ਭਖਦੀ ਚੋਣ ਮੁਹਿੰਮ ਦੀ ਤਪਸ਼ ’ਚ ਸੈਰ ਕਰਦੇ ਬਜੁਰਗਾਂ ਦੀ ਸਿਆਸੀ ਬਹਿਸ

1242

ਬਠਿੰਡਾ/ 17 ਮਈ/ ਬਲਵਿੰਦਰ ਸਿੰਘ ਭੁੱਲਰ

ਸਥਾਨ ਜੌਗਰ ਪਾਰਕ, ਸਮਾਂ ਸਾਮ ਦੇ ਛੇ ਵਜੇ, ਕਿਤੇ ਪੈ ਰਹੇ ਮੀਂਹ ਚੋਂ ਆਈ ਠੰਢੀ ਪੌਣ, ਭਖਦੀ ਚੋਣ ਮੁਹਿੰਮ ਦੀ ਤਪਸ, ਸੈਰ ਕਰਦਿਆਂ ਕਈ ਗੇੜੇ ਦੇ ਕੇ ਸਿਆਸੀ ਪਾਰਟੀਆਂ ਤੋਂ ਦੂਰੀ ਰੱਖਣ ਵਾਲੇ ਪੰਜਾਹ ਦੀ ਉਮਰ ਤੋਂ ਟੱਪੇ ਸੱਤ ਅੱਠ ਬੰਦੇ ਬੈਚਾਂ ਤੇ ਬੈਠੇ ਚਰਚਾ ਵਿੱਚ ਰੁੱਝੇ ਹੋਏ। ਇਸ ਹਲਕਾ ਬਠਿੰਡਾ ਵਿੱਚ ਭਾਵੇਂ ਚੋਣ ਮੈਦਾਨ ਵਿੱਚ ਤਾਂ 27 ਉਮੀਦਵਾਰ ਡਟੇ ਹੋਏ ਹਨ, ਪਰ ਇਹ ਚਰਚਾ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੁਆਲੇ ਹੀ ਘੁੰਮ ਰ ਹੀ ਸੀ। ਇਸ ਹਲਕੇ ਤੋਂ ਕਾਂਗਰਸ ਦੇ ਉਮੀਦਾਰ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ੍ਰੋਮਣੀ ਅਕਾਲੀ ਦੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਮੈਦਾਨ ਵਿੱਚ ਹਨ। ਇੱਕ ਦਾ ਵਿਚਾਰ ਹੈ ਕਿ ਹਮੇਸਾਂ ਦੀਆਂ ਚੋਣਾਂ ਨਾਲੋਂ ਇਸ ਵਾਰ ਆਮ ਮੁੱਦੇ ਨਹੀਂ ਉਠਾਏ ਜਾ ਰਹੇ, ਇਸ ਵਾਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈ ਬੇਅਦਬੀ ਦੀਆਂ ਘਟਨਾਵਾਂ ਹੀ ਮੁੱਖ ਮੁੱਦਾ ਬਣਿਆ ਹੋਇਆ ਹੈ। ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਵੀ ਬਰਗਾੜੀ ਵਿੱਚ ਐਲਾਨ ਕੀਤਾ ਹੈ ਕਿ ਜਿਹਨਾਂ ਨੇ ਬੇਅਦਬੀਆਂ
ਕੀਤੀਆਂ ਹਨ ਉਹਨਾਂ ਨੂੰ ਮਿਸ਼ਾਲੀ ਸਜਾਵਾਂ ਦਿਵਾਈਆਂ ਜਾਣਗੀਆਂ। ਦੂਜੇ ਨੇ ਕਿਹਾ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਹਨ, ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੁੱਕ ਕੇ ਸਹੁੰ ਖਾਧੀ ਤੇ ਫਿਰ ਉਸਤੇ ਪਹਿਰਾ ਨਾ ਦਿੱਤਾ ਕੀ ਇਹ ਬੇਅਦਬੀ ਨਹੀਂ? ਪਹਿਲੇ ਨੇ ਕਿਹਾ ਕੈਪਟਨ ਕਹਿੰਦਾ ਹੈ ਮੈਂ ਤਾਂ ਹਜਾਰਾਂ ਨਸ਼ੇ ਵੇਚਣ ਵਾਲੇ ਜੇਲ੍ਹਾਂ ਵਿੱਚ ਭੇਜ ਦਿੱਤੇ, ਪਰ ਜੇ ਸਹੁੰ ਪੂਰੀ ਨਾ ਕਰਨ ਦੀ ਗੱਲ ਵੀ ਮੰਨ ਲਈਏ ਤਾਂ ਉਹ ਵੱਡੀ ਬੇਅਦਬੀ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗੰਦੀਆਂ ਨਾਲੀਆਂ ’ਚ ਸੁੱਟਣੇ ਵੱਡੀ ਬੇਅਦਬੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਹੈ ਕਿ ਬਾਦਲਾਂ ਦੇ ਰਾਜ ਕਾਲ ਦੌਰਾਨ 2 ਸੌ ਤੋਂ ਵੱਧ ਬੇਅਦਬੀਆਂ ਹੋਈਆਂ ਹਨ। ਇੱਕ ਹੋਰ ਨੇ ਕਿਹਾ ਕਿ ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਪ੍ਰਿਯੰਕਾ ਗਾਂਧੀ ਨੇ ਤਾਂ ਇਸ ਮਸਲੇ ਦਾ ਵਿਸੇਸ਼ ਜਿਕਰ ਕਰਦਿਆਂ ਕਿਹਾ ਹੈ ਕਿ ਬੇਅਦਬੀ ਘਟਨਾਵਾਂ ਆਮ ਵਰਤਾਰਾ ਨਹੀਂ ਸੀ, ਵੋਟਾਂ ਹਾਸਲ ਕਰਨ ਲਈ ਇੱਕ ਗਿਣੀ ਮਿਥੀ ਸਾਜ਼ਿਸ ਦਾ ਹਿੱਸਾ ਸੀ, ਜਿਸਨੂੰ ਕੋਈ ਵੀ ਬਰਦਾਸਤ ਨਹੀਂ ਕਰ ਸਕਦਾ।
ਇੱਕ ਹੋਰ ਨੇ ਢਾਈ ਲਾਉਂਦਿਆਂ ਕਿਹਾ ਕਿ ਭਾਈ ਸ੍ਰ: ਪ੍ਰਕਾਸ ਸਿੰਘ ਬਾਦਲ ਤਾਂ ਹੁਣ ਵੀ ਕਹਿ ਰਿਹਾ ਹੈ ਕਿ ਸੰਸਦੀ ਚੋਣਾਂ ਵਿੱਚ ਬੇਅਦਬੀ ਤਾਂ ਕੋਈ ਮਸਲਾ ਹੀ ਨਹੀਂ ਹੈ, ਉਸਦੇ ਇਸ ਬਿਆਨ ਦਾ ਤਾਂ ਸਿੱਖ ਵਿਦਵਾਨ ਸ੍ਰੀ ਅਸੋਕ ਸਿੰਘ ਬਾਗੜੀਆ ਨੇ ਵੀ ਸਖ਼ਤ ਵਿਰੋਧ ਕੀਤਾ ਹੈ। ਪਹਿਲੇ ਨੇ ਕਿਹਾ ਇਹ ਬਿਆਨ ਤਾਂ ਬੇਅਦਬੀ ਘਟਨਾਂਵਾਂ ਨੂੰ ਜਾਇਜ਼ ਠਹਿਰਾਉਣ ਵਾਲਾ ਹੀ ਹੈ, ਜਦ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਬੇਅਦਬੀਆਂ ਅਤੇ ਇਸ ਮਾਮਲੇ ਤੇ ਪੁਲਿਸ ਦੀਆਂ ਗੋਲੀਆਂ ਨਾਲ ਬਹਿਬਲ ਕਲਾਂ ਵਿਖੇ ਹੋਏ ਸਹੀਦਾਂ ਦੀ ਬਰਗਾੜੀ ਵਿਖੇ ਯਾਦਗਾਰ ਸਥਾਪਤ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ। ਇਸਤੋਂ ਸਪਸ਼ਟ ਹੋ ਜਾਂਦਾ ਹੈ ਕਿ ਬੇਅਦਬੀ ਮਾਮਲਿਆਂ ਪ੍ਰਤੀ ਕਿਸਦੇ ਦਿਲ ਵਿੱਚ ਦਰਦ ਹੈ। ਇੱਕ ਹੋਰ ਨੇ ਚਰਚਾ ’ਚ ਹਿੱਸਾ ਲੈਂਦਿਆਂ ਕਿਹਾ ਕਿ ਇਹ ਦਰਦ ਤਾਂ ਵਿਖਾਵਾ ਹੀ ਹਨ, ਕਾਂਗਰਸ ਦਾ ਨਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਏ ਹਮਲੇ ਨਾਲ ਜੁੜਿਆ ਹੋਇਆ ਹੈ, ਇਹ ਕੌਣ ਨਹੀਂ ਜਾਣਦਾ। ਇਹ ਸੁਣਦਿਆਂ ਹੀ ਇੱਕ ਹੋਰ ਸੱਜਣ ਦਾ ਗੁੱਸਾ ਭੜਕ ਪਿਆ ਤੇ ਉਸਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਤਾਂ ਭਾਜਪਾ ਤੇ ਅਕਾਲੀ ਦਲ ਨੇ ਕਰਵਾਇਆ ਸੀ। ਭਾਜਪਾ ਤੇ ਸਿਖ਼ਰਲੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਤਾਂ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਸਪਸ਼ਟ ਲਿਖਿਐ ਕਿ ਇਸ ਸਬੰਧੀ ਤਾਂ ਉਹਨਾਂ ਨੇ ਹੀ ਦਬਾਅ ਪਾਇਆ ਸੀ। ਜੇ ਅਕਾਲੀ ਦਲ ਦੀ ਗੱਲ ਕਰੀਏ ਸ੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਜੋ ਉਸ ਵੇਲੇ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਪ੍ਰਬੰਧਕ ਸ੍ਰੀ ਆਰ ਕੇ ਧਵਨ ਨੂੰ 25 ਅਪਰੈਲ 1984 ਨੂੰ ਦਲ ਦੇ ਲੈਟਰਪੈਡ ਤੇ ਚਿੱਠੀ ਲਿਖੀ ਸੀ, ਉਹ ਜਨਤਕ ਹੋ ਚੁੱਕੀ ਹੈ। ਜਿਸ ਵਿੱਚ ਕਿਹਾ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਪਣੀ ਮਨ ਮਰਜੀ ਕਰਦਾ ਹੈ, ਸੋ
ਕਾਰਵਾਈ ਕੀਤੀ ਜਾਵੇ ਅਤੇ ਅਸੀਂ ਮੱਦਦ ਦਾ ਭਰੋਸਾ ਦਿੰਦੇ ਹਾਂ। ਜੇ ਇਹ ਚਿੱਠੀ ਅਤੇ ਅਡਵਾਨੀ ਦੀ ਕਿਤਾਬ ਨੂੰ ਦੇਖਿਆ ਜਾਵੇ ਤਾਂ ਜੁਮੇਵਾਰ ਕੌਣ ਬਣਦੇ ਹਨ? ਸਾਹਮਣੇ ਬੈਠੇ ਇੱਕ ਹੋਰ ਸਾਥੀ ਨੇ ਪ੍ਰਿਯੰਕਾ ਦੀ ਬਠਿੰਡਾ ਰੈਲੀ ਦੀ ਗੱਲ ਕਰਦਿਆਂ ਕਿਹਾ ਕਿ ਪ੍ਰਿਯੰਕਾ ਦਾ ਕੀ ਐ, ਉਹ ਤਾਂ ਕਹਿੰਦੀ ਐ ਮੇਰਾ ਘਰ ਵਾਲਾ ਤਾਂ ਪੰਜਾਬੀ ਐ, ਇਸ ਤਰ੍ਹਾਂ ਉਹ ਤਾਂ ਆਪਣੇ ਆਪ ਨੂੰ ਪੰਜਾਬ ਦੀ ਨੂੰਹ ਅਖਵਾਉਣਾ ਚਾਹੁੰਦੀ ਹੈ। ਬੀਬੀ ਹਰਸਿਮਰਤ ਬਾਦਲ ਨੇ ਵੀ ਕਿਹਾ ਕਿ ਉਹ ਐਵੇਂ ਹੀ ਨੂੰਹ ਬਣੀ ਜਾਂਦੀ ਐ ਉਸਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਓ ਯਾਰ ਇਹ ਸਿਆਸੀ ਲੋਕ ਤਾਂ ਇੱਕ ਦੂਜੇ ਤੇ ਟਿੱਪਣੀਆਂ ਕਰਦੇ ਹੀ ਰਹਿੰਦੇ ਨੇ, ਬਿਨਾਂ ਗੱਲ ਤੋਂ ਕਿਹੜੀ ਔਰਤ ਕਿਸੇ ਦੀ ਐਵੇਂ ਨੂੰਹ ਜਾਂ ਭਰਜਾਈ ਬਣਦੀ ਐ, ਨਾਲੇ ਬੀਬੀ ਬਾਦਲ ਉ¤ਤਰ ਪ੍ਰਦੇਸ ਵਿੱਚ ਜਾ ਕੇ ਕਹਿ ਦਿੰਦੀ ਐ ਮੈਂ ਉੱਤਰ ਪ੍ਰਦੇਸ਼ ਦੀ ਧੀ ਆਂ। ਲੋਕਾਂ ਨੂੰ ਬੁੱਧੂ ਬਣਾਉਣ ਲਈ ਇਹ ਲੋਕ ਛੋਛੇਬਾਜੀਆਂ ਕਰਦੇ ਰਹਿੰਦੇ ਹਨ। ਦੂਜੇ ਨੇ ਕਿਹਾ ਇਹ ਤਾਂ ਛੱਡੋ ਪਰ ਰਾਹੁਲ ਦੇ ਵੱਡ ਵਡੇਰਿਆਂ ਨੇ ਦਿੱਲੀ ਵਿੱਚ ਦੰਗੇ ਕਰਨ ਵਾਲਿਆਂ ਨੂੰ ਤਾਂ ਸਹਿਯੋਗ ਦਿੱਤਾ ਹੀ ਐ, ਇਹ ਤਾਂ ਬਿਕਰਮ ਸਿੰਘ ਮਜੀਠੀਆ ਹਰਕੇ ਸਟੇਜ ਤੇ ਦਸਦਾ ਹੈ। ਇੱਕ ਹੋਰ ਨੇ ਗੱਲਬਾਤ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਯਾਰ, ਮਜੀਠੀਆ ਸਟੇਜਾਂ ਤੇ ਇਹ ਕਿਉਂ ਨਹੀਂ ਦਸਦਾ ਕਿ ਜਦੋਂ ਜਲ੍ਹਿਆਂਵਾਲਾ ਬਾਗ ’ਚ ਅੰਗਰੇਜ ਜਨਰਲ ਡਾਇਰ ਨੇ ਹਜ਼ਾਰਾਂ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਸੀ, ਉਸਨੂੰ ਊੁਸੇ ਸਾਮ ਇਸ ਦੇ ਵੱਡ ਵਡੇਰਿਆਂ ਨੇ ਆਪਣੇ ਘਰ ਖਾਣਾ ਕਿਉਂ ਦਿੱਤਾ ਅਤੇ ਉਹਨਾਂ ਨੂੰ ਸਹਿਯੋਗ ਦੇਣ ਦਾ ਵਾਅਦਾ ਕਿਉਂ ਕੀਤਾ ਸੀ।
ਇੱਕ ਹੋਰ ਸੱਜਣ ਨੇ ਕਿਹਾ ਕਿ ਇਹਨਾਂ ਨੂੰ ਛੱਡ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਤਾਂ ਸੀ ਪੀ ਆਈ ਐਮ ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਦੱਸਿਆ ਹੈ ਅਖ਼ਬਾਰਾਂ ਰਾਹੀਂ, ਕਿ ਅਕਾਲੀ ਦਲ ਦੀ ਕੇਂਦਰ ਵਿੱਚ ਸੱਤ੍ਹਾ ਭੋਗਣ ਵਾਲੀ ਸਹਿਯੋਗੀ ਪਾਰਟੀ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਦਰਿਆਵਾਂ ਨੂੰ ਜੋੜਣ ਦੀ ਗੱਲ ਕਹੀ ਹੈ, ਉਸ ਬਾਰੇ ਅਕਾਲੀ ਦਲ ਨੂੰ ਆਪਣਾ ਸਟੈਂਡ ਸਪਸਟ ਕਰਨਾ ਚਾਹੀਦਾ ਹੈ। ਕੋਲ ਬੈਠੇ ਇੱਕ ਨੇ ਕਿਹਾ ਯਾਰ, ਇਹ ਤਾਂ ਬਿਲਕੁਲ ਚਿੰਤਾ ਵਾਲੀ ਗੱਲ ਐ, ਇਸ ਫੈਸਲੇ ਨਾਲ ਪੰਜਾਬ ਦੇ ਪਾਣੀਆਂ ਨੂੰ ਖੋਹਿਆ ਜਾਵੇਗਾ, ਜਿਸ ਕਾਰਨ ਪੰਜਾਬ ਤਾਂ ਰੇਗਸਥਾਨ ਬਣ ਜਾਵੇਗਾ ਅਤੇ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਵੇਗੀ। ਇਹ ਬਹੁਤ ਮੰਦਭਾਗਾ ਫੈਸਲਾ ਹੈ ਪੰਜਾਬ ਲਈ, ਪਰ
ਅਕਾਲੀ ਦਲ ਵਾਲੇ ਉਹਨਾਂ ਦੀ ਹਾਂਅ ਵਿੱਚ ਹਾਂਅ ਹੀ ਮਿਲਾਉਂਦੇ ਹਨ,ਫਿਰੋਧ ਕਰਨ ਦਾ ਹੌਂਸਲਾ ਹੀ ਨਹੀਂ ਕਰਦੇ। ਇਹ ਸੁਣਦਿਆਂ ਪਹਿਲੇ ਨੇ ਕਿਹਾ ਕਿ ਇਹ ਤਾਂ ਉਪਰਲੀਆਂ ਗੱਲਾਂ ਨੇ, ਤੁਸ਼ੀ ਆਪਣੇ ਸ਼ਹਿਰ ਦੀ ਗੱਲ ਕਰੋ। ਬੀਬੀ ਬਾਦਲ ਕਹਿੰਦੀ ਐ ਕਿ ਜੇ ਮੈਂ ਇਸ ਵਾਰ ਜਿੱਤ ਗਈ ਤਾਂ ਬਠਿੰਡਾ ਨੂੰ ਮੈਡੀਕਲ ਸੇਵਾਵਾਂ ਦਾ ਗੜ੍ਹ ਬਣਾ ਦੇਵਾਂਗੇ। ਇੱਕ ਹੋਰ ਨੇ ਇਸਦਾ ਜਵਾਬ ਦਿੰਦਿਆਂ ਕਿਹਾ ਕਿ ਅੱਛਾ, ਪਹਿਲਾਂ ਇਹ ਬੀਮਾਰੀਆਂ ਫੈਲਾਇਆ ਕਰਨਗੇ ਤੇ ਫੇਰ ਮੈਡੀਕਲ ਸਹੂਲਤਾਂ ਦੇ ਕੇ ਇਲਾਜ ਕਰਿਆ ਕਰਨਗੇ। ਸ਼ਹਿਰ ਦੀ ਅਬਾਦੀ ਦੇ ਵਿੱਚ ਕਚਰਾ ਪਲਾਂਟ ਵੀ ਬੀਬੀ ਬਾਦਲ ਨੇ ਹੀ ਸਥਾਪਤ ਕੀਤਾ ਹੈ ਜਿਸ ਨਾਲ ਆਸ ਪਾਸ ਦੇ ਕਈ ਕਿਲੋਮੀਟਰ ਦੇ ਏਰੀਏ ਵਿੱਚ ਬੀਮਾਰੀਆਂ ਫੈਲ ਰਹੀਆਂ ਹਨ, ਜੇ
ਉਹ ਲੋਕਾਂ ਦੀ ਸਿਹਤ ਪ੍ਰਤੀ ਹੀ ਐਨੀ ਚਿੰਤਾ ਕਰਦੀ ਐ ਤਾਂ ਸ਼ਹਿਰ ਦੇ ਵਿਚਕਾਰ ਇਹ ਗੰਦ ਦਾ ਭੰਡਾਰ ਕਿਉਂ ਲਵਾਇਐ। ਚੁੱਪ ਚਾਪ ਇੱਕ ਪਾਸੇ ਬੈਠੇ ਸੁਣ ਰਹੇ ਬਜੁਰਗ ਨੇ ਕਿਹਾ ਕਿ ਭਾਈ ਪੰਜਾਬ ਦੇ ਲੋਕ ਹੁਣ ਸਭ ਜਾਣਦੇ ਆਂ ਕਿ ਕੌਣ ਚੰਗੈ, ਕੌਣ ਮਾੜੈ। ਕੀਹਦੀ ਸਰਕਾਰ ਲੋਕਾਂ ਦੇ ਹਿਤ ਵਿੱਚ ਹੋਵੇਗੀ, ਲੋਕ ਹੁਣ ਮਨ ਬਣਾ ਚੁੱਕੇ ਐ, 23 ਮਈ ਨੂੰ ਬਿੱਲੀ ਥੈਲੇ ਚੋਂ ਬਾਹਰ ਆ ਜਾਊਗੀ। ਹੁਣ ਉੱਠੋ ਚੱਲੀਏ, ਘਰੀਂ ਪਹੁੰਚ ਕੇ ਘੁੱਟ ਚਾਹ ਦੀ ਪੀਈਏ ।

Real Estate