ਬਰਗਾੜੀ ਰੈਲੀ ’ਚ ਰਾਹੁਲ ਗਾਂਧੀ ਤੇ ਕੈਪਟਨ ਦਾ ਐਲਾਨ ਬੇਅਦਬੀ ਨਾਲ ਸਬੰਧਤ ਦੋਸੀਆਂ ਨੂੰ ਸਜਾਵਾਂ ਦਿਵਾਈਆਂ ਜਾਣਗੀਆਂ ਤੇ ਬਹਿਬਲ ਕਾਂਡ ਦੇ ਸਹੀਦਾਂ ਦੀ ਯਾਦ ਸਥਾਪਤ ਕਰਾਂਗੇ

905

ਬਰਗਾੜੀ/ 15 ਮਈ/ ਬਲਵਿੰਦਰ ਸਿੰਘ ਭੁੱਲਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਕਰਵਾਉਣ ਵਾਲਿਆਂ ਨੂੰ ਨਾ ਸਿਰਫ ਮਿਸ਼ਾਲੀ ਸਜਾਵਾਂ ਦਿਵਾਈਆਂ ਜਾਣਗੀਆਂ, ਬਲਕਿ ਉਹਨਾਂ ਦੋ ਬੇਗੁਨਾਹਾਂ ਦੀ ਇਲਾਕੇ ਦੇ ਲੋਕਾਂ ਦੇ ਸਲਾਹ ਮਸ਼ਵਰੇ ਨਾਲ ਢੁਕਵੀਂ ਯਾਦਗਾਰ ਵੀ ਸਥਾਪਤ ਕੀਤੀ ਜਾਵੇਗੀ। ਜੋ ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਸਹੀਦ ਹੋ ਗਏ ਸਨ। ਇਹ ਐਲਾਨ ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਇਸਨੂੰ ਇਤਫਾਕ ਕਿਹਾ ਜਾਵੇ ਜਾਂ ਗਿਣੀ ਮਿਥੀ ਯੋਜਨਾਬੰਦੀ ਕਿ ਕਿਸੇ ਵੇਲੇ ਦੇ ਆਪਣੇ ਗੜ੍ਹ ਵਿੱਚੋਂ ਜਦੋਂ ਅਕਾਲੀ ਦਲ ਢੁਕਵਾਂ ਉਮੀਦਵਾਰ ਵੀ ਨਾ ਮਿਲ ਸਕਿਆ ਤਾਂ ਠੀਕ ਉਹਨਾਂ ਵੇਲਿਆਂ ਵਿੱਚ ਹੀ ਕਾਂਗਰਸ ਪਾਰਟੀ ਅੱਜ ਇਸ ਇਤਿਹਾਸਕ ਕਸਬੇ ਵਿਖੇ ਰੈਲੀ ਆਯੋਜਿਤ ਕਰ ਚੁੱਕੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵਜਾਹ ਕਾਰਨ ਜਿਸਦਾ ਦਾ ਨਾਂ ਸਮੁੱਚੀ ਦੁਨੀਆਂ ਦੇ ਹਰ ਪੰਜਾਬੀ ਦੀ ਜ਼ੁਬਾਨ ਤੇ ਚੜ੍ਹ ਚੁੱਕਾ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਦੇਸ਼ ਦੀ ਆਰਥਿਕਤਾ ਨੂੰ ਮੁੜ ਪਟੜੀ ਤੇ ਚਾੜਣ ਲਈ ਜਿੱਥੇ ਆਪਣਾ ਨੀਤੀ ਪ੍ਰੋਗਰਾਮ ਪੇਸ਼ ਕਰਦਿਆਂ ਇਹ ਦੱਸਿਆ ਕਿ ਕੇਂਦਰ ਵਿੱਚ ਸਰਕਾਰ ਬਣਨ ਉਪਰੰਤ 25 ਕਰੋੜ ਨਾਗਰਿਕਾਂ ਤੇ ਅਧਾਰਿਤ ਪੰਜ ਕਰੋੜ ਗਰੀਬ ਪਰਿਵਾਰਾਂ ਦੇ ਖਾਤਿਆਂ ਵਿੱਚ ਨਿਆਂ ਯੋਜਨਾ ਤਹਿਤ ਪ੍ਰਤੀ ਸਾਲ ਬਹੱਤਰ ਬਹੱਤਰ ਹਜ਼ਾਰ ਰੁਪਏ ਜਮਾਂ ਕਰਵਾ ਕੇ ਉਹਨਾਂ ਦੀ ਆਰਥਿਕ ਹਾਲਤ ਬੇਹਤਰ ਬਣਾਈ ਜਾਵੇਗੀ, ਉੱਥੇ ਏਨੇ ਲੋਕਾਂ ਦੀ ਖਰੀਦ ਸ਼ਕਤੀ ਬਣਾ ਕੇ ਛੋਟੇ ਪੱਧਰ ਦੇ ਕਾਰੋਬਾਰਾਂ ਅਤੇ ਸਨੱਅਤ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ, ਨੋਟਬੰਦੀ ਤੇ ਜੀ ਐੱਸ ਟੀ ਦੇ ਮਾਧਿਅਮ ਰਾਹੀਂ ਜਿਸਨੂੰ ਬੁਰੀ ਤਰ੍ਹਾਂ ਬਰਬਾਦ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੇਰੁਜਗਾਰਾਂ ਦੀ ਗਿਣਤੀ ਵਿੱਚ ਕਰੋੜਾਂ ਦਾ ਵਾਧਾ ਕਰ ਦਿੱਤਾ ਸੀ। ਅਕਤੂਬਰ 2015 ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਉਸ ਵਿਰੁੱਧ ਰੋਸ਼ ਪ੍ਰਗਟਾ ਰਹੇ ਸਧਾਰਨ ਲੋਕਾਂ ਤੇ ਕੀਤੇ ਅੰਨ੍ਹੇ ਰਾਜਕੀ ਤਸੱਦਦ ਨੂੰ ਯਾਦ ਕਰਦਿਆਂ ਰਾਹੁਲ ਗਾਂਧੀ ਨੇ ਹਜ਼ਾਰਾਂ ਦੇ ਇਕੱਠ ਨੂੰ ਭਰੋਸਾ ਦਿਵਾਇਆ ਕਿ ਅਜਿਹਾ ਅਪਰਾਧ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਕਾਨੂੰਨ ਜ਼ਰੀਏ ਮਿਸ਼ਾਲੀ ਸਜ਼ਾਵਾਂ ਦਿਵਾਈਆਂ ਜਾਣਗੀਆਂ। ਇੱਥੇ ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਅਜਿਹੀਆਂ ਦਰਦਨਾਕ ਘਟਨਾਵਾਂ ਤੇ ਹੋਏ ਤਿੱਖੇ ਜਨਤਕ ਰੋਹ ਦੀ ਵਜਾਹ ਕਾਰਨ ਜਦੋਂ ਸੀਨੀਅਰ ਅਕਾਲੀ ਲੀਡਰਸਿਪ ਆਪਣੇ ਘਰਾਂ ਤੱਕ ਸੀਮਤ ਹੋ ਕੇ ਰਹਿ ਗਈ ਸੀ, ਉਦੋਂ ਕਿਸੇ ਕੌਮੀ ਪਾਰਟੀ ਦੇ ਨੰਬਰ ਦੋ ਦੇ ਰੁਤਬੇ ਵਾਲਾ ਆਗੂ ਰਾਹੁਲ ਗਾਂਧੀ ਹੀ ਸੀ, ਜਿਸਨੇ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਤੋਂ ਇਲਾਵਾ ਇਲਾਕੇ ਦੇ ਲੋਕਾਂ ਵਿੱਚ ਵਿਸਵਾਸ ਪੈਦਾ ਕਰਨ ਲਈ ਪਦ ਯਾਤਰਾ ਵੀ ਕੀਤੀ ਸੀ। ਇਸ ਦੁਖਦਾਇਕ ਘਟਨਾਕ੍ਰਮ ਬਦਲੇ ਵੇਲੇ ਦੀ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਦੇ ਇੰਚਾਰਜ ਮੰਤਰੀ ਨੂੰ ਕਟਹਿਰੇ ਵਿੱਚ ਖੜੇ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸੰਭਵ ਹੀ ਨਹੀਂ ਪੁਲਿਸ ਵੱਲੋਂ ਜਾਪ ਕਰ ਰਹੇ ਆਮ ਲੋਕਾਂ ਉੱਪਰ ਢਾਏ ਕਹਿਰਾਂ ਦੇ ਤਸੱਦਦ ਅਤੇ ਦੋ ਬੇਗੁਨਾਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਉਹਨਾਂ ਨੂੰ ਜਾਣਕਾਰੀ ਹੀ ਨਾ ਹੋਵੇ। ਉਹ ਜਾਂ ਤਾਂ ਅਜਿਹੇ ਉਚ ਅਹੁਦਿਆਂ ਦੇ ਬਿਲਕੁਲ ਹੀ ਲਾਇਕ ਨਹੀਂ ਤੇ ਜਾਂ ਜਾਣਬੁੱਝ ਕੇ ਮਚਲਪੁਣਾ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਬਾਪ ਬੇਟਾ ਅਜਿਹੇ ਬੱਜਰ ਗੁਨਾਹਾਂ ਦੀ ਵਜਾਹ ਕਾਰਨ ਨਾ ਸਿਰਫ ਹੁਣ ਆਮ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਰਹੇ ਹਨ, ਬਲਕਿ ਇਤਿਹਾਸ ਵਿੱਚ ਉਹਨਾਂ ਦਾ ਸਥਾਨ ਅਜਿਹੇ ਨਲਾਇਕਾਂ ਵਜੋਂ ਜਾਣਿਆਂ ਜਾਵੇਗਾ, ਕਿ ਭਵਿੱਖ ਦੀਆਂ ਪੀੜ੍ਹੀਆਂ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਇਲਾਕੇ ਦੇ ਲੋਕਾਂ ਨਾਲ ਰਾਇ ਮਸ਼ਵਰਾ ਕਰਕੇ ਬਹਿਬਲ ਕਲਾਂ ਵਿਖੇ ਪੁਲਿਸ ਦੀਆਂ ਗੋਲੀਆਂ ਨਾਲ ਸਹੀਦ ਹੋਏ ਕ੍ਰਿਸਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਯਾਦਗਾਰ ਸਥਾਪਤ ਕੀਤੀ ਜਾਵੇਗੀ। ਯਾਦਗਾਰ ਦੀ ਰੂਪ ਰੇਖਾ ਤਿਆਰ ਕਰਨ ਵਾਸਤੇ ਇਲਾਕੇ ਦੇ ਮੋਹਤਬਰ ਸੱਜਣਾਂ ਤੇ ਅਧਾਰਤ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਦੀ ਸਿਫ਼ਾਰਸ ਅਨੁਸਾਰ ਇਸ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇਗਾ। ਲੋਕ ਸਭਾ ਦੀ ਹਲਕਾ ਫਰੀਦਕੋਟ ਤੋਂ ਟਿਕਟ ਦੇਣ ਲਈ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਪ੍ਰਸਿੱਧ ਲੋਕਗਾਇਕ ਮੁਹੰਮਦ ਸਦੀਕ ਨੇ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਲੀਡਰ ਹੈ, ਜੋ ਆਪਣੀ ਆਖੀ ਹੋਈ ਗੱਲ ਤੇ ਅਮਲ ਹੀ ਯਕੀਨੀ ਨਹੀਂ ਬਣਾਉਂਦਾ, ਬਲਕਿ ਉਸਤੇ ਮੁਸਤੈਦੀ ਨਾਲ ਪਹਿਰਾ ਵੀ ਦਿੰਦਾ ਹੈ। ਗੁਣਾਂਤਮਕ ਤੇ ਗਿਣਾਂਤਮਕ ਪੱਖ ਤੋਂ ਇਸ ਸਫ਼ਲ ਚੋਣ ਰੈਲੀ ਨੂੰ ਸਰਵ ਗੁਰਪ੍ਰੀਤ ਸਿੰਘ ਕਾਂਗੜ, ਰਾਣਾ ਗੁਰਮੀਤ ਸਿੰਘ ਸੋਢੀ ਦੋਵੇਂ ਮੰਤਰੀ, ਹਰਜੋਤ ਕਮਲ ਤੇ ਦਰਸਨ ਸਿੰਘ ਬਰਾੜ ਦੋਵੇਂ ਵਿਧਾਇਕ ਨੇ ਵੀ ਸੰਬੋਧਨ ਕੀਤਾ। ਫਰੀਦਕੋਟ ਦੇ ਵਿਧਾਇਕ ਕੁਸਲਦੀਪ ਸਿੰਘ ਢਿੱਲੋਂ ਨੇ ਮੰਚ ਸੰਚਾਲਨ ਕੀਤਾ, ਇਸ ਮੌਕੇ ਪੰਜਾਬ ਕਾਂਗਰਸ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ, ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦੇ ਕੋਆਰਡੀਨੇਟਰ ਰਣਇੰਦਰ ਸਿੰਘ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਸੁਖਦਰਸਨ ਸਿੰਘ ਮਰਾਹੜ, ਉਘੀ ਲੋਕ ਗਾਇਕਾ ਬੀਬੀ ਰਣਜੀਤ ਕੌਰ, ਜ੍ਹਿਲਾ ਕਾਂਗਰਸ ਫਰੀਦਕੋਟ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ, ਜਿਲ੍ਹਾ ਕਾਂਗਰਸ ਮੋਗਾ ਦੇ ਪ੍ਰਧਾਨ ਮਹੇਸਇੰਦਰ ਸਿੰਘ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਮੁਕਤਸਰ ਕਾਂਗਰਸ ਦੇ ਪ੍ਰਧਾਨ ਹਰਚਰਨ ਸਿੰਘ ਸੋਥਾ ਤੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ ਵੀ ਮੌਜੂਦ ਸਨ।

Real Estate