ਬਠਿੰਡਾ ਤੋਂ ਸਫਲਤਾ ਤੇ ਅਸਫਲਤਾ ਬਾਦਲ ਪਰਿਵਾਰ ਦੀ

1236

ਬਠਿੰਡਾ/ 23 ਮਈ/ ਬਲਵਿੰਦਰ ਸਿੰਘ ਭੁੱਲਰ
17ਵੀਂ ਲੋਕ ਸਭਾ ਲਈ ਸਭ ਤੋਂ ਹੌਟ ਸਮਝੇ ਜਾਂਦੇ ਬਠਿੰਡਾ ਹਲਕੇ ਤੋਂ ਨਾ ਤਾਂ ਅਕਾਲੀ ਦਲ ਜਿੱਤਿਆ ਹੈ ਅਤੇ ਨਾ ਹੀ ਕਾਂਗਰਸ ਹਾਰੀ ਹੈ, ਬਲਕਿ ਸਫ਼ਲਤਾ ਤੇ ਅਸਫ਼ਲਤਾ ਦਾ ਸਿਹਰਾ ਜੇ ਹੈ ਤਾਂ ਬਾਦਲ ਪਰਿਵਾਰ ਦਾ ਹੀ ਹੈ। ਜੇ 16ਵੀ ਅਤੇ 17ਵੀਂ ਲੋਕ ਸਭਾ ਦੇ ਚੋਣ ਨਤੀਜਿਆਂ ਦਾ ਵਿਸਲੇਸ਼ਣ ਕੀਤਾ ਜਾਵੇ ਤਾਂ ਇਸ ਹਲਕੇ ਅਧੀਨ ਪੈਂਦੀ ਬਠਿੰਡਾ ਸ਼ਹਿਰੀ ਵਿਧਾਨ ਸਭਾ ਸੀਟ ਤੋਂ 2014 ਵਿੱਚ ਹਰਸਿਮਰਤ ਕੌਰ ਬਾਦਲ ਨੂੰ ਕਰੀਬ 30 ਹਜ਼ਾਰ ਵੋਟਾਂ ਘੱਟ ਮਿਲੀਆਂ ਸਨ। ਜਦ ਕਿ ਆਪਣੇ ਪਰਿਵਾਰਕ ਹਲਕੇ ਲੰਬੀ ਤੋਂ ਉਸਨੇ ਆਪਣੇ ਸਿਆਸੀ ਤੇ ਜਾਤੀ ਸ਼ਰੀਕ ਮਨਪ੍ਰੀਤ ਸਿੰਘ ਬਾਦਲ ਨਾਲੋਂ ਕਰੀਬ 34 ਹਜ਼ਾਰ ਵੋਟਾਂ ਵੱਧ ਹਾਸਲ ਕੀਤੀਆਂ ਸਨ, ਤੇ ਸਮੁੱਚੇ ਹਲਕੇ ਤੋਂ ਕਰੀਬ 19 ਹਜ਼ਾਰ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ। ਦੂਜੇ ਪਾਸੇ 2017 ਦੀ ਵਿਧਾਨ ਸਭਾ ਚੋਣ ਵੇਲੇ ਮਨਪ੍ਰੀਤ ਬਾਦਲ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਇਹੋ ਸ਼ਹਿਰੀ ਇਲਾਕਾ ਲੱਗਭੱਗ 19 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤਿਆ ਸੀ।
ਅੱਜ ਦੇ ਚੋਣ ਨਤੀਜਿਆਂ ਮੁਤਾਬਿਕ ਹਰਸਿਮਰਤ ਕੌਰ ਬਾਦਲ ਦੀ ਆਪਣੇ ਪਰਿਵਾਰਕ ਹਲਕੇ ਲੰਬੀ ਤੋਂ 34 ਹਜ਼ਾਰ ਦੀ ਲੀਡ ਘਟ ਕੇ 16125 ਵੋਟਾਂ ਦੀ ਰਹਿ ਗਈ, ਜਿਸਦਾ ਸਿਹਰਾ ਉਸ ਹਲਕੇ ਦੇ ਉਹਨਾਂ ਕਾਂਗਰਸੀ ਵਰਕਰਾਂ ਨੂੰ ਦੇਣਾ ਬਣਦਾ ਹੈ, ਪਿਛਲੇ 3 ਸਾਲਾਂ ਤੋਂ ਜੋ ਆਪਣੇ ਆਗੂ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਨੰਗੇ ਧੜ ਬਾਦਲ ਪਰਿਵਾਰ ਦੀਆਂ ਜਿਆਦਤੀਆਂ ਝਲਦੇ ਆ ਰਹੇ ਹਨ। ਦੂਜੇ ਪਾਸੇ ਬਠਿੰਡਾ ਸ਼ਹਿਰੀ ਹਲਕੇ ਤੋਂ 3743 ਵੋਟਾਂ ਵੱਧ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਮਨਪ੍ਰੀਤ ਬਾਦਲ ਨੂੰ 2014 ਦੇ ਮੁਕਾਬਲੇ ਕਰੀਬ 33 ਹਜ਼ਾਰ ਦੀ ਠਿੱਬੀ ਲਾ ਦਿੱਤੀ। ਇੱਥੇ ਹੀ ਬੱਸ ਨਹੀਂ ਜਿਸ ਬਠਿੰਡਾ ਦਿਹਾਤੀ ਹਲਕੇ ਨੂੰ ਮਨਪ੍ਰੀਤ ਆਪਣੀ ਪਰਿਵਾਰਕ ਜਾਗੀਰ ਵਜੋਂ ਲੈਂਦੇ ਹਨ, ਉ¤ਥੋਂ ਵੀ
ਹਰਸਿਮਰਤ ਨੂੰ 2586 ਵੋਟਾਂ ਵੱਧ ਮਿਲੀਆਂ ਹਨ। ਇਸ ਨਤੀਜੇ ਤੇ ਟਿੱਪਣੀ ਕਰਦਿਆਂ ਸਿਆਸੀ ਤੌਰ ਤੇ ਸੁਚੇਤ ਇੱਕ ਪੈਨਸਨਰ ਨੇ ਕਿਹਾ ਕਿ ਜਦੋਂ ਗੁਆਂਢੀ ਸੂਬੇ ਹਰਿਆਣਾ ਨੇ ਆਪਣੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਤੇ ਬਾਕੀਆਂ ਨੂੰ ਤਨਖਾਹਾਂ ਤੇ ਭੱਤਿਆਂ ’ਚ ਵਾਧਾ ਕਰਕੇ ਬਾਗੋਬਾਗ ਕਰ ਦਿੱਤਾ ਹੈ, ਉਥੇ ਪੰਜਾਬ ਸਰਕਾਰ ਨੇ ਦਿਹਾੜੀਦਾਰਾਂ ਤੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਅਕਾਲੀ ਸਰਕਾਰ ਵੱਲੋਂ ਜਾਣ ਸਮੇਂ ਪਾਸ ਕੀਤੇ ਕਾਨੂੰਨ ਨੂੰ ਵੀ ਛਿੱਕੇ ਟੰਗ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਬਲਕਿ ਕਰਮਚਾਰੀਆਂ ਦੇ ਜਾਮ ਕੀਤੀਆਂ ਹੋਈਆਂ ਡੀ ਏ ਦੀਆਂ ਕਿਸ਼ਤਾਂ ਵੀ ਰਿਲੀਜ਼ ਕਰਨੀਆਂ ਮੁਨਾਸਿਬ ਨਹੀਂ ਸਮਝੀਆਂ, ਇਸ ਲਈ ਬਾਕੀ ਸੂਬੇ ਸਮੇਤ ਬਠਿੰਡਾ ਦੇ ਮੁਲਾਜਮ ਵਰਗ ਨੇ ਮਨਪ੍ਰੀਤ ਨੂੰ ਵਿੱਤ ਮੰਤਰੀ ਵਜੋਂ ਜੁਮੇਵਾਰ ਸਮਝਦਿਆਂ ਉਸਦੇ ਆਪਣੇ ਹਲਕੇ ਬਠਿੰਡਾ ਤੋਂ ਸਬਕ ਸਿਖਾਉਣ ਦਾ ਜੋ ਫੈਸਲਾ ਕੀਤਾ ਸੀ, ਉਸਦਾ ਨਤੀਜਾ ਹਰਸਿਮਰਤ ਦੀ ਜਿੱਤ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਹਾਲਾਂਕਿ ਜਨਤਕ ਤੌਰ ਤੇ ਮਨਪ੍ਰੀਤ ਬਾਦਲ ਨੇ ਇਹ ਐਲਾਨ ਕੀਤਾ ਸੀ ਕਿ ਬਠਿੰਡਾ ਹਲਕੇ ਤੋਂ ਹਰਸਿਮਰਤ ਦੀ ਜਿੱਤ ਉਹਨਾਂ ਦੀ ਸਿਆਸੀ ਮੌਤ ਹੋਵੇਗੀ, ਲੇਕਿਨ ਇਸ ਜਿੱਤ ਦਾ ਕਾਰਨ ਕਾਂਗਰਸੀ ਵਰਕਰਾਂ ਵਿੱਚ ਵੀ ਫੈਲੀ ਨਿਰਾਸਤਾ ਹੈ। ਨਾ ਗੁਪਤ ਰੱਖਣ ਦੀ ਸ਼ਰਤ ਤੇ ਇੱਕ ਟਕਸਾਲੀ ਕਾਂਗਰਸੀ ਵਰਕਰ ਨੇ ਦੱਸਿਆ ਕਿ ਮਨਪ੍ਰੀਤ ਨੇ ਆਪਣੇ ਕਰੀਬੀਆਂ ਨੂੰ ਅਣਅਧਿਕਾਰਤ ਤੌਰ ਤੇ ਬਠਿੰਡਾ ਵਿੱਚ ਪਰਮੋਟ ਕਰਦਿਆਂ ਕਾਂਗਰਸ ਦਾ ਅਕਾਲੀਕਰਨ ਕਰ ਦਿੱਤਾ ਹੈ। ਦਸ ਸਾਲਾਂ ਦੀ ਅਕਾਲੀ ਹਕੂਮਤ ਦੌਰਾਨ ਜਿਹੜੇ ਆਗੂ ਕੋਲ ਖੜ ਖੜ ਥਾਨਿਆਂ ਵਿੱਚ ਕਾਂਗਰਸੀਆਂ ਦਾ ਕੁਟਾਪਾ ਕਰਾਇਆ ਕਰਦੇ ਸਨ, ਉਹ ਹੁਣ ਕਾਂਗਰਸੀ ਰੂਪ ਧਾਰ ਕੇ ਉਹਨਾਂ ਤੇ ਹੀ ਸਰਦਾਰੀ ਕਰਨ ਲੱਗ ਪਏ, ਇਸ ਲਈ ਸ਼ਹਿਰ ਦੇ ਪੁਰਾਣੇ ਕਾਂਗਰਸੀ ਗੈਰਸਰਗਰਮ ਹੋਣ ਲਈ ਮਜਬੂਰ ਹੋ ਗਏ।
ਅਜਿਹੀਆਂ ਪ੍ਰਸਥਿਤੀਆਂ ਵਿੱਚ ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਬਠਿੰਡਾ ਤੋਂ ਅਕਾਲੀ ਦਲ ਦੀ ਜਿੱਤ ਤੇ ਕਾਂਗਰਸ ਦੀ ਹਾਰ ਨਹੀਂ, ਬਲਕਿ ਇਹ ਹਰਸਿਮਰਤ ਬਾਦਲ ਦੀ ਸਫ਼ਲਤਾ ਤੇ ਬਾਦਲ ਪਰਿਵਾਰ ਦੇ ਦੂਜੇ ਅਹਿਮ ਆਗੂ ਮਨਪ੍ਰੀਤ ਬਾਦਲ ਦੀ ਅਸਫ਼ਲਤਾ ਹੈ।

Real Estate