ਲਹਿੰਦੇ ਪੰਜਾਬ ਦੇ ਵੀ ਦੋ ਟੋਟੇ ਹੋਣ ਲੱਗੇ ਹਨ

1179

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਲਹਿੰਦੇ ਪੰਜਾਬ ਨੂੰ ਵੰਡ ਕੇ ਇੱਕ ਨਵਾਂ ਦੱਖਣੀ ਪੰਜਾਬ ਬਣਾਉਣ ਦੀ ਯੋਜਨਾ ਉੱਤੇ ਅੱਗੇ ਵਧ ਰਹੀ ਹੈ ਤੇ ਇਸ ਦੇ ਲਈ ਨੈਸ਼ਨਲ ਅਸੈਂਬਲੀ ਵਿੱਚ ਇਕ ਨਵਾਂ ਬਿੱਲ ਲਿਆਂਦਾ ਜਾਵੇਗਾ। ਵਰਨਣਯੋਗ ਹੈ ਕਿ ਪਾਕਿਸਤਾਨ ਵਿੱਚ ਬਲੋਚਿਸਤਾਨ ਤੋਂ ਬਾਅਦ ਪੰਜਾਬ ਦੂਸਰਾ ਸਭ ਤੋਂ ਵੱਡਾ ਸੂਬਾ ਹੈ ਤੇ ਇਹ ਸਭ ਤੋਂ ਵੱਧ ਆਬਾਦੀ ਵਾਲਾ ਅਤੇ ਦੇਸ਼ ਦੀ ਸਿਆਸਤ ਦੇ ਪੱਖੋਂ ਪ੍ਰਭਾਵਸ਼ਾਲੀ ਰਾਜ ਮੰਨਿਆ ਜਾਂਦਾ ਹੈ। ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ 2018ਦੀਆਂ ਚੋਣਾਂ ਵਿੱਚ ਪੰਜਾਬ ਨੂੰ ਵੰਡ ਕੇ ਦੱਖਣੀ ਪੰਜਾਬ ਦਾ ਇੱਕ ਨਵਾਂ ਸੂਬਾ ਬਣਾਉਣ ਦਾ ਵਾਅਦਾ ਕੀਤਾ ਹੈ। ਵਿਦੇਸ਼ ਮੰਤਰੀ ਕੁਰੈਸ਼ੀ ਨੇ ਪੰਜਾਬ ਦੇ ਮੁਲਤਾਨ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਦੱਖਣੀ ਪੰਜਾਬ ਵਿੱਚ ਮੁਲਤਾਨ, ਬਹਾਵਲਪੁਰ ਅਤੇ ਡੇਰਾ ਗਾਜ਼ੀ ਖਾਨ ਜ਼ਿਲੇ ਪਾਏ ਜਾਣਗੇ ਤੇ ਪੰਜਾਬ ਅਸੈਂਬਲੀ ਵਿੱਚ ਸੀਟਾਂ ਦੀ ਮੌਜੂਦਾ ਗਿਣਤੀ 371 ਤੋਂ ਘਟਾ ਕੇ 251 ਕਰ ਦਿੱਤੀ ਜਾਵੇਗੀ, ਪਰ ਦੱਖਣੀ ਪੰਜਾਬ ਦੀ ਨਵੀਂ ਅਸੈਂਬਲੀ ਲਈ 120 ਸੀਟਾਂ ਰੱਖਣ ਦੀ ਤਜਵੀਜ਼ ਹੈ।ਉਨ੍ਹਾਂ ਨੇ ਕਿਹਾ ਕਿ ਨਵੇਂ ਦੱਖਣੀ ਪੰਜਾਬ ਰਾਜ ਦੇ ਗਠਨ ਲਈ ਕੌਮੀ ਅਸੈਂਬਲੀ ਵਿੱਚ ਇਸ ਬਾਰੇ ਸੰਵਿਧਾਨਕ ਸੋਧ ਬਿੱਲ ਪਾਸ ਕਰਨਾ ਹੋਵੇਗਾ। ਐਕਸਪ੍ਰੈੱਸ ਟ੍ਰਿਬਿਊਨ ਨੇ ਵਿਦੇਸ਼ ਮੰਤਰੀਕੁਰੈਸ਼ੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਧਾਰਾ 1 ਦੇ ਪਹਿਲੇ ਪੈਰਾ ਵਿੱਚ ‘ਦੱਖਣੀ ਪੰਜਾਬ‘ ਸ਼ਬਦ ਸ਼ਾਮਲ ਕੀਤਾ ਜਾਵੇਗਾ ਤੇ ਜਿਹੜੇ ਖੇਤਰ ਦੱਖਣੀ ਪੰਜਾਬ ਦਾ ਹਿੱਸਾ ਹੋਣਗੇ, ਉਨ੍ਹਾਂ ਦੇ ਨਾਮ ਇਸ ਸੋਧ ਵਿੱਚ ਸ਼ਾਮਲ ਕੀਤੇ ਗਏ ਹਨ।
ਬਲੋਚਿਸਤਾਨ, ਖੈਬਰ ਪਖਤੂਨਖਵਾ, ਪੰਜਾਬ, ਸਿੰਧ ਤੇ ਗਿਲਗਿਤ ਬਾਲਟਿਸਤਾਨ ਤੋਂ ਬਾਅਦ ਦੱਖਣੀ ਪੰਜਾਬ ਇਸ ਦੇਸ਼ ਦਾ 6ਵਾਂ ਸੂਬਾ ਹੋਵੇਗਾ।

Real Estate