ਬਰਗਾੜੀ ‘ਚ ਸ਼ਹੀਦ ਹੋਏ ਸਿੱਖ ਵੀਰਾਂ ਦੇ ਪਰਿਵਾਰਾਂ ਨੂੰ ਇਨਸਾਫ ਦੀ ਬਜਾਏ ਯਾਦਗਾਰ ਦੇ ਰਹੇ ਹਨ ਕੈਪਟਨ- ਡਾ. ਧਰਮਵੀਰ ਗਾਂਧੀ

845

ਕੈਪਟਨ ਨੂੰ ਵੱਡਾ ਘੱਲੂਘਾਰਾ ਤੇ ਛੋਟਾ ਘੱਲੂਘਾਰਾ ਯਾਦ ਹੈ ਪਰ 84 ਨੂੰ ਕਿਵੇਂ ਭੁੱਲ ਗਏ?

ਪਟਿਆਲਾ, 15 ਮਈ – ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਅੱਜ ਕਾਂਗਰਸ ਦੀ ਬਰਗਾੜੀ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਰਗਾੜੀ ਗੋਲੀ ਕਾਂਡ ‘ਚ ਸ਼ਹੀਦ ਹੋਏ ਨੌਜਵਾਨਾਂ ਦੀ ਯਾਦਗਾਰ ਬਣਾਉਣ ਦੇ ਕੀਤੇ ਐਲਾਨ ਦੇ ਸੰਦਰਭ ਵਿੱਚ ਬੋਲਦਿਆਂ ਕਿਹਾ ਕਿ ਬਰਗਾੜੀ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਸਿੱਖ ਵੀਰਾਂ ਦੇ ਪਰਿਵਾਰਾਂ ਨੂੰ ਯਾਦਗਾਰ ਹੀ ਨਹੀਂ ਬਲਕਿ ਪਹਿਲਾਂ ਇਨਸਾਫ ਚਾਹੀਦਾ ਹੈ। ਡਾ.ਗਾਂਧੀ ਨੇ ਕਿਹਾ ਜਿਹਨਾਂ ਪਰਿਵਾਰਾਂ ਦੇ ਜੀਅ ਬਰਗਾੜੀ ਗੋਲੀ ਕਾਂਡ ਵਿੱਚ ਹਮੇਸ਼ਾ ਲਈ ਇਸ ਦੁਨੀਆਂ ਤੋਂ ਚਲੇ ਹਨ ਜਾਂ ਜਿਹਨਾਂ ਦੇ ਪਰਿਵਾਰਕ ਮੈਂਬਰ ਇਸ ਗੋਲੀ ਕਾਂਡ ਵਿੱਚ ਜ਼ਖਮੀ ਹੋਏ ਹਨ ਉਹਨਾਂ ਦੇ ਦਿਲਾਂ ਸਮੇਤ ਸਮੁੱਚੀ ਸਿੱਖ ਕੌਮ ਦੇ ਚੇਤਿਆਂ ਵਿੱਚ ਇਸ ਗੋਲੀ ਕਾਂਡ ਦਾ ਕਾਲਾ ਦਿਨ ਹਮੇਸ਼ਾ ਯਾਦ ਰਹੇਗਾ। ਉਹਨਾਂ ਕਿਹਾ ਕਿ ਬਹੁਤ ਮੰਦਭਾਗੀ ਤੇ ਅਫਸੋਸ ਵਾਲੀ ਗੱਲ ਹੈ ਕਿ ਬਰਗਾੜੀ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਗੋਲੀ ਨਾਲ ਸ਼ਹੀਦ ਹੋਏ ਸਿੱਖ ਵੀਰਾਂ ਦੇ ਨਾਮ ‘ਤੇ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਸਿਆਸਤ ਕਰ ਰਹੇ ਹਨ।
ਡਾ. ਗਾਂਧੀ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਹੁਲ ਗਾਂਧੀ ਨਾਲ ਸਟੇਜ ਸਾਂਝੀ ਕਰਦਿਆਂ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਅਤੇ ਨਨਕਾਣਾ ਸਾਹਿਬ ਸਾਕਾ ਜਿਹੇ ਸਾਰੇ ਸਾਕਿਆਂ ਦਾ ਜ਼ਿਕਰ ਕੀਤਾ ਹੈ ਪ੍ਰੰਤੂ ਉਹ ਇੰਦਰਾ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ‘ਤੇ ਕਰਵਾਏ ਹਮਲੇ, ਫੌਜ ਰਾਹੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਦੇ ਗੋਲਿਆਂ ਨਾਲ ਢਾਹ ਢੇਰੀ ਕਰਨ ਅਤੇ ਗਾਂਧੀ ਪਰਿਵਾਰ ਦੀ ਸ਼ਹਿ ‘ਤੇ ਦਿੱਲੀ ਵਿੱਚ ਹੋਈ ਸਿੱਖ ਨਸਲਕੁਸ਼ੀ ਦਾ ਜ਼ਿਕਰ ਕਰਨਾ ਕਿਵੇਂ ਭੁੱਲ ਗਏ।
ਡਾ.ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਭਾਸ਼ਣ ਵਿੱਚ ਕਹਿ ਰਹੇ ਸਨ ਕਿ ਜਿਸ ਰਾਜ ਵਿੱਚ ਕੋਈ ਗੋਲੀ ਚੱਲਦੀ ਹੈ ਜਾਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਰਾਜ ਦਾ ਮੁਖੀ ਜਿੰਮੇਵਾਰ ਹੁੰਦਾ ਹੈ ਅਤੇ ਹੁਣ ਤੁਸੀਂ ਰਾਜ ਦੇ ਮੁਖੀ ਹੋ ਅਤੇ ਤੁਹਾਨੂੰ ਰਾਜ ਦਾ ਮੁਖੀ ਬਣਿਆਂ ਨੂੰ 2 ਸਾਲ ਤੋਂ ਵੀ ਵੱਧ ਸਮਾਂ ਬੀਤ ਚੁੱਕਿਆ ਹੈ ਤੁਸੀਂ ਵੀ ਹੁਣ ਤੱਕ ਬਰਗਾੜੀ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ। ਡਾ। ਗਾਂਧੀ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਪੰਜਾਬ ਵਿੱਚ ਦੋਸਤਾਨਾਂ ਮੈਚ ਖੇਡ ਰਹੇ ਹਨ, ਜਿਸਦੀ ਮਿਸਾਲ ਬਠਿੰਡਾ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਦੇ ਮੰਤਵ ਲਈ ਕਾਂਗਰਸ ਵੱਲੋਂ ਕਮਜ਼ੋਰ ਉਮੀਦਵਾਰ ਭੇਜਣਾ ਅਤੇ ਪਟਿਆਲਾ ਵਿੱਚ ਸ਼੍ਰੀਮਤੀ ਪ੍ਰਨੀਤ ਕੌਰ ਦੇ ਖਿਲਾਫ ਅਕਾਲੀ ਦਲ ਵੱਲੋਂ ਕਮਜ਼ੋਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਤੋਂ ਸਹਿਜੇ ਹੀ ਮਿਲ ਜਾਂਦੀ ਹੈ।
ਡਾ. ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਦੇ ਸਭ ਤੋਂ ਫੇਲ ਮੁੱਖ ਮੰਤਰੀ ਹਨ, ਕਿਉਂਕਿ ਨਾ ਤਾਂ ਉਹਨਾਂ ਕੋਲੋਂ ਪੰਜਾਬ ਵਿੱਚ ਨਸ਼ਾ ਬੰਦ ਹੋਇਆ, ਨਾ ਰੇਤ ਮਾਫੀਆ, ਨਾ ਮਾਈਨਿੰਗ ਮਾਫੀਆ ਅਤੇ ਨਾ ਹੀ ਉਹ ਜੂਆ-ਸੱਟਾ ਬੰਦ ਕਰਵਾ ਸਕੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੈਲੀਕਪਟਰ ਰਾਹੀਂ ਪੰਜਾਬ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਦਾ ਸਰਵੇਖਣ ਕੀਤਾ ਗਿਆ ਸੀ ਪ੍ਰੰਤੂ ਨਜਾਇਜ਼ ਮਾਈਨਿੰਗ ਉਹਨਾਂ ਨੇ ਸ਼ਾਇਦ ਇਸ ਕਰਕੇ ਬੰਦ ਨਹੀਂ ਕਰਵਾਈ ਕਿਉਂਕਿ ਇਹ ਗੋਰਖ ਧੰਦਾ ਉਹਨਾਂ ਦੇ ਆਪਣੇ ਵਿਧਾਇਕ ਕਰ ਰਹੇ ਹਨ ਅਤੇ ਜੇਕਰ ਮੁੱਖ ਮੰਤਰੀ ਆਪਣੇ ਜੱਦੀ ਜ਼ਿਲੇ ਪਟਿਆਲਾ ਵਿੱਚੋਂ ਹੀ ਕਾਂਗਰਸੀ ਵਿਧਾਇਕਾਂ ਵੱਲੋਂ ਕੀਤੀ ਜਾਂਦੀ ਨਜਾਇਜ਼ ਮਾਈਨਿੰਗ ਬੰਦ ਨਹੀਂ ਕਰਵਾ ਸਕੇ ਤਾਂ ਸਮੁੱਚੇ ਪੰਜਾਬ ਵਿੱਚੋਂ ਕਿਵੇਂ ਬੰਦ ਕਰਵਾਉਣਗੇ। ਡਾ. ਗਾਂਧੀ ਨੇ ਕਿਹਾ ਕਿ ਜਿੰਨੀ ਲੁੱਟ ਪੰਜਾਬ ਵਿੱਚ ਅਕਾਲੀਆਂ ਨੇ ਮਚਾਈ ਸੀ ਉਸ ਤੋਂ ਕਿਤੇ ਜ਼ਿਆਦਾ ਲੁੱਟ ਕਾਂਗਰਸੀ ਮਚਾ ਰਹੇ ਹਨ

Real Estate