ਮੋਦੀ ਤੇ ਸ਼ਾਹ ਗੋਡਸੇ ਬਾਰੇ ਮਜਬੂਰ ਨਜ਼ਰ ਕਿਉਂ ਆਏ ?

1141

ਕੀ ਤੁਸੀਂ ਕਦੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਲਾਚਾਰ ਵੇਖਿਆ ਹੈ? ਉਹ ਜੋ ਵੀ ਕਰਦੇ ਹਨ ਤਾਲੀ ਠੋਕ ਕੇ ਤੇ ਆਪਣੇ ਕੀਤੇ ’ਤੇ ਕਦੇ ਵੀ ਅਫਸੋਸ ਨਹੀਂ ਕਰਦੇ ਤੇ ਕਦੇ-ਕਦੇ ਹੀ ਸਫਾਈ ਦੇਣ ਦੀ ਲੋੜ ਮਹਿਸੂਸ ਕਰਦੇ ਹਨ।ਗੁਜਰਾਤ ਵਿੱਚ 2002 ਦੇ ਦੰਗੇ ਹੋਣ, ਸੋਹਰਾਬੁੱਦੀਨ ਫੇਕ ਐਨਕਾਊਂਟਰ ਮਾਮਲਾ ਹੋਵੇ, ਜੱਜ ਲੋਇਆ ਦੀ ਮੌਤ ਜਾਂ ਫਿਰ ਅਮਿਤ ਸ਼ਾਹ ਖਿਲਾਫ ਲੱਗੇ ਕਈ ਤਰ੍ਹਾਂ ਦੇ ਇਲਜ਼ਾਮ ਹੋਣ, ਨੋਟਬੰਦੀ, ਲਿੰਚਿੰਗ ਜਾਂ ਫਿਰ ਬੰਬ ਧਮਾਕਾ ਕਰਕੇ ਨਿਰਦੋਸ਼ ਲੋਕਾਂ ਦੀ ਜਾਨ ਲੈਣ ਦੇ ਇਲਜ਼ਾਮਾਂ ਵਿੱਚ ਘਿਰੀ ਪ੍ਰਗਿਆ ਠਾਕੁਰ ਨੂੰ ਭੋਪਾਲ ਤੋਂ ਲੋਕ ਸਭਾ ਚੋਣਾਂ ਵਿੱਚ ਉਤਾਰਨ ਦਾ ਫੈਸਲਾ ਹੋਵੇ, ਮੋਦੀ ਤੇ ਅਮਿਤ ਸ਼ਾਹ ਕਦੇ ਵੀ ਬੈਕਫੁੱਟ ‘ਤੇ ਨਹੀਂ ਗਏ। ਨੱਥੂਰਾਮ ਗੋਡਸੇ ਸ਼ਾਇਦ ਇਕੱਲਾ ਅਜਿਹਾ ਹੈ ਜਿਸ ਮੋਦੀ ਤੇ ਅਮਿਤ ਸ਼ਾਹ ਵਰਗੇ ਉਗਰ ਸਿਆਸਤ ਕਰਨ ਵਾਲੇ ਆਗੂਆਂ ਨੂੰ ਵੀ ਬੈਕਫੁੱਟ ‘ਤੇ ਲਿਆ ਦਿੱਤਾ ਹੈ। ਮੋਦੀ-ਸ਼ਾਹ ਨੇ ਕਿਹਾ ਸੀ ਕਿ ਪ੍ਰਗਿਆ ਠਾਕੁਰ ਨੂੰ ਚੋਣਾਂ ਵਿੱਚ ਉਤਾਰਨ ਦਾ ਫੈਸਲਾ ਉਨ੍ਹਾਂ ਲੋਕਾਂ ਨੂੰ ਜਵਾਬ ਦੇਣ ਲਈ ਕੀਤਾ ਗਿਆ ਜਿਨ੍ਹਾਂ ਭਗਵਾ ਆਤੰਕ ਦੀ ਗੱਲ ਕਹਿ ਕੇ ਹਿੰਦੂ ਸੰਸਕ੍ਰਿਤੀ ਨੂੰ ਬਦਨਾਮ ਕੀਤਾ ਸੀ। ਪ੍ਰਗਿਆ ਠਾਕੁਰ ਮਾਲੇਗਾਂਵ ਧਮਾਕੇ ਮਾਮਲੇ ਵਿੱਚ ਮੁਲਜ਼ਮ ਹੈ ਤੇ ਜ਼ਮਾਨਤ ‘ਤੇ ਬਾਹਰ ਹੈ, ਇਸ ਗੱਲ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਪਿਆ ਸੀ।
ਹੁਣ ਉਸੇ ਪ੍ਰਗਿਆ ਠਾਕੁਰ ਕਰਕੇ ਮੋਦੀ ਤੇ ਸ਼ਾਹ ਨੂੰ ਵਾਰ-ਵਾਰ ਸ਼ਰਮਿੰਦਾ ਹੋਣਾ ਪੈ ਰਿਹਾ ਹੈ।
ਪਹਿਲਾਂ ਉਨ੍ਹਾਂ ਕਿਹਾ, “ਮੁੰਬਈ ਹਮਲੇ ਵਿੱਚ ਮਾਰੇ ਗਏ ਪੁਲਿਸ ਅਫਸਰ ਹੇਮੰਤ ਕਰਕਰੇ ਨੂੰ ਮੈਂ ਸ਼ਾਪ ਦਿੱਤਾ ਸੀ।” ਉਸ ਤੋਂ ਬਾਅਦ ਉਨ੍ਹਾਂ ਗਾਂਧੀ ਦੇ ਕਾਤਲ ਬਾਰੇ ਕਿਹਾ, ”ਗੋਡਸੇ ਦੇਸ਼ ਭਗਤ ਸੀ, ਹੈ ਤੇ ਰਹਿਣਗੇ।”ਜਿਹੜੀ ਪਾਰਟੀ ਦੇਸ਼ ਭਗਤੀ ‘ਤੇ ਆਪਣਾ ਕਾਪੀਰਾਈਟ ਮੰਨਦੀ ਹੋਵੇ, ਜਿਸ ਦੇ ਆਗੂ ਹਰ ਕਿਸੇ ਨੂੰ ਦੇਸ਼ਧ੍ਰੋਹੀ ਹੋਣ ਦਾ ਸਰਟੀਫਿਕੇਟ ਵੰਡ ਕੇ ਪਾਕਿਸਤਾਨ ਜਾਣ ਦੀ ਸਲਾਹ ਦਿੰਦੇ ਹੋਣ, ਉਸੇ ਪਾਰਟੀ ਦੀ ਇੱਕ ਹਾਈ-ਪ੍ਰੋਫਾਈਲ ਉਮੀਦਵਾਰ ਮਹਾਤਮਾ ਗਾਂਧੀ ਦੇ ਕਾਤਲ ਨੂੰ ਦੇਸ ਭਗਤ ਕਹੇ ਤਾਂ ਸਵਾਲ ਤਾਂ ਚੁੱਕੇ ਹੀ ਜਾਣਗੇ ਕਿ, ਕੀ ਭਾਰਤੀ ਜਨਤਾ ਪਾਰਟੀ ਤੇ ਸੰਘ ਪਰਿਵਾਰ ਦਾ ਰਾਸ਼ਟਰਵਾਦ ਤੇ ਨੱਥੂਰਾਮ ਗੋਡਸੇ ਦਾ ਰਾਸ਼ਟਰਵਾਦ ਇੱਕੋ ਜਿਹਾ ਹੈ? ਕੀ ਗੋਡਸੇ ਤੇ ਨਰਿੰਦਰ ਮੋਦੀ ਦੀ ਦੇਸ਼ਭਗਤੀ ਇੱਕੋ ਜਿਹੀ ਹੈ?

ਪ੍ਰਗਿਆ ਦੀ ਮੁਆਫੀ

ਪ੍ਰਗਿਆ ਦੇ ਬਿਆਨ ਤੋਂ ਇਹ ਸਾਫ਼ ਸੀ ਕਿ ਇਸ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਬਚੀ ਸੀ। ਸਵਾਲਾਂ ਤੋਂ ਬਚਣ ਲਈ ਮੋਦੀ ਨੂੰ ਟੀਵੀ ਚੈਨਲ ਦੇ ਇੰਟਰਵਿਊ ਵਿੱਚ ਕਹਿਣਾ ਹੀ ਪਿਆ, “ਗਾਂਧੀ ਬਾਰੇ ਦਿੱਤੇ ਗਏ ਬਿਆਨ ਲਈ, ਉਨ੍ਹਾਂ ਨੇ ਮੁਆਫੀ ਮੰਗ ਲਈ, ਪਰ ਮੈਂ ਉਨ੍ਹਾਂ ਨੂੰ ਆਪਣੇ ਮਨ ਤੋਂ ਕਦੇ ਵੀ ਮੁਆਫ ਨਹੀਂ ਕਰ ਪਾਵਾਂਗਾ।”ਇਹ ਬਿਆਨ ਨਰਿੰਦਰ ਮੋਦੀ ਦੀ ਸ਼ਖਸ਼ੀਅਤ ਤੇ ਉਨ੍ਹਾਂ ਦੇ ਬ੍ਰਾਂਡ ਦੀ ਸਿਆਸਤ ਦੇ ਖਿਲਾਫ਼ ਜਾਂਦਾ ਹੈ। ਬਿਨਾਂ ਨਾਂ ਲਏ ਨਰਿੰਦਰ ਮੋਦੀ ਦੇ ਕਈ ਵਾਰ ਭਾਜਪਾ ਦੇ ਸੁਬ੍ਰਮਣਿਅਮ ਸਵਾਮੀ ਵਰਗੇ ਆਗੂਆਂ ਦੀ ਉਨ੍ਹਾਂ ਦੇ ਬਿਆਨਾਂ ਲਈ ਨਿੰਦਾ ਜ਼ਰੂਰ ਕੀਤੀ ਹੈ ਪਰ ਕਦੇ ਵੀ ਬਿਆਨਬਾਜ਼ਾਂ ਨੂੰ ਮੁਆਫੀ ਮੰਗਣ ਲਈ ਮਜਬੂਰ ਨਹੀਂ ਕੀਤਾ।ਜਾਂ ਤਾਂ ਉਹ ਚੁੱਪੀ ਧਾਰ ਲੈਂਦੇ ਹਨ ਜਾਂ ਸੰਕੇਤਕ ਭਾਸ਼ਾ ਜ਼ਰੀਏ ਖੁਦ ਨੂੰ ਅਜਿਹੇ ਬਿਆਨਾਂ ਤੋਂ ਅਸਹਿਮਤ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਗਰ ਹਿੰਦੁਤਵ ਦੀ ਆਈਕਨ ਬਣ ਚੁੱਕੀ ਪ੍ਰਗਿਆ ਠਾਕੁਰ ਤੋਂ ਮੁਆਫੀ ਮੰਗਵਾਉਣਾ ਉਨ੍ਹਾਂ ਦੀ ਮਜਬੂਰੀ ਬਣ ਗਈ ਸੀ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਸੈਮ ਪਿਤਰੋਦਾ ਨੂੰ ਜਨਤਕ ਤੌਰ ‘ਤੇ ਸਿੱਧੇ ਹੱਥ ਲਿਆ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਆਪਣੇ ਬਿਆਨ ‘ਤੇ ਮੁਆਫੀ ਮੰਗਣ ਨੂੰ ਕਿਹਾ, ਉਸ ਤੋਂ ਬਾਅਦ ਪ੍ਰਗਿਆ ਠਾਕੁਰ ਦੇ ਬਿਆਨ ’ਤੇ ਲੀਪੋਪੋਤੀ ਕਰਨ ਦੀ ਗੁੰਜਾਇਸ਼ ਨਹੀਂ ਬਚੀ ਸੀ। ਲੋਕਸਭਾ ਚੋਣਾਂ ਵਿਚਾਲੇ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਦੇਸਭਗਤ ਕਹਿ ਕੇ ਪ੍ਰਗਿਆ ਠਾਕੁਰ ਨੇ ਮੋਦੀ ਦੇ ਕੀਤੇ ਕਰਾਏ ਤੇ ਲਗਪਗ ਪਾਣੀ ਹੀ ਫੇਰ ਦਿੱਤਾ ਸੀ।ਮੋਦੀ ਤੇ ਸ਼ਾਹ ਕਦੇ ਸਵੀਕਾਰ ਨਹੀਂ ਕਰਨਗੇ ਪਰ ਪ੍ਰਗਿਆ ਠਾਕੁਰ ਦੇ ਅਜਿਹੇ ਬਿਆਨ ਆਉਣ ਤੋਂ ਬਾਅਦ ਉਨ੍ਹਾਂ ਨੂੰ ਚੋਣਾਂ ਵਿੱਚ ਉਤਾਰਨ ਦੇ ਆਪਣੇ ਫੈਸਲੇ ‘ਤੇ ਪਛਤਾਵਾ ਜ਼ਰੂਰ ਹੁੰਦਾ ਹੋਵੇਗਾ।ਇਹ ਪੂਰਾ ਵਿਵਾਦ ਉਦੋਂ ਹੋਇਆ ਹੈ ਜਦੋਂ ਆਖਰੀ ਗੇੜ੍ਹ ਦੀ ਵੋਟਿੰਗ ਬਾਕੀ ਹੈ ਤੇ ਭਾਜਪਾ ਇਹ ਨਹੀਂ ਜਤਾਉਣਾ ਚਾਹੇਗੀ ਕਿ ਪ੍ਰਗਿਆ ਠਾਕੁਰ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਗਲਤ ਸੀ।
ਇਸ ਲਈ ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੇ ਜਦੋਂ ਇਹ ਸਵਾਲ ਚੁੱਕਿਆ ਤਾਂ ਅਮਿਤ ਸ਼ਾਹ ਨੇ ਪ੍ਰਗਿਆ ਠਾਕੁਰ ਨੂੰ ਲੋਕਸਭਾ ਚੋਣਾਂ ਵਿੱਚ ਉਤਾਰਨ ਦੇ ਫੈਸਲੇ ਨੂੰ ‘ਭਗਵਾ ਟੈਰਰ’ ਦਾ ਇਲਜ਼ਾਮ ਲਗਾਉਣ ਵਾਲਿਆਂ ਦੇ ਖਿਲਾਫ ‘ਸੱਤਿਆਗ੍ਰਹਿ’ ਕਿਹਾ। ਜਿਸ ਦੇ ਦਮ ‘ਤੇ ਮੋਦੀ ਤੇ ਸ਼ਾਹ ਇਹ ‘ਸੱਤਿਆਗ੍ਰਹਿ’ ਕਰ ਰਹੇ ਹਨ, ਉਹ ਨਿਹੱਥੇ ਗਾਂਧੀ ਦੇ ਕਾਤਲ ਨੂੰ ਦੇਸ ਭਗਤ ਮੰਨਦੀ ਹੈ।ਸਿਰਫ ਪ੍ਰਗਿਆ ਠਾਕੁਰ ਹੀ ਨਹੀਂ, ਭਾਜਪਾ ਆਗੂ ਤੇ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਤੇ ਮੱਧ-ਪ੍ਰਦੇਸ਼ ਦੇ ਮੀਡੀਆ ਸੰਯੋਜਕ ਨਲਿਨ ਕਤੀਲ ਨੇ ਵੀ ਗੋਡਸੇ ਬਾਰੇ ਅਜਿਹੇ ਵਿਵਾਦਿਤ ਬਿਆਨ ਦਿੱਤੇ ਜਿਸ ਨੂੰ ਅਮਿਤ ਸ਼ਾਹ ਨਜ਼ਰ ਅੰਦਾਜ਼ ਨਹੀਂ ਕਰ ਸਕੇ।ਉਨ੍ਹਾਂ ਨੂੰ ਮਾਲੂਮ ਹੈ ਕਿ ਗਾਂਧੀ ਦੇ ਕਾਤਲ ਦੀ ਮਹਿਮਾ ਗਾਉਣ ਵਾਲੇ ਇਸ ਦੇਸ ਦੀ ਜਨਤਾ ਦੀਆਂ ਨਜ਼ਰਾਂ ਵਿੱਚ ਕਿੰਨੀ ਛੇਤੀ ਡਿੱਗ ਸਕਦੇ ਹਨ ਇਸ ਲਈ ਉਨ੍ਹਾਂ ਤੁਰੰਤ ਤਿੰਨੇ ਆਗੂਆਂ ਨੂੰ ਸਫਾਈ ਦੇਣ ਲਈ ਕਿਹਾ।ਭਾਜਪਾ ਆਗੂ ਅਨੰਤ ਕੁਮਾਰ ਹੇਗੜੇ ਗਾਂਧੀ ਬਾਰੇ ਨਜ਼ਰੀਆ ਬਦਲਣ ਦੀ ਵਕਾਲਤ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਇਸ ਬਹਿਸ ‘ਤੇ ਗੋਡਸੇ ਖੁਸ਼ ਹੋਣਗੇ।ਪਰ ਬਾਅਦ ਵਿੱਚ ਉਨ੍ਹਾਂ ਆਪਣੇ ਟਵੀਟ ਹਟਾ ਦਿੱਤਾ ਤੇ ਕਿਹਾ ਕਿ ਉਨ੍ਹਾਂ ਦੇ ਟਵਿੱਟਰ ਅਕਾਊਂਟ ਨੂੰ ਹੈਕ ਕਰ ਲਿਆ ਗਿਆ ਸੀ।

ਗੋਡਸੇ ‘ਤੇ ਬਿਆਨਬਾਜ਼ੀ

ਗੋਡਸੇ ਦੀ ਸਿਫਤ ਕਰਨ ਤੋਂ ਬਾਅਦ ਮੁਆਫੀ ਮੰਗਣ ਦਾ ਸਿਲਸਿਲਾ ਨਵਾਂ ਨਹੀਂ ਹੈ।ਭਾਜਪਾ ਦੇ ਸਾਂਸਦ ਸਾਕਸ਼ੀ ਮਹਾਰਾਜ ਨੇ ਮੋਦੀ ਸਰਕਾਰ ਬਣਨ ਦੇ ਕੁਝ ਹੀ ਮਹੀਨਿਆਂ ਬਾਅਦ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਸੀ ਕਿ ਜੇ ਗਾਂਧੀ ਦੇਸਭਗਤ ਸੀ ਤਾਂ ਗੋਡਸੇ ਵੀ ਦੇਸਭਗਤ ਸੀ। ਇਸ ਬਿਆਨ ‘ਤੇ ਬਵਾਲ ਹੋਣ ਤੋਂ ਬਾਅਦ ਸਾਕਸ਼ੀ ਮਹਾਰਾਜ ਨੇ ਮੁਆਫੀ ਮੰਗ ਲਈ ਸੀ। ਫਿਰ ਕੁਝ ਸਮੇਂ ਬਾਅਦ ਹਰਿਆਣਾ ਦੀ ਭਾਜਪਾ ਸਰਕਾਰ ਵਿੱਚ ਮੰਤਰੀ ਅਨਿਲ ਵਿਜ ਨੇ ਨਰਿੰਦਰ ਮੋਦੀ ਨੂੰ ਗਾਂਧੀ ਤੋਂ ਵੱਡਾ ਬ੍ਰਾਂਡ ਦੱਸਿਆ ਤੇ ਕਿਹਾ ਕਿ ਹਾਲੇ ਗਾਂਧੀ ਨੂੰ ਖਾਦੀ ਗ੍ਰਾਮ ਉਦਯੋਗ ਦੇ ਕੈਲੰਡਰ ਤੋਂ ਹਟਾਇਆ ਗਿਆ ਹੈ। ਹੌਲੀ-ਹੌਲੀ ਕਰੰਸੀ ਨੋਟ ਤੋਂ ਵੀ ਹਟਾ ਦਿੱਤਾ ਜਾਏਗਾ।ਬਾਅਦ ‘ਚ ਉਨ੍ਹਾਂ ਨੇ ਵੀ ਕਹਿ ਦਿੱਤਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ। ਅਨਿਲ ਵਿਜ ਨੂੰ ਸੰਘ ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਤੋਂ ਭਾਜਪਾ ਵਿੱਚ ਭੇਜਿਆ ਸੀ ਤੇ ਉਨ੍ਹਾਂ ਦੀ ਸਾਰੀ ਸਿਆਸੀ ਦੀਕਸ਼ਾ ਸੰਘ ਦੀਆਂ ਸ਼ਾਖਾਵਾਂ ਵਿੱਚ ਹੋਈ ਹੈ।ਇਹ ਭਾਜਪਾ ਦੇ ਨੇਤਾ ਹੀ ਨਹੀਂ ਰਾਸ਼ਟ੍ਰੀ ਸਵੈ ਸੇਵਕ ਸੰਘ ਦੇ ਸੰਘ ਚਾਲਕ ਪ੍ਰੋਫੈਸਰ ਰਾਜੇਂਦਰ ਸਿੰਘ ਉਰਫ ਰੱਜੂ ਭਈਆ ਵੀ ਮੰਨਦੇ ਸੀ ਕਿ ਗੋਡਸੇ ਅਖੰਡ ਭਾਰਤ ਦੇ ਵਿਚਾਰ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦੀ ਮੰਸ਼ਾ ਗਲਤ ਨਹੀਂ ਸੀ, ਪਰ ਉਨ੍ਹਾਂ ਤਰੀਕਾ ਗਲਤ ਅਪਣਾਇਆ। ਭਾਜਪਾ ਸਹਿਤ ਰਾਸ਼ਟ੍ਰੀ ਸਵੈ ਸੇਵਕ ਸੰਘ ਤੇ ਉਸਦੇ ਸੰਗਠਨ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਲੈ ਕੇ ਹਮੇਸ਼ਾ ਦੁਚਿੱਤੀ ਵਿੱਚ ਰਹਿੰਦੇ ਹਨ। ਉਹ ਨਾ ਤਾਂ ਖੁੱਲ੍ਹ ਕੇ ਗੋਡਸੇ ਨੂੰ ਪੂਜ ਸਕਦੇ ਹਨ ਤੇ ਨਾ ਹੀ ਕੋਸ ਸਕਦੇ ਹਨ।
ਮੋਦੀ ਤੇ ਸ਼ਾਹ ਦੇ ਬਿਆਨਾਂ ‘ਤੇ ਵੀ ਗੌਰ ਕਰੀਏ ਤਾਂ ਉਨ੍ਹਾਂ ਵਿੱਚ ਮਹਾਤਮਾ ਗਾਂਧੀ ਦੀ ਸਿਫਤ ਤੇ ਭਗਤੀ ਭਰੇ ਸ਼ਬਦ ਤਾਂ ਮਿਲ ਜਾਣਗੇ ਪਰ ਨੱਥੂਰਾਮ ਗੋਡਸੇ ਤੇ ਗਾਂਧੀ ਦੇ ਕਤਲ ਦੀ ਪ੍ਰੇਰਣਾ ਦੇਣ ਵਾਲੇ ਵਿਚਾਰਾਂ ਦੀ ਨਿੰਦਾ ਲਈ ਕੜੇ ਸ਼ਬਦ ਸ਼ਾਇਦ ਹੀ ਮਿਲਣ। ਸੰਘ, ਭਾਜਪਾ ਤੇ ਨਰਿੰਦਰ ਮੋਦੀ ਦੇ ਬਹੁਤ ਸਮਰਥਕ ਸੋਸ਼ਲ ਮੀਡੀਆ ਵਿੱਚ ਖੁੱਲ੍ਹ ਕੇ ਗੋਡਸੇ ਦੇ ਪੱਖ ਵਿੱਚ ਖੜਦੇ ਹਨ। ਇਨ੍ਹਾਂ ‘ਚੋਂ ਕਈ ਲੋਕਾਂ ਨੂੰ ਪ੍ਰਧਾਨ ਮੰਤਰੀ ਖੁਦ ਟਵਿੱਟਰ ‘ਤੇ ਫੌਲੋ ਕਰਦੇ ਹਨ।ਗੋਡਸੇ ਤੇ ਉਨ੍ਹਾਂ ਦੀ ਵਿਚਾਰਧਾਰਾ ਦੀ ਖੁੱਲ੍ਹ ਕੇ ਨਿੰਦਾ ਕਰਕੇ ਮੋਦੀ ਤੇ ਸ਼ਾਹ ਆਪਣੇ ਇਨ੍ਹਾਂ ਸਮਰਥਕਾਂ ਨੂੰ ਖੁਦ ਤੋਂ ਦੂਰ ਨਹੀਂ ਕਰਨਾ ਚਾਹੁੰਦੇ।ਇਸ ਲਈ ਉਨ੍ਹਾਂ ਦੀਆਂ ਗੱਲਾਂ ਵਿੱਚ ਗਾਂਧੀ ਭਗਤੀ ਤਾਂ ਝਲਕਦੀ ਹੈ ਪਰ ਗੋਡਸੇ ਵਿਚਾਰ ਦੇ ਖਿਲਾਫ ਸਾਫ ਸਟੈਂਡ ਨਹੀਂ ਝਲਕਦਾ।
ਸੰਘ ਪਰਿਵਾਰ ਦਾ ਇੱਕ ਪੱਖ ਗੋਡਸੇ ਦੇ ਸਾਹਮਣੇ ਨਤਮਸਤਕ ਹੋਣਾ ਚਾਹੁੰਦਾ ਹੈ ਪਰ ਗਾਂਧੀ ਦੀ ਵਿਰਾਟ ਸ਼ਖਸੀਅਤ ਉਸ ਨੂੰ ਅਜਿਹਾ ਕਰਨ ਨਹੀਂ ਦਿੰਦੀ। ਇਸ ਦੇ ਬਾਵਜੂਦ ਕਈ ਵਾਰ ਭਾਜਪਾ ਦੇ ਨੇਤਾ ਗੋਡਸੇ ਪ੍ਰਤੀ ਆਪਣੇ ਪ੍ਰੇਮ ਨੂੰ ਦਬਾ ਨਹੀਂ ਪਾਉਂਦੇ ਤੇ ਉਨ੍ਹਾਂ ਕਾਰਨ ਪੂਰੀ ਪਾਰਟੀ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਆਖਿਰ ਫਾਂਸੀ ’ਤੇ ਚੜ੍ਹਾਏ ਜਾਣ ਦੇ 70 ਸਾਲਾਂ ਬਾਅਦ ਵੀ ਗੋਡਸੇ ਨੂੰ ਲੈ ਕੇ ਭਾਜਪਾ ਇੰਨੀ ਲਾਚਾਰ ਤੇ ਮਜਬੂਰ ਕਿਉਂ ਨਜ਼ਰ ਆਉਂਦੀ ਹੈ ?

BBC

Real Estate