ਪਰਿਵਾਰ ਦੀ ਚਿੰਤਾ ਤੇ ਵਿਰੋਧੀ ਜਥੇਬੰਦੀਆਂ ਦੀ ਤਸੱਲੀ ਦਾ ਕਾਰਨ ਕੀ ਹੈ? ਇਹ ਵੀ ਇੱਕ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਸਲ ਵਿੱਚ ਪੰਜਾਬ ਦੇ ਲੋਕ ਇਸ ਮੁੱਦੇ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਪਿੰਡਾਂ ਵਿੱਚੋਂ ਅਕਾਲੀ ਦਲ ਦੀ ਵਿਰੋਧਤਾ ਦਾ ਡਰ ਪਾਰਟੀ ਨੂੰ ਸਤਾ ਰਿਹਾ ਹੈ ਕਿ ਉਹਨਾਂ ਦੇ ਕਬਜੇ ਤੋਂ ਐੱਸ ਜੀ ਪੀ ਸੀ ਨਿਕਲ ਗਈ ਤਾਂ ਜਿੱਥੇ ਉਹਨਾਂ ਦਾ ਪਰਿਵਾਰ ਤੇ ਦਲ ਨਿਘਾਰ ਵੱਲ ਚਲਾ ਜਾਵੇਗਾ, ਉੱਥੇ ਗੁਰਦੁਆਰਾ ਕਮੇਟੀ ਵਿਚਲੇ ਅਰਬਾਂ ਖਰਬਾਂ ਦੇ ਘਪਲੇ ਵੀ ਸਾਹਮਣੇ ਆ ਜਾਣਗੇ, ਜਿਹਨਾਂ ਨੂੰ ਉਹ ਕਈ ਦਹਾਕਿਆਂ ਤੋਂ ਦਬਾਅ ਕੇ ਰੱਖ ਰਹੇ ਹਨ। ਦੂਜੇ ਪਾਸੇ ਵਿਰੋਧੀ ਸਿੱਖ ਜਥੇਬੰਦੀਆਂ ਪੇਂਡੂ ਰੁਝਾਨ ਤੇ ਤਸੱਲੀ ਪ੍ਰਗਟ ਕਰ ਰਹੀਆਂ ਹਨ ਕਿ ਸ੍ਰੋਮਣੀ ਕਮੇਟੀ ਤੋਂ ਮੌਜੂਦਾ ਕਬਜਾ ਹਟਾ ਕੇ ਜਿੱਥੇ ਸਿੱਖ ਪਰੰਪਰਾਵਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਉੱਥੇ ਗਬਨ ਕੀਤੀ ਵੱਡੀ ਰਾਸ਼ੀ ਬਾਹਰ ਕੱਢ ਕੇ ਸਹੀ ਵਰਤੋਂ ਵਿੱਚ ਲਿਆਂਦੀ ਜਾਵੇਗੀ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ

ਬਠਿੰਡਾ। ਮੋਬਾ: 0988882-75913

Real Estate