ਅੱਜ ਕਿੱਧਰ ਭੁਗਤਣਗੇ ਆਪ ਪਾਰਟੀ ਦੇ ਕਾਟੋ-ਕਲੇਸ਼ ਤੋਂ ਨਿਰਾਸ਼ ਵਰਕਰ ?

994

ਆਮ ਆਦਮੀ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ 4 ਸੀਟਾਂ ਜਿੱਤੀਆਂ ਅਤੇ ਪਾਰਟੀ ਨੂੰ 24।4 ਫ਼ੀਸਦ ਵੋਟ ਸ਼ੇਅਰ ਹਾਸਲ ਹੋਇਆ ਸੀ। 2014 ਦੌਰਾਨ ‘ਆਪ’ ਨੂੰ ਮਿਲਿਆ ਅਣਕਿਆਸਿਆ ਲੋਕ ਸਮਰਥਨ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜਾਰੀ ਰਿਹਾ। ਪਾਰਟੀ ਸੱਤਾ ਹਾਸਲ ਕਰਨ ਦੇ ਦਾਅਵੇ ਤੱਕ ਪਹੁੰਚ ਗਈ, ਇਹ ਗੱਲ ਵੱਖਰੀ ਹੈ ਕਿ ਪਾਰਟੀ ਨੂੰ ਸਿਰਫ਼ 20 ਸੀਟਾਂ ਹੀ ਹਾਸਲ ਹੋਈਆਂ ਅਤੇ ਵੋਟ ਸ਼ੇਅਰ ਵੀ 2014 ਮੁਕਾਬਲੇ ਮਾਮੂਲੀ ਜਿਹਾ ਘਟ ਕੇ 23।8 ਫ਼ੀਸਦ ਰਹਿ ਗਿਆ।
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਤਬਦੀਲੀ ਦਾ ਨਾਅਰਾ ‘ਇਨਕਲਾਬ ਜਿੰਦਾਬਾਦ’ ਦਿੱਤਾ ਸੀ, ਪਰ ਸੂਬੇ ਵਿੱਚ ‘ਆਪ’ ਕਾਰਕੁਨਾਂ ਵਿੱਚ ਇਨਕਲਾਬੀ ਭਾਵਨਾ ਉੱਤੇ ਅੰਦਰੂਨੀ ਖਾਨਾਜੰਗੀ ਭਾਰੂ ਹੋ ਗਈ। ਲੋਕ ਸਭਾ ਚੋਣਾਂ ਜਿੱਤਣ ਵਾਲੇ 4 ਸੰਸਦ ਮੈਂਬਰਾਂ ਵਿੱਚੋਂ ਪਟਿਆਲਾ ਦੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਤੇ ਫਤਹਿਗੜ੍ਹ ਸਾਹਿਬ ਤੋਂ ਹਰਿੰਦਰ ਖ਼ਾਲਸਾ ਨੂੰ ਕੁਝ ਮਹੀਨਿਆਂ ਬਾਅਦ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮੁਅੱਤਲ ਕਰ ਦਿੱਤਾ ਗਿਆ। ਗਾਂਧੀ ਨੇ ਆਪਣੀ ਨਵਾਂ ਪੰਜਾਬ ਪਾਰਟੀ ਬਣਾ ਲਈ ਅਤੇ ਹਰਿੰਦਰ ਖਾਲਸਾ ਸੰਸਦ ਮੈਂਬਰ ਵਜੋਂ ਆਪਣਾ ਕਾਰਜਕਾਲ ਖ਼ਤਮ ਕਰਨ ਮਗਰੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤੇ ਵਿਧਾਇਕਾਂ ਦਾ ਵੀ ਇਹੀ ਹਾਲ ਰਿਹਾ। ਪਾਰਟੀ ਕੋਲ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਹੈ, ਜੋ ਸਭ ਤੋਂ ਪਹਿਲਾ ਹਰਵਿੰਦਰ ਸਿੰਘ ਫੂਲਕਾ ਨੂੰ ਦਿੱਤਾ ਗਿਆ। ਫੂਲਕਾ 1984 ਕਤਲੇਆਮ ਦੇ ਪੀੜ੍ਹਤਾਂ ਦੇ ਵਕੀਲ ਹਨ। ਉਨ੍ਹਾਂ ਕੋਲ ਕੈਬਨਿਟ ਮੰਤਰੀ ਦਾ ਅਹੁਦਾ ਸੀ। ਬਾਰ ਕੌਂਸਲ ਦੇ ਇਤਰਾਜ਼ ਤੋਂ ਬਾਅਦ ਉਨ੍ਹਾਂ ਪਹਿਲਾਂ ਇਹ ਅਹੁਦਾ ਛੱਡਿਆ ਅਤੇ ਬਾਅਦ ਵਿੱਚ ਪਾਰਟੀ ਦੇ ਸਾਰੇ ਅਹੁਦੇ ਛੱਡ ਦਿੱਤੇ। ਫ਼ੂਲਕਾ ਦਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੇ ਅਜੇ ਤੱਕ ਸਵਿਕਾਰ ਨਹੀਂ ਕੀਤਾ ਹੈ।ਫ਼ੂਲਕਾ ਤੋਂ ਬਾਅਦ ਵਿਧਾਨ ਸਭਾ ਦੀ ਵਿਰੋਧੀ ਧਿਰ ਦੇ ਆਗੂ ਬਣੇ, ਸੁਖਪਾਲ ਖਹਿਰਾ। ਆਮ ਆਦਮੀ ਪਾਰਟੀ ਦੀ ਖਹਿਰਾ ਨਾਲ ਕੁਝ ਦੇਰ ਬਾਅਦ ਖਟਪਟ ਸ਼ੁਰੂ ਹੋ ਗਈ। ਜਦੋਂ ਖਹਿਰਾ ਨੂੰ ਇਸ ਅਹੁਦੇ ਤੋਂ ਹਟਾਇਆ ਗਿਆ ਤੇ ਹਰਪਾਲ ਚੀਮਾ ਨੂੰ ਲਗਾਇਆ ਗਿਆ ਤਾਂ ਖਹਿਰਾ ਨੇ ਸੱਤ ਵਿਧਾਇਕਾਂ ਨਾਲ ਮਿਲ ਕੇ ਬਗਾਵਤ ਕਰ ਦਿੱਤੀ। ਖਹਿਰਾ ਨੇ ਨਵੀਂ ਪਾਰਟੀ ‘ਪੰਜਾਬ ਏਕਤਾ ਪਾਰਟੀ’ ਬਣਾ ਲਈ ਹੈ। ਖਹਿਰਾ ਸਮਰਥਕ ਨਾਜ਼ਰ ਸਿੰਘ ਮਾਨਸ਼ਾਹੀਆਂ ਵੀ ਆਪ ਛੱਡ ਕੇ ਕਾਂਗਰਸ ਪਾਰਟੀ ਵਿੱਚ ਚਲੇ ਗਏ ਹਨ। ਵਿਧਾਇਕ ਕੰਵਰ ਸੰਧੂ, ਵਿਧਾਇਕ ਪਿਰਮਲ ਸਿੰਘ ਖ਼ਾਲਸਾ ਤੇ ਵਿਧਾਇਕ ਜਗਤਾਰ ਸਿੰਘ ਜੱਗਾ ਨਾ ਤਾਂ ਖਹਿਰਾ ਵੱਲ ਹਨ ਤੇ ਨਾ ਹੀ ਹਾਲੇ ਤੱਕ ਆਪ ਪਾਰਟੀ ਵੱਲ। ਕੇਜਰੀਵਾਲ ਖ਼ੇਮੇ ਦੇ ਇੱਕ ਹੋਰ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੀ ਟਿਕਟ ਉੱਤੇ ਜਿੱਤੇ 20 ਵਿਧਾਇਕਾਂ ਵਿੱਚੋਂ ਹੁਣ ਪਾਰਟੀ ਨਾਲ ਸਿਰਫ਼ 12 ਬਚੇ ਹਨ।
ਸਵਾਲ ਇਹ ਉੱਠ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰੂਨੀ ਲੜਾਈ ਦਾ ਲਾਹਾ ਕਿਸ ਨੂੰ ਮਿਲੇਗਾ ? ਭਾਵੇਂ ‘ਆਪ’ ਨੇ ਅਕਾਲੀ ਦਲ ਦੇ ਵੋਟ ਬੈਂਕ ਨੂੰ ਸਭ ਤੋਂ ਵੱਧ ਖ਼ੋਰਾ ਲਾਇਆ ਸੀ, ਹੁਣ ਸਵਾਲ ਹੈ ਕਿ ‘ਆਪ’ ਦੀ ਲੜਾਈ ਨਾਲ ਕੀ ਅਕਾਲੀ ਦਲ ਮੁੜ ਮਜ਼ਬੂਤ ਹੋ ਜਾਵੇਗਾ ? ਆਮ ਆਦਮੀ ਪਾਰਟੀ ਦੇ ਇਸ ਕਾਟੋ-ਕਲੇਸ਼ ਤੋਂ ਨਿਰਾਸ਼ ਵਰਕਰ ਅੱਜ ਕਿੱਧਰ ਭੁਗਤਣ ਜਾ ਰਹੇ ਹਨ ਇਹ 23 ਮਈ ਨੂੰ ਸਪੱਸ਼ਟ ਹੋ ਜਾਵੇਗਾ ।

Real Estate