ਰਾਹੁਲ ਗਾਂਧੀ ਅਸਤੀਫ਼ੇ ਤੇ ਅੜਿਆ, ਕਿਹਾ ‘ਨਵਾਂ ਪ੍ਰਧਾਨ ਬਣਾ ਲਵੋ’

1284

ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਸਤੀਫ਼ੇ ਨੂੰ ਲੈ ਕੇ ਲਗਦਾ ਜਿਆਦਾ ਭਾਵਾਕ ਹੋ ਹਏ ਹਨ । ਰਾਹੁਲ ਗਾਂਧੀ ਅਸਤੀਫ਼ਾ ਦੇਣ ਤੇ ਅੜੇ ਬੈਠੇ ਹਨ। ਦੂਜੇ ਪਾਸੇ ਸੀਨੀਅਰ ਲੀਡਰਸ਼ਿਪ ਇਸ ਗੱਲ ਲਈ ਰਾਜ਼ੀ ਨਹੀਂ। ਇਸ ਲਈ ਕੁਝ ਕਾਂਗਰਸੀ ਲੀਡਰ ਰਾਹੁਲ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬਾਰੇ ਜਲਦ ਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੁੜ ਮੀਟਿੰਗ ਬੁਲਾਈ ਜਾ ਸਕਦੀ ਹੈ। ਖ਼ਬਰਾਂ ਅਨੁਸਾਰ ਰਾਹੁਲ ਗਾਂਧੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ’ਤੇ ਅੜੇ ਹੋਏ ਹਨ। ਉਨ੍ਹਾਂ ਵੱਲੋਂ ਕਈ ਆਗੂਆਂ ਨੂੰ ਸੁਨੇਹਾ ਲਾ ਦਿੱਤਾ ਗਿਆ ਹੈ ਕਿ ਪਾਰਟੀ ਦੀ ਪ੍ਰਧਾਨਗੀ ਕਿਸੇ ਨਵੇਂ ਚਿਹਰੇ ਨੂੰ ਦਿੱਤੀ ਜਾਵੇ। ਉਧਰ, ਹਾਰ ਮਗਰੋਂ ਪਾਰਟੀ ਵਿੱਚ ਫੈਲੀ ਬੇਚੈਨੀ ਦੌਰਾਨ ਪਾਰਟੀ ਦੇ ਕਈ ਸੂਬਾ ਪ੍ਰਧਾਨਾਂ ਨੇ ਅਸਤੀਫ਼ਿਆਂ ਦੀ ਪੇਸ਼ਕਸ਼ ਕੀਤੀ ਹੈ। ਅਜੇ ਤੱਕ ਅਸੀਫਿਆਂ ਬਾਰੇ ਕੁਝ ਵੀ ਸਪਸ਼ਟ ਨਹੀਂ ਹੋ ਰਿਹਾ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਪਾਰਟੀ ਅੰਦਰ ਕੁਨਬਾਪ੍ਰਸਤੀ ਤੋਂ ਵੀ ਕਾਫੀ ਖ਼ਫ਼ਾ ਹਨ , ਉਨ੍ਹਾਂ ਸਪਸ਼ਟ ਕਿਹਾ ਹੈ ਕਿ ਕੁਝ ਸੀਨੀਅਰ ਲੀਡਰਾਂ ਨੇ ਪਾਰਟੀ ਨਾਲੋਂ ਆਪਣੇ ਪੁੱਤਰਾਂ ਨੂੰ ਹੀ ਵੱਧ ਅਹਿਮੀਅਤ ਦਿੱਤੀ। ਰਾਹੁਲ ਇੰਨੇ ਨਾਰਾਜ਼ ਹਨ ਕਿ ਉਨ੍ਹਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ।ਸੋਮਵਾਰ ਨੂੰ ਰਾਹੁਲ ਗਾਂਧੀ ਨੇ ਸਵੇਰੇ 11:30 ਵਜੇ ਆਪਣੀ ਰਿਹਾਇਸ਼ ’ਤੇ ਅਸ਼ੋਕ ਗਹਿਲੋਤ ਨੂੰ ਮੁਲਾਕਾਤ ਲਈ ਸਮਾਂ ਦਿੱਤਾ ਸੀ ਪਰ ਐਨ ਮੌਕੇ ’ਤੇ ਉਨ੍ਹਾਂ ਨੇ ਗਹਿਲੋਤ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਰਾਜਸਥਾਨ ਵਿੱਚ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਕੋਈ ਸੀਟ ਨਹੀਂ ਮਿਲੀ।ਅਸਤੀਫ਼ਾ ਦੇਣ ‘ਤੇ ਅੜੇ ਰਾਹੁਲ ਗਾਂਧੀ ਨੂੰ ਮਿਲਣ ਲਈ ਅੱਜ ਪਾਰਟੀ ਦੇ ਕਈ ਨੇਤਾ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ। ਇਨ੍ਹਾਂ ‘ਚ ਪੂਰਬੀ ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੀ ਜਨਰਲ ਸਕੱਤਰ ਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ, ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਸ਼ਾਮਲ ਹਨ।

Real Estate