ਮਨਜੀਤ ਜੀਕੇ ਨੂੰ ਅਕਾਲੀ ਦਲ(ਬਾਦਲ) ਨੇ ਕੱਢਿਆ ਬਾਹਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਸ਼੍ਰੋਮਣੀ ਅਕਾਲੀ ਦਲ(ਬਾਦਲ) ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ।ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਜੀਕੇ ਵਿਰੁੱਧ ਪਾਸ ਮਤਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਮਨਜ਼ੂਰ ਕਰ ਲਿਆ ਹੈ। ਦਿੱਲੀ ਦੀ ਕੋਰ ਕਮੇਟੀ ਨੇ ਉਨ੍ਹਾਂ ਖ਼ਿਲਾਫ਼ ਮਤਾ ਪਾਸ ਕੀਤਾ ਸੀ। ਕਮੇਟੀ ਨੇ ਮਤਾ ਪਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜਿਆ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਤਾ ਸਵੀਕਾਰ ਕਰ ਜੀਕੇ ਦੀ ਛੁੱਟੀ ਕਰ ਦਿੱਤੀ ਹੈ। ਦੂਜੇ ਪਾਸੇ ਜੀਕੇ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਸਾਰੇ ਅਹੁਦਿਆਂ ਅਸਤੀਫੇ ਦੇ ਦਿੱਤੇ ਹਨ। ਜੀਕੇ ‘ਤੇ ਪਿਛਲੇ ਸਾਲ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। ਇਸ ਮਗਰੋਂ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਜੀਕੇ ਇਸ ਮਾਮਲੇ ਵਿੱਚ ਪੁਲਿਸ ਕੇਸ ਦਾ ਵੀ ਸਾਹਮਣਾ ਕਰ ਰਹੇ ਹਨ।ਲੋਕ ਸਭਾ ਚੋਣਾਂ ਵਿੱਚ ਸਿਰਫ ਦੋ ਸੀਟਾਂ ‘ਤੇ ਸਿਮਟ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਮੁੜ ਖਾਨਾਜੰਗੀ ਤੇਜ਼ ਹੋ ਗਈ ਹੈ। ਜੀਕੇ ਨੇ ਤਿੱਖੇ ਸਵਾਲ ਉਠਾਉਂਦਿਆਂ ਸਿੱਖ ਕੌਮ ਦੇ ਨਾਂ ਖੁੱਲ੍ਹੀ ਚਿੱਠੀ ਲਿਖੀ ਸੀ। ਇਸ ਚਿੱਠੀ ਵਿੱਚ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ‘ਤੇ ਸਵਾਲ ਉਠਾਇਆ ਸੀ। ਜੀਕੇ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਪੰਜਾਬ ’ਚ 2019 ਵਿੱਚ ਹੋਈਆਂ ਸੰਸਦੀ ਚੋਣਾਂ ਦੇ ਨਤੀਜਿਆਂ ‘ਤੇ ਪੱਤਰਕਾਰ ਇਸ ਵਿਸ਼ਲੇਸ਼ਣ ਨਾਲ ਸਾਹਮਣੇ ਆਏ ਹਨ ਕਿ ਸਿੱਖਾਂ ਨੇ ਆਪਣੀ ਨੁਮਾਇੰਦਾ ਪਾਰਟੀ ਖ਼ਿਲਾਫ਼ ਆਪਣੀਆਂ ਸ਼ਿਕਾਇਤਾਂ ਵਿਖਾਉਂਦੇ ਹੋਏ ਅਕਾਲੀ ਉਮੀਦਵਾਰਾਂ ਨੂੰ ਨਾਂ-ਪੱਖੀ ਵੋਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਸਿੱਖ ਬੁੱਧੀਜੀਵੀਆਂ ਵਿੱਚ ਚਰਚਾ ਕਰਨ ਤੇ ਨਤੀਜਿਆਂ ਦਾ ਠੀਕ ਵਿਸ਼ਲੇਸ਼ਨ ਕਰਨ ਤੇ ਅਕਾਲੀ ਦਲ ਦੇ ਭਵਿੱਖ ਨੂੰ ਬਚਾਉਣ ਦੇ ਉਪਰਾਲਿਆਂ ਲਈ ਸੁਝਾਉ ਦੇਣ ਦਾ ਹੈ।

Real Estate