ਵੋਟਾਂ ਲੰਘਦਿਆਂ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਦਿੱਤਾ ਬਿਜਲੀ ਦਾ ਝਟਕਾ

1390

ਚੋਣਾਂ ਖ਼ਤਮ ਹੁੰਦਿਆਂ ਹੀ ਪੰਜਾਬ ਸਰਕਾਰ ਨੇ ਬਿਜਲੀ ਦੀਆਂ ਦਰਾਂ ਵਿਚ ਵਾਧੇ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ। ਹੁਣ 1 ਜੂਨ ਤੋਂ ਆਉਦੀ 31 ਮਾਰਚ 2020 ਤਕ ਸੂਬੇ ਦੇ ਕੁਲ 96 ਲੱਖ ਖਪਤਕਾਰਾਂ ‘ਤੇ 10 ਮਹੀਨੇ ਵਾਸਤੇ 565 ਕਰੋੜ ਦਾ ਵਾਧੂ ਚਾਰ ਪਵੇਗਾ। ਇਨ੍ਹਾਂ 96 ਲੱਖ ਖਪਤਕਾਰਾਂ ਵਿਚ 70 ਲੱਖ ਘਰੇਲੂ ਬਿਜਲੀ 14.5 ਲੱਖ ਟਿਊਬਵੈੱਲਾਂ ਵਾਲੇ, 10 ਲੱਖ ਕਮਰਸ਼ੀਅਲ ਯਾਨੀ ਦੁਕਾਨਦਾਰ ਅਤੇ ਬਾਕੀ ਇੰਡਸਟਰੀ ਵਾਲੇ ਖਪਤਕਾਰ ਹਨ। ਪ੍ਰਤੀ ਯੂਨਿਟ 8 ਤੋਂ 9 ਪੈਸੇ ਵਧਾਏ ਰੇਟ ਐਤਕੀਂ 4 ਦਿਨ ਬਾਅਦ 1 ਜੂਨ ਤੋਂ ਲਾਗੂ ਹੋਣਗੇ ਅਤੇ 31 ਮਈ ਤਕ ਖਪਤਕਾਰਾਂ ਨੂੰ ਬਿਲ ਪੁਰਾਣੇ ਰੇਟ ‘ਤੇ ਹੀ ਆਉਣਗੇ।
ਜਾਰੀ ਕੀਤੇ ਨਵੇਂ ਬਿਜਲੀ ਰੇਟਾਂ ਵਿਚ 6 ਸਫ਼ਿਆਂ ਦੇ ਲੰਬੇ ਚੌੜੇ ਵੇਰਵੇ ਦਿਤੇ ਹਨ ਜਿਸ ਵਿਚ ਘਰੇਲੂ ਬਿਜਲੀ, ਉਦਯੋਗਾਂ ਲਈ ਬਿਜਲੀ ਸਪਲਾਈ ਛੋਟੀ, ਵੱਡੀ, ਮੱਧ ਵਰਗ ਦੀ ਇੰਡਸਟਰੀ, ਕਮਰਸ਼ੀਅਲ, ਲੋਹਾ ਸਟੀਲ ਭੱਠੀਆਂ, ਰਾਤ ਦਿਨ ਦੀ ਸਪਲਾਈ ਦੇ ਰੇਟ ਰੇਲਵੇ, ਹਸਪਤਾਲਾਂ ਅਤੇ ਹੋਰ ਰੇਟ ਸ਼ਾਮਲ ਹਨ। ਇਨ੍ਹਾਂ ਨਵੀਆਂ ਦਰਾਂ ਵਿਚ ਇਸ ਵਾਰ ਵੀ ਦਰਬਾਰ ਸਾਹਿਬ ਤੇ ਦੁਰਗਿਆਨਾ ਮੰਦਰਾ, ਅੰਮ੍ਰਿਤਸਰ ਵਾਸਤੇ 2000 ਕਿਲੋਵਾਟ ਪਾਵਰ ਤਕ ਬਿਲਕੁਲ ਮੁਫ਼ਤ ਬਿਜਲੀ ਸਪਲਾਈ ਕਰਨ ਦਾ ਜ਼ਿਕਰ ਹੈ।
ਬਿਜਲੀ ਦਰਾਂ ਵਿਚ ਵਾਧਾ ਪਹਿਲਾਂ 1 ਅਪ੍ਰੈਲ ਤੋਂ ਹੋਣਾ ਸੀ ਪਰ ਲੋਕ ਸਭਾ ਚੋਣਾਂ ਕਾਰਨ ਸਰਕਾਰ ਵਲੋਂ ਬਿਜਲੀ ਦਰਾਂ ’ਚ ਵਾਧਾ ਕਰਨ ਦੀ ਯੋਜਨਾ ਨੂੰ ਰੋਕ ਦਿਤਾ ਗਿਆ ਸੀ। ਪਰ ਹੁਣ ਜਦੋਂ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਤੇ ਚੋਣ ਜ਼ਾਬਤਾ ਵੀ ਬੀਤੇ ਕੱਲ੍ਹ ਯਾਨੀ ਐਤਵਾਰ ਨੂੰ ਹਟਾ ਦਿਤਾ ਗਿਆ। ਇਸ ਦਰਮਿਆਨ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਵਾਧੇ ਦੇ ਹੁਕਮ ਜਾਰੀ ਕਰ ਦਿਤੇ ਗਏ ਹਨ।

Real Estate