ਸੁਲਝਾਇਆ ਗਿਆ ਬੀਤੇ ਦਿਨੀਂ ਹੋਈ ਬੇਅਦਬੀ ਦਾ ਮਸਲਾ

ਬੀਤੇ ਦਿਨ ਮਲੇਰਕੋਟਲਾ ਦੇ ਪਿੰਡ ਹਥੋਆ ਦੇ ਗੁਰਦਵਾਰਾ ਸਾਹਿਬ ‘ਚ ਵਾਪਰੀ ਬੇਅਦਬੀ ਵਾਲੀ ਘਟਨਾ ਨੂੰ ਪੰਜਾਬ ਪੁਲਿਸ ਨੇ ਪੂਰੀ ਮੁਸਤੈਦੀ ਅਤੇ ਫੁਰਤੀ ਨਾਲ ਹੱਲ ਕਰਦਿਆਂ ਖੁਲਾਸਾ ਕੀਤਾ ਕਿ ਗੁਰਦਵਾਰਾ ਸਾਹਿਬ ਵਿੱਚ ਅਚਾਨਕ ਅੱਗ ਲੱਗ ਗਈ ਸੀ ਜਿਸ ਉਪਰੰਤ ਆਪਣੀ ਨੌਕਰੀ ਅਤੇ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੇ ਡਰੋਂ ਗ੍ਰੰਥੀ ਸਿੰਘ ਨੇ ਝੂਠੀ ਕਹਾਣੀ ਘੜ ਦਿੱਤੀ। ਇਹ ਮਾਮਲਾ ਚੰਡੀਗੜ੍ਹ, ਲੁਧਿਆਣਾ ਅਤੇ ਸੰਗਰੂਰ ਦੀਆਂ ਫੋਰੈਂਸਿਕ ਮਾਹਿਰ ਟੀਮਾਂ ਦੇ ਠੋਸ ਅਤੇ ਸਾਂਝੇ ਉਪਰਾਲੇ ਸਦਕਾ ਹੱਲ ਹੋਇਆ ਜਿਸ ਵਿਚ ਪੰਜਾਬ ਪੁਲਿਸ ਵੱਲੋਂ ਮੁਬੰਈ ਤੋਂ ਗੋਪਾਲ ਰੇਲਕਰ ਦੀ ਅਗਵਾਈ ‘ਚ ਲਿਆਂਦੀ ਮਾਹਿਰਾਂ ਦੀ ਟੀਮ ਦਾ ਵੀ ਲੋੜੀਂਦਾ ਸਹਿਯੋਗ ਲਿਆ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਰੇਂਜ ਦੇ ਆਈ।ਜੀ ਏ।ਐਸ। ਰਾਏ ਅਤੇ ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗਰਗ ਦੀ ਅਗਵਾਈ ਹੇਠ ਟੀਮਾਂ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਰਿਕਾਰਡ ਸਮੇਂ ਵਿਚ ਮਾਮਲਾ ਹੱਲ ਕਰਨ ਲਈ ਪੁਲੀਸ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਅਜਿਹੇ ਮਾਮਲੇ ਸੂਬੇ ਵਿੱਚ ਫਿਰਕੂ ਤਣਾਅ ਪੈਦਾ ਕਰ ਸਕਦੇ ਹਨ।
ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਪਿੰਡ ਹਥੋਆ ਦੇ ਗੁਰਦਆਰਾ ਸਾਹਿਬ ਦੇ ਅੰਦਰ ਕੰਧ ‘ਤੇ ਲੱਗਾ ਪੱਖਾ ਗਰਮ ਹੋ ਜਾਣ ਕਾਰਨ ਅਚਾਨਕ ਅੱਗ ਲੱਗ ਗਈ। ਪੱਖੇ ਦੇ ਦੁਆਲੇ ਲੱਗਾ ਪੀ।ਵੀ।ਸੀ। ਦਾ ਕਵਰ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਸੰਤਰੀ ਰੰਗ ਦਾ ਪਰਨਾ, ਜਿਸ ਨਾਲ ਪੱਖਾ ਬੰਨ੍ਹਿਆ ਹੋਇਆ ਸੀ, ਜੋ ਅੱਗੇ ਪਾਲਕੀ ਸਾਹਿਬ ਦੇ ਕੌਲੇ ਨਾਲ ਬੱਝਾ ਸੀ, ਨੂੰ ਵੀ ਅੱਗ ਪੈ ਗਈ। ਅੱਗ ਪੈਣ ਉਪਰੰਤ ਦੋਵੇਂ ਪੱਖੇ ਅਤੇ ਪਰਨਾ ਫਰਸ਼ ‘ਤੇ ਵਿਛਾਏ ਗਲੀਚੇ ‘ਤੇ ਜਾ ਡਿੱਗੇ ਜਿਸ ਨਾਲ ਅੱਗ ਫੈਲਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਲੱਗ ਗਈ। ਜਦੋਂ ਫੋਰੈਂਸਿਕ ਟੀਮਾਂ ਨੇ ਗ੍ਰੰਥੀ ਜੋਗਾ ਸਿੰਘ ਤੋਂ ਪੁਛਗਿੱਛ ਕੀਤੀ ਅਤੇ ਸਬੂਤਾਂ ਬਾਰੇ ਜਾਣਕਾਰੀ ਮੰਗੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਖੁਦ ਹੀ ਸਾਰੀ ਕਹਾਣੀ ਘੜੀ ਹੈ। ਉਸ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਸ ਨੂੰ ਡਰ ਸੀ ਕਿ ਪਿੰਡ ਵਾਸੀ ਉਸ ‘ਤੇ ਕੋਤਾਹੀ ਦਾ ਦੋਸ਼ ਲਗਾ ਕੇ ਉਸ ਨੂੰ ਨੌਕਰੀ ਤੋਂ ਕੱਢ ਦੇਣਗੇ ਜੋ ਕਿ ਚਾਰ ਜੀਆਂ ਵਾਲੇ ਉਸ ਦੇ ਪਰਿਵਾਰ ਦੀ ਆਮਦਨੀ ਦਾ ਇਕੋ-ਇਕ ਵਸੀਲਾ ਹੈ। ਪੁੱਛਗਿੱਛ ਤੋਂ ਡਰਦਿਆਂ ਗ੍ਰੰਥੀ ਨੇ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਲ ਸਾਰੀ ਗੱਲ ਮੰਨ ਲਈ। ਉਸ ਨੇ ਪ੍ਰਧਾਨ ਨੂੰ ਦੱਸਿਆ ਕਿ ਉਸ ਨੇ ਇਕ ਆਰਜ਼ੀ ਪੱਖਾ ਟੰਗਿਆ ਸੀ ਜਿਸ ਨੂੰ ਅੱਗ ਪੈ ਗਈ। ਉਸ ਨੇ ਪੁਲਿਸ ਨੂੰ ਅੱਧਾ ਸੜਿਆ ਕਪੜਾ ਅਤੇ ਪੱਖੇ ਦੀ ਮੋਟਰ ਵੀ ਦਿਖਾਈ ਜਿਹੜੀ ਕਿ ਉਸ ਨੇ ਗੁਰਦਵਾਰਾ ਸਾਹਿਬ ਵਿਚਲੇ ਆਪਣੇ ਘਰ ਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਕੀਤੀ।

Real Estate