ਕੀ ਹਨ ਕਰਤਾਰਪੁਰ ਲਾਂਘੇ ਦੇ ਤਾਜਾ ਹਾਲਾਤ ?

1315

ਪਾਕਿਸਤਾਨ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀਆਂ ਕੁਝ ਤਾਜ਼ਾ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਤੋਂ ਸਾਫ਼ ਹੋ ਜਾਂਦਾ ਹੈ ਕਿ ‘ਡਿਵੈਲਪਮੈਂਟ ਆਫ਼ ਕਰਤਾਰਪੁਰ ਲਾਂਘੇ’ ਪ੍ਰੋਜੈਕਟ ਅਧੀਨ 28 ਦਸੰਬਰ ਨੂੰ ਸਰਹੱਦ ਦੇ ਉਸ ਪਾਰ ਲਾਂਘੇ ਦੀ ਸ਼ੁਰੂ ਕੀਤੀ ਗਈ ਉਸਾਰੀ ਜੰਗੀ ਪੱਧਰ ‘ਤੇ ਜਾਰੀ ਹੈ । ਭਾਰਤ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੂਆਂ ਦੀ ਗਿਣਤੀ ਸਾਧਾਰਨ ਦਿਨਾਂ ‘ਚ 2500 ਤੈਅ ਕੀਤੇ ਜਾਣ ਦੀ ਯੋਜਨਾ ਪਾਕਿਸਤਾਨ ਬਣਾ ਰਿਹਾ ਹੈ । ਖ਼ਬਰਾਂ ਅਨੁਸਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਆਸ-ਪਾਸ ਅਤੇ ਲਾਂਘੇ ਦੀ ਬਾਕੀ ਰਹਿੰਦੀ ਉਸਾਰੀ ਮੁਕੰਮਲ ਹੋਣ ਉਪਰੰਤ ਇਹ ਗਿਣਤੀ ਵਧਾ ਕੇ ਪੰਜ ਹਜ਼ਾਰ ਤੱਕ ਕੀਤੀ ਜਾ ਸਕਦੀ ਹੈ । ਜਦਕਿ ਗੁਰਪੁਰਬ ਅਤੇ ਹੋਰਨਾਂ ਵਿਸ਼ੇਸ਼ ਦਿਹਾੜਿਆਂ ਮੌਕੇ 15 ਤੋਂ 17 ਹਜ਼ਾਰ ਯਾਤਰੂ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ । ਇਸ ਤੋਂ ਪਹਿਲਾਂ ਪਾਕਿਸਤਾਨ ਨੇ ਪ੍ਰਤੀ ਦਿਨ ਸਿਰਫ਼ 700 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਮਨਜ਼ੂਰੀ ਦੇਣ ਬਾਰੇ ਕਿਹਾ ਸੀ । ਇਸ ਦੇ ਇਲਾਵਾ ਲਾਂਘੇ ਦੇ ਰੱਖ-ਰਖਾਓ ਅਤੇ ਉਸਾਰੀ ਲਈ ਪਾਕਿਸਤਾਨ ਵਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੂਆਂ ਤੋਂ ਫ਼ੀਸ ਦੇ ਰੂਪ ‘ਚ ਇਕ ਵੱਡੀ ਰਕਮ ਲੈਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ । ਜਿਸ ਦੇ ਦੌਰਾਨ ਬੱਚਿਆਂ, ਬਜ਼ੁਰਗਾਂ, ਔਰਤਾਂ, ਅਪਾਹਜਾਂ, ਗਰੁੱਪ ‘ਚ ਆਉਣ ਵਾਲੇ ਲੋਕਾਂ ਅਤੇ ਸਾਧਾਰਨ ਯਾਤਰੂਆਂ ਲਈ ਵੱਖੋ-ਵੱਖਰੀ ਫ਼ੀਸ ਤੈਅ ਕੀਤੇ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ । ਜਦਕਿ ਭਾਰਤ ਪਹਿਲਾਂ ਹੀ ਪਾਕਿਸਤਾਨ ਦੀ ਯਾਤਰਾ ਫ਼ੀਸ ਲੈਣ ਦੀ ਸ਼ਰਤ ਨੂੰ ਨਕਾਰ ਚੁੱਕਿਆ ਹੈ । ਪਾਕਿਸਤਾਨ ਵਲੋਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਅਦ ਆਪਣਾ ਇਹ ਪ੍ਰਸਤਾਵ ਭੇਜੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।

Real Estate