ਮਮਤਾ ਨੇ ਵੀ ਕੀਤਾ ਅਸਤੀਫ਼ੇ ਵਾਲਾ ਨਾਟਕ !

1285

ਕਾਂਗਰਸ ਪ੍ਰਧਾਨ ਰਹੁਲ ਗਾਂਧੀ ਮਗਰੋਂ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਘਟਣ ਕਾਰਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਪਾਰਟੀ ਵਲੋਂ ਰੱਦ ਕਰ ਦਿੱਤਾ ਗਿਆ। ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਕੀਤੀ ਪਹਿਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਵਲੋਂ ਵੋਟਾਂ ਲੈਣ ਲਈ ਪੱਛਮੀ ਬੰਗਾਲ ਵਿਚ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਵੰਡਿਆ ਗਿਆ। ਉਨ੍ਹਾਂ ਕਿਹਾ, ‘‘ਪਾਰਟੀ ਦੀ ਮੀਟਿੰਗ ਵਿੱਚ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਪਾਰਟੀ ਵਲੋਂ ਮੇਰੀ ਪੇਸ਼ਕਸ਼ ਰੱਦ ਕਰ ਦਿੱਤੀ ਗਈ।’’ ਮਮਤਾ ਨੇ ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ ’ਤੇ ਸ਼ੰਕੇ ਵੀ ਪ੍ਰਗਟਾਏ ਹਨ। ਇਸ ਤੋਂ ਪਹਿਲਾਂ ਪਾਰਟੀ ਦੀ ਇੱਥੇ ਹੋਈ ਹੰਗਾਮੀ ਮੀਟਿੰਗ ਵਿੱਚ ਮਮਤਾ ਨੇ ਕਿਹਾ, ‘‘ਮੈਂ ਕਹਿਣਾ ਚਾਹੁੰਦੀ ਹਾਂ ਕਿ ਮੁਹੱਬਤ ਅਤੇ ਜੰਗ ਵਿੱਚ ਸਭ ਜਾਇਜ਼ ਹੈ। ਜੋ ਭਾਜਪਾ ਨੇ ਕੀਤਾ ਹੈ, ਉਹ ਆਪਣੇ ਹਿੱਤਾਂ ਦੀ ਪੂਰਤੀ ਲਈ ਕੀਤਾ ਹੈ। ਉਹ ਫ਼ਿਰਕਾਪ੍ਰਸਤੀ ਦਾ ਜ਼ਹਿਰ ਘੋਲ ਕੇ ਜਿੱਤੇ ਹਨ।’’ ਉਨ੍ਹਾਂ ਕਿਹਾ, ‘‘ਜੇਤੂ ਤਾਂ ਜੇਤੂ ਹੀ ਹੁੰਦੇ ਹਨ। ਉਹ ਆਪਣੀ ਸਿਆਸਤ ਵਿੱਚ ਕਾਮਯਾਬ ਹੋਏ ਹਨ, ਅਸੀਂ ਆਪਣੀ ਸਿਆਸਤ ਵਿੱਚ ਅਸਫ਼ਲ ਰਹੇ ਹਾਂ…।ਆਖਰ ਲੋਕਤੰਤਰ ਵਿੱਚ ਲੋਕਾਂ ਨੂੰ ਨਤੀਜਿਆਂ ’ਤੇ ਭਰੋਸਾ ਹੁੰਦਾ ਹੈ।’’ ਉਨ੍ਹਾਂ ਦੋਸ਼ ਲਾਏ ਕਿ ਚੋਣ ਕਮਿਸ਼ਨ ਵਲੋਂ ਚੋਣਾਂ ਪ੍ਰਕਿਰਿਆ ਦੌਰਾਨ ਭਗਵਾਂ ਪਾਰਟੀ ਦਾ ਪੱਖ ਪੂਰਿਆ ਗਿਆ। ਮਮਤਾ ਨੇ ਇਹ ਵੀ ਕਿਹਾ ਕਿ ਭਾਵੇਂ ਬੰਗਾਲ ਵਿੱਚ ਉਨ੍ਹਾਂ ਦੀਆਂ ਸੀਟਾਂ ਦੀ ਗਿਣਤੀ ਘਟੀ ਹੈ ਪਰ ਉਨ੍ਹਾਂ ਦੀ ਵੋਟ ਪ੍ਰਤੀਸ਼ਤਤਾ ਵਧੀ ਹੈ। ਤ੍ਰਿਣਮੂਲ ਕਾਂਗਰਸ ਨੂੰ ਪਿਛਲੀ ਵਾਰ ਨਾਲੋਂ ਚਾਰ ਫੀਸਦੀ ਵੱਧ ਵੋਟ ਪਈ ਹੈ।

Real Estate