ਸਿੱਧੂ ਦੀਆਂ ਬਠਿੰਡਾ ਰੈਲੀਆਂ : ਕਾਂਗਰਸ ਦੀ ਅੰਦਰੂਨੀ ਫੁੱਟ ਉੱਭਰ ਕੇ ਸਾਹਮਣੇ ਆਈ

1050

ਬੇਅਦਬੀ ਦੇ ਦੋਸ਼ੀਆਂ ਨੂੰ ਗਿਰਫਤਾਰ ਨਾ ਕੀਤਾ ਤਾਂ ਮੈਂ ਅਸਤੀਫਾ ਦੇ ਦੇਵਾਂਗਾ – ਸਿੱਧੂ

ਬਠਿੰਡਾ/ 17 ਮਈ/ ਬੀ ਐੱਸ ਭੁੱਲਰ

ਇਸ ਵੱਕਾਰੀ ਸੀਟ ਦੀ ਚੋਣ ਮੁਹਿੰਮ ਸਿਖ਼ਰ ਤੇ ਪੁੱਜਣ ਦੇ ਨਾਲ ਹੀ ਪੰਜਾਬ ਕਾਂਗਰਸ ਦੀ ਅੰਦਰੂਨੀ ਫੁੱਟ ਵੀ ਪੂਰੀ ਤਰ੍ਹਾਂ ਉੱਭਰ ਕੇ ਸਾਹਮਣੇ ਆ ਗਈ, ਕਿਉਂਕਿ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰ੍ਰੀ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਰਾਜਾ ਵੜਿੰਗ ਲਈ ਵੋਟਾਂ ਮੰਗੀਆਂ, ਉੱਥੇ ਇਹ ਵੀ ਐਲਾਨ ਕਰ ਦਿੱਤਾ ਕਿ ਪੱਚੀ ਪਝੱਤਰ ਦੀ ਸਾਂਝ ਦੇ ਚਲਦਿਆਂ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸਲ ਦੋਸੀਆਂ ਨੂੰ ਗਿਰਫਤਾਰ ਨਾ ਕੀਤਾ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਜਿਕਰਯੋਗ ਹੈ ਕਿ ਕੱਲ੍ਹ ਵੱਖ ਵੱਖ ਅਖ਼ਬਾਰਾਂ ਤੇ ਟੀ ਵੀ ਚੈਨਲਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੋਸ਼ ਦਾ ਖੰਡਨ ਕੀਤਾ ਸੀ, ਕਿ ਨਵਜੋਤ ਸਿੱਧੂ ਦੀ ਪਤਨੀ ਦੀ ਟਿਕਟ ਕਟਵਾਉਣ ਵਿੱਚ ਕੋਈ ਭੂਮਿਕਾ ਹੈ, ਬਲਕਿ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਕਰਦਿਆਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ, ਕਿ ਅਗਰ ਨਤੀਜੇ ਉਲਟ ਹੋਏ ਤਾਂ ਜੁਮੇਵਾਰੀ ਕਬੂਲਦਿਆਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਦੂਜੇ ਪਾਸੇ ਚੋਣ ਮੁਹਿੰਮ ਨੂੰ ਸਿਖ਼ਰਾਂ ਤੇ ਪਹੁੰਚਾਉਣ ਲਈ ਇਸ ਲੋਕ ਸਭਾ ਹਲਕੇ ਦੇ ਦੌਰੇ ਤੇ ਆਏ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਲੰਬੀ ਤੇ ਫਿਰ ਬਠਿੰਡਾ ਸ਼ਹਿਰ ਵਿੱਚ ਦੋ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਜਿੱਥੇ ਆਮ ਲੋਕਾਂ ਨੂੰ ਰਾਜਾ ਵੜਿੰਗ ਨੂੰ ਜਿਤਾਉਣ ਲਈ ਅਪੀਲ ਕੀਤੀ, ਉਥੇ ਇਹ ਵੀ ਕਿਹਾ ਕਿ ਪਿਛਲੇ ਕਾਫ਼ੀ ਅਰਸੇ ਤੋਂ ਪੰਜਾਬ ਦੀ ਰਾਜਨੀਤਕ ’ਚ ਜੋ ਪੱਚੀ ਪਝੱਤਰ ਦੀ ਭਾਈਵਾਲੀ ਚੱਲ ਰਹੀ ਹੈ, ਉਸਨੂੰ ਤੋੜਣਾ ਵੀ ਸਮੇਂ ਦੀ ਲੋੜ ਹੈ। ਸ੍ਰੀ ਸਿੱਧੂ ਇੱਥੇ ਹੀ ਨਹੀਂ ਰੁਕੇ ਸਗੋਂ ਉਹਨਾਂ ਨੇ ਇਹ ਸੁਆਲ ਵੀ ਉਠਾਇਆ, ਕਿ ਬੇਅਦਬੀ ਅਤੇ ਬਹਿਬਲ ਕਲਾਂ ਕਾਂਡਾਂ ਦੀ ਪੜਤਾਲ ਕਰਨ ਵਾਲੀ ਐਸ ਆਈ ਟੀ ਕੀ ਜਸਟਿਸ ਰਣਜੀਤ ਸਿੰਘ ਤੋਂ ਸੁਪਰੀਮ ਹੈ, ਜੇ ਨਹੀਂ ਤਾਂ ਬਾਦਲ ਪਰਿਵਾਰ ਦਾ ਨਾਂ ਲਏ ਤੋਂ ਵਗੈਰ ਕਿਹਾ ਕਿ ਸੱਤ੍ਹਾ ਦੇ ਸਿਖ਼ਰਲਿਆਂ ਖਿਲਾਫ ਫਿਰ ਐ¤ਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਗਈ? ਵਗੈਰ ਨਾਂ ਲਏ ਤੋਂ ਹਾਰ ਦੀ ਸੂਰਤ ਵਿੱਚ ਅਸਤੀਫਾ ਦੇਣਦੀ ਕੈਪਟਨ ਵੱਲੋਂ ਕਹੀ ਗੱਲ ਤੇ ਚੁਟਕੀ ਲੈਂਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਸੀਟਾਂ ਨਾ ਆਈਆਂ ਤਾਂ ਪੱਚੀ ਪਝੱਤਰ ਵਾਲਿਆਂ ਨੇ ਤਾਂ ਭੱਜ ਹੀ ਜਾਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਰਾਧੀਆਂ ਨੂੰ ਗਿਰਫਤਾਰ ਨਾ ਕਰਨ ਦੀ ਸੂਰਤਵਿੱਚ ਉਹਨਾਂ ਖ਼ੁਦ ਵੀ ਪੰਜਾਬ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਗੱਲ ਇੱਥੇ ਹੀ ਖਤਮ ਨਹੀਂ ਹੋਈ ਬਲਕਿ ਸਿੱਧੂ ਹੋਰੀਂ ਦੂਹਰੇ ਅਰਥਾਂ ਵਾਲਾ ਇਹ ਵਾਕ ਵੀ ਬੋਲ ਗਏ ‘‘ਭੱਜ ਬਾਦਲਾ ਭੱਜ, ਕੁਰਸੀ ਖਾਲੀ ਕਰ ਸਿੱਧੂ ਆ ਰਿਹੈ।’’ ਰਾਜਨੀਤਕ ਵਿਸਲੇਸ਼ਕ ਇਸ ਘਟਨਾਕ੍ਰਮ ਨੂੰ ਕਾਂਗਰਸ ਪਾਰਟੀ ਅੰਦਰਲੀ ਗੰਭੀਰ ਫੁੱਟ ਕਰਾਰ ਦਿੰਦੇ ਹੋਏ ਇਹ ਸਮਝਦੇ ਹਨ ਕਿ ਚੋਣ ਪ੍ਰਚਾਰ ਬੰਦ ਹੋਣ ਤੋਂ ਐਨ ਪਹਿਲਾਂ ਅਜਿਹਾ ਕੁੱਝ ਨਹੀਂ ਸੀ ਵਾਪਰਨਾ ਚਾਹੀਦਾ।

Real Estate