ਮੋਦੀ ਦੀ ਬਠਿੰਡਾ ਰੈਲੀ : ਬੇਅਦਬੀ ਦੇ ਦੋਸਾਂ ਨੂੰ ਕਾਟ ਕਰਨ ਲਈ ਅਕਾਲੀ ਦਲ ਨੇ ਚੌਰਾਸੀ ਦੇ ਦੁਖਾਂਤ ਨੂੰ ਇਸਤੇਮਾਲ ਕਰਨ ਦਾ ਯਤਨ ਕੀਤਾ

996

ਬਠਿੰਡਾ, ਬਲਵਿੰਦਰ ਸਿੰਘ ਭੁੱਲਰ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸਾਂ ਨੂੰ ਧੋਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਰੈਲੀ ਰਾਹੀਂ ਬੇਸੱਕ ਸ੍ਰੋਮਣੀ ਅਕਾਲੀ ਦਲ ਬਾਦਲ ਨੇ 1984 ਦੇ ਦੁਖਾਂਤ ਨੂੰ ਇੱਕ ਰੰਗ ਦੇ ਪੱਤੇ ਵਜੋਂ ਇਸਤੇਮਾਲ ਕਰਨ ਦਾ ਭਾਵੇਂ ਭਰਪੂਰ ਯਤਨ ਕੀਤਾ, ਲੇਕਿਨ ਪ੍ਰਸਥਿਤੀਆਂ ਦੇ ਵੱਸ ਆਸਾਂ ਨੂੰ ਓਨਾ ਬੂਰ ਨਹੀਂ ਪਿਆ, ਜਿਨਾ ਅਕਾਲੀ ਭਾਜਪਾ ਗੱਠਜੋੜ ਨੇ ਚਿਤਵਿਆ ਸੀ।
ਮਿਥੇ ਹੋਏ ਸਮੇਂ ਨਾਲੋਂ ਕੁੱਝ ਦੇਰੀ ਨਾਲ ਜਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਆਯੋਜਿਤ ਕੀਤੀ ਰੈਲੀ ਦੇ ਮੰਚ ਤੇ ਪੁੱਜੇ ਤਾਂ ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਸੰਬੋਧਨ ਕਰ ਰਹੇ ਸਨ। ਮੌਸਮ ਦਾ ਮਜਾਜ ਕਿਉਂਕਿ ਕੁੱਝ ਉਲਟ ਇਸਾਰੇ ਕਰ ਰਿਹਾ ਸੀ, ਇਸ ਲਈ ਸੁਖਬੀਰ ਦੇ ਭਾਸ਼ਣ ਦੀ ਸਮਾਪਤੀ ਤੇ ਮੰਚ ਸੰਚਾਲਕ ਸ੍ਰ: ਸਿਕੰਦਰ ਸਿੰਘ ਮਲੂਕਾ ਨੇ ਭਾਵੇਂ ਸੰਬੋਧਨ ਲਈ ਨਾਂ ਤਾਂ ਸ੍ਰ: ਪ੍ਰਕਾਸ ਸਿੰਘ ਬਾਦਲ ਦਾ ਬੋਲਣਾ ਸੁਰੂ ਕੀਤਾ, ਲੇਕਿਨ ਉਸਨੂੰ ਅਣਗੌਲਿਆਂ ਕਰਦਿਆਂ ਸ੍ਰੀ ਮੋਦੀ ਨੇ ਆਪਣਾ ਮਾਈਕ ਜਾ ਸੰਭਾਲਿਆ। ਬੀਬਾ ਹਰਸਿਮਰਤ ਕੌਰ ਬਾਦਲ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਪਹਿਲਾਂ ਹੀ ਬੋਲਣ ਤੋਂ ਇਨਕਾਰ ਕਰ ਚੁੱਕੇ ਸਨ।
ਆਪਣੇ ਸੰਬੋਧਨ ਰਾਹੀਂ ਸ੍ਰੀ ਮੋਦੀ ਨੇ ਵਗੈਰ ਨਾਂ ਲਿਆਂ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਆਪਣੇ ਤਿੱਖੇ ਤੀਰਾਂ ਦਾ ਸ਼ਿਕਾਰ ਬਣਾਇਆ। 1984 ਦੇ ਸਿੱਖ ਕਤਲੇਆਮ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਮਿਸਨਾਂ ਦੇ ਭੰਬਲਭੂਸੇ ਰਾਹੀਂ ਨਾਮਦਾਰ ਦੇ ਵੱਡੇ ਵਡੇਰਿਆਂ ਨੇ ਨਾ ਸਿਰਫ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਇਸ ਅਪਰਾਧ ਦੇ ਦੋਸ਼ੀਆਂ ਨੂੰ ਬਚਾਉਣ ਦਾ ਹਰ ਹੀਲਾ ਵਸੀਲਾ ਇਸਤੇਮਾਲ ਕੀਤਾ, ਬਲਕਿ ਉਹਨਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਨਾਲ ਨਿਵਾਜਿਆ। ਕਮਲਨਾਥ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਬਣਾਉਣ ਤੇ ਹਟਾਉਣ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਉਸ ਸਖ਼ਸ ਨੂੰ ਮੱਧ ਪ੍ਰਦੇਸ ਦਾ ਮੁੱਖ ਮੰਤਰੀ ਬਣਾ ਕੇ ਨਾਮਦਾਰ ਨੇ ਇੱਕ ਵਾਰ ਫਿਰ ਸਿੱਖ ਭਾਈਚਾਰੇ ਦੇ ਜਖ਼ਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ। ਇੱਥੇ ਹੀ ਬੱਸ ਨਹੀਂ, ਸੈਮ ਪਿਤਰੋਦਾ ਨੂੰ ਉਸ ਵੇਲੇਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦਾ ਸਲਾਹਕਾਰ ਦਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅਸਲ ਵਿੱਚ 1984 ਦਾ ਜੋ ਸਰਮਨਾਕ ਕਾਂਡ ਹੋਇਆ ਸੀ, ਉਸਨੂੰ ‘‘ਜੋ ਹੂਆ ਸੋ ਹੂਆ’’ ਕਹਿ ਕੇ ਉਸਨੇ ਕਾਂਗਰਸ ਪਾਰਟੀ ਦੀ ਕਥਿਤ ਸਿੱਖ ਵਿਰੋਧੀ ਮਾਨਿਸਕਤਾ ਦਾ ਹੀ ਇਜ਼ਹਾਰ ਕੀਤਾ ਹੈ।ਰਾਹੁਲ ਗਾਂਧੀ ਵੱਲੋਂ ਇਹ ਕਹਿਣ ਤੇ ਕਿ ਆਪਣੇ ਕਥਨ ਲਈ ਪਿਤਰੌਦਾ ਨੂੰ ਸਰਮ ਆਉਣੀ ਚਾਹੀਦੀ ਹੈ, ਤੇ ਚੁਟਕੀ ਲੈਂਦਿਆਂ ਮੋਦੀ ਨੇ ਕਿਹਾ ਕਿ ਅਸਲ ਵਿੱਚ ਸ਼ਰਮਸਾਰ ਤਾਂ ਖ਼ੁਦ ਰਾਹੁਲ ਗਾਂਧੀ ਨੂੰ ਹੀ ਹੋਣਾ ਚਾਹੀਦਾ ਹੈ, ਜਿਸਦੇ ਵੱਡ ਵਡੇਰਿਆਂ ਸਮੇਤ ਉਹ ਖੁਦ ਵੀ ਸਿੱਖ ਭਾਈਚਾਰੇ ਦੇ ਹਿਤਾਂ ਨਾਲ ਧਰੋਹ ਕਮਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਉਸ ਵੇਲੇ ਸੰਘ ਪਰਿਵਾਰ ਦੀ ਅਸਲ ਯੋਜਨਾ ਨੂੰ ਬੇਨਕਾਬ ਕਰ ਦਿੱਤਾ, ਜਦ ਉਹ ਭਾਰਤ ਦੇ ਸਮੁੱਚੇ ਦਰਿਆਵਾਂ ਨੂੰ ਆਪਸ ਵਿੱਚ ਮਿਲਾਉਣ ਦਾ ਸਿੱਧਾ ਜਿਕਰ ਕੀਤੇ ਬਿਨਾਂ ਇਹ ਕਹਿ ਗਏ, ਕਿ ਸਤਿਲੁਜ ਤੇ ਬਿਆਸ ਸਮੇਤ
ਦੇਸ਼ ਦੇ ਦਰਿਆਵਾਂ ਦਾ ਪਾਣੀ ਉਸਾਰੂ ਢੰਗ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾਵੇਗਾ। ਪੰਜਾਬ ਦੀ ਧਰਤੀ ਤੇ ਅਜਿਹਾ ਇਸ਼ਾਰਾ ਕਰਨਾ ਅਕਾਲੀ ਦਲ ਦੀਆਂ ਚੋਣ ਸੰਭਾਵਨਾਵਾਂ ਤੇ ਡਾਢਾ ਅਸਰ ਪਾ ਸਕਦਾ ਹੈ। ਉਤੋਂ ਸਿਤਮ ਜ਼ਰੀਫੀ ਇਹ ਕਿ ਦੇਸ ਦੇ ਕੁਝ ਜਿੰਦਾ ਸੀਨੀਅਰ ਸਿਆਸਤਦਾਨਾਂ ਚੋਂ ਇੱਕ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਬੋਲਣ ਦਾ ਮੌਕਾ ਨਾ ਦੇਣਾ ਅਕਾਲੀ ਕਾਡਰ ਨੂੰ ਬਦਜ਼ਨ ਕਰ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਕਰਜਾ ਮੁਆਫੀ ਵਜੋਂ ਦਿੱਤੀ ਦੋ ਲੱਖ ਰੁਪਏ ਦੀ ਰਾਹਤ ਨੂੰ ਧੋਖਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਇਸ ਸਰਹੱਦੀ ਸੂਬੇ ਦੇ ਕਿਸਾਨ ਅਜਿਹੀ ਧੋਖੇਬਾਜੀ ਕਾਰਨ ਹੀ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹਨ। ਸ੍ਰੀ ਨਰਿੰਦਰ
ਮੋਦੀ ਦਾ ਇਹ ਕਥਨ ਅਕਾਲੀ ਦਲ ਤੇ ਵੀ ਭਾਰੂ ਪੈ ਸਕਦਾ ਹੈ, ਕਿਉਂਕਿ ਦਸ ਸਾਲ ਦੀ ਬਾਦਲ ਸਰਕਾਰ ਦੌਰਾਨ ਕਰਜੇ ਦੇ ਝੰਬੇ ਹੋਏ ਕਿਸਾਨਾਂ ਨੇ ਰਿਕਾਰਡਤੋੜ ਗਿਣਤੀ ਵਿੱਚ ਖੁਦਕਸੀਆਂ ਕੀਤੀਆਂ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸਾਂ ਦੀ ਕਾਟ ਲਈ ਲੀਡਰਸਿਪ ਨੇ ਸੱਜਣ ਕੁਮਾਰ ਖਿਲਾਫ਼ ਗਵਾਹੀ ਦੇਣ ਵਾਲੀ ਬੀਬੀ ਜਗਦੀਸ ਕੌਰ ਨੂੰ ਵੀ ਉਚੇਚੇ ਤੌਰ ਤੇ ਬੁਲਾ ਕੇ ਉਹਨਾਂ ਦੀ ਤਕਰੀਰ ਵੀ ਕਰਵਾਈ, ਜਿਸ ਰਾਹੀਂ ਕਾਂਗਰਸ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਦਿਆਂ ਦਿੱਲੀ ਦੇ ਦੁਖਾਂਤ ਲਈ ਮਰਹੂਮ ਰਾਜੀਵ ਗਾਂਧੀ ਨੂੰ ਦੋਸ਼ੀ ਗਰਦਾਨਿਆਂ। ਪੰਦਰਾਂ ਮਈ ਨੂੰ ਰਾਹੁਲ ਗਾਂਧੀ ਦੀ ਬਰਗਾੜੀ ਆਮਦ ਜਿੱਥੇ ਉਹ ਇੱਕ ਰੈਲੀ ਨੂੰ ਸੰਬੋਧਨ ਕਰਨਗੇ, ਨੂੰ ਲੈ ਕੇ ਵੀ
ਅਕਾਲੀ ਭਾਜਪਾ ਲੀਡਰਸਿਪ ਡਾਢੀ ਬੇਚੈਨ ਨਜਰ ਆਈ, ਕਿਉਂਕਿ ਪ੍ਰਧਾਨ ਮੰਤਰੀ ਸਮੇਤ ਹਰੇਕ ਬੁਲਾਰੇ ਨੇ ਇਸਨੂੰ ਇੱਕ ਰਾਜਨੀਤਕ ਸਟੰਟ ਕਰਾਰ ਦਿੱਤਾ। ਇਸ ਰੈਲੀ ਨੂੰ ਸਰਵ ਸ੍ਰੀ ਬਲਵਿੰਦਰ ਸਿੰਘ ਭੂੰਦੜ, ਸਵੇਤ ਮਲਿਕ, ਜਗਮੀਤ ਸਿੰਘ ਬਰਾੜ, ਗੁਲਜਾਰ ਸਿੰਘ ਰਣੀਕੇ ਨੇ ਵੀ ਸੰਬੋਧਨ ਕੀਤਾ, ਇਸ ਮੌਕੇ ਸਰਵ ਸ੍ਰੀ ਜਗਦੀਪ ਸਿੰਘ ਨਕੱਈ, ਜੀਤ ਮੁਹਿੰਦਰ ਸਿੰਘ ਸਿੱਧੂ, ਜਨਮੇਜਾ ਸਿੰਘ ਸੇਖੋਂ ਆਦਿ ਵੀ ਹਾਜਰ ਸਨ।

Real Estate