ਅਜਿਹੀਆਂ ਘਟਨਾਵਾਂ ਜੋ ਦੇਸ਼ ਦੇ ਹਾਲਾਤਾਂ ਦੀ ਮੂੰਹ ਬੋਲਦੀ ਤਸਵੀਰ ,ਦੁਨੀਆਂ ਪੱਧਰ ਤੇ ਸਿਰ ਨੀਵਾਂ ਕਰਨ ਵਾਲੀ ਤੇ ਸਰਕਾਰਾਂ ਦੇ ਮੂੰਹ ਤੇ ਚਪੇੜ

1281

ਬਲਵਿੰਦਰ ਸਿੰਘ ਭੁੱਲਰ

ਭਾਰਤ ਨੂੰ ਆਜ਼ਾਦ ਹੋਇਆਂ ਬਹੱਤਰ ਸਾਲ ਲੰਘ ਗਏ ਹਨ, ਜੋ ਦੇਸ਼ ਦੇ ਵਿਕਾਸ ਲਈ ਬਹੁਤ ਵੱਡਾ ਸਮਾਂ ਹੁੰਦਾ ਹੈ। ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਆਜ਼ਾਦੀ ਪ੍ਰਵਾਨਿਆਂ, ਗਦਰੀ ਬਾਬਿਆਂ, ਸੁਤੰਤਰਤਾ ਸੰਗਰਾਮੀਆਂ, ਦੇਸ਼ ਭਗਤਾਂ ਨੇ ਇਹ ਸੋਚ ਕੇ ਫਾਂਸੀ ਦੇ ਰੱਸੇ ਚੁੰਮੇ, ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਵਿੱਚ ਤਸੀਹੇ ਝੱਲੇ ਅਤੇ ਬ੍ਰਿਟਿਸ਼ ਸਰਕਾਰ ਦੀਆਂ ਡਾਂਗਾਂ ਖਾਧੀਆਂ ਤੇ ਗੋਲੀਆਂ ਸੀਨਿਆਂ ਵਿੱਚ ਝੱਲੀਆਂ ਕਿ ਆਜ਼ਾਦੀ ਤੋਂ ਬਾਅਦ ਭਾਰਤ ਤਰੱਕੀ ਕਰਕੇ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਵਿੱਚ ਪਹੁੰਚ ਜਾਵੇਗਾ। ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਆਪਣਿਆਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ। ਇਹ ਸਰਕਾਰਾਂ ਕਾਂਗਰਸ ਪਾਰਟੀ, ਜਨਤਾ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕੁਲੀਸ਼ਨ ਸਰਕਾਰਾਂ ਵੀ ਬਣੀਆਂ। ਇਹਨਾਂ ਸਰਕਾਰਾਂ ਦੇ ਪ੍ਰਧਾਨ ਮੰਤਰੀਆਂ ਅਤੇ ਕੈਬਨਿਟ ਮੰਤਰੀਆਂ ਵੱਲੋਂ ਦੇਸ਼ ਦੇ ਵਿਕਾਸ ਦੇ ਵੱਡੇ ਵੱਡੇ ਵਾਅਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਸਰਕਾਰਾਂ ਹਮੇਸਾਂ ਦੇਸ਼ ਵਾਸੀਆਂ ਨੂੰ ਸੜਕਾਂ, ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ਅਤੇ ਗਲੀਆਂ ਨਾਲੀਆਂ ਪੱਕੀਆਂ ਕਰਨ, ਸੜਕਾਂ ਤੇ ਲਾਈਟਾਂ ਲਾਉਣ ਜਾਂ ਘਰਾਂ ਵਿੱਚ ਲੈਟਰੀਨਜ਼ ਬਣਾ ਕੇ ਦੇਣ ਨੂੰ ਵਿਕਾਸ ਦਾ ਨਾਂ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਆ ਰਹੀਆਂ ਹਨ। ਪਰ ਅਸਲ ਵਿਕਾਸ ਜੋ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਦੇਣਾ ਹੁੰਦਾ ਹੈ, ਜਿਸ ਵਿੱਚ ਸਿੱਖਿਆ, ਸਿਹਤ ਤੇ ਰੁਜਗਾਰ ਵਰਗੇ ਅਹਿਮ ਕੰਮ ਹੁੰਦੇ ਹਨ, ਉਹਨਾਂ ਤੋਂ ਮੂੰਹ ਦੂਜੇ ਪਾਸੇ ਹੀ ਰਖਦੀਆਂ ਰਹੀਆਂ ਹਨ। ਆਮ ਲੋਕਾਂ ਨੂੰ ਲੁਭਾਉਣੇ ਵਾਅਦੇ ਕਰਕੇ ਜਾਂ ਛੋਟੀਆਂ ਛੋਟੀਆਂ ਸਹੂਲਤਾਂ ਦੇ ਕੇ ਮੰਗਤੇ ਬਣਾਉਣ ਵਿੱਚ ਹੀ ਰੁੱਝੀਆਂ ਰਹਿੰਦੀਆਂ ਹਨ। ਭਾਵੇਂ ਦਿਖਾਵੇ ਦੇ ਤੌਰ ਤੇ ਵਿਕਾਸ ਦਿਖਾਇਆ ਜਾ ਰਿਹਾ ਹੈ, ਪਰ ਦੇਸ਼ ਦੀ ਅਸਲ ਹਾਲਤ ਪੇਸ਼ ਕਰਦੀਆਂ ਕੁੱਝ ਮਿਸ਼ਾਲਾਂ ਇਉਂ ਹਨ।
ਕਿਸੇ ਵਿਕਾਸਸ਼ੀਲ ਦੇਸ਼ ਦਾ ਪਹਿਲਾ ਧਰਮ ਇਨਸਾਨੀਅਤ ਵਾਲਾ ਹੁੰਦਾ ਹੈ, ਜਾਤਾਂ ਗੋਤਾਂ ਧਰਮਾਂ ਨੂੰ ਬਹੁਤਾ ਅਹਿਮ ਨਹੀਂ ਸਮਝਿਆ ਜਾਂਦਾ, ਦੂਜਾ ਕਿਸੇ ਇਨਸਾਨ ਦੀ ਮੌਤ ਤੋਂ ਬਾਅਦ ਉਸਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਕਿਸੇ ਮਰੀਜ਼ ਜਾਂ ਜਖ਼ਮੀ ਦੀ ਜਾਨ ਬਚਾਉਣ ਲਈ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਪਰ ਭਾਰਤ ਵਿੱਚ ਅੱਜ ਵੀ ਜਾਤ ਪਾਤ ਦਾ ਵਿਤਕਰਾ ਜਾਰੀ ਹੈ, ਗਰੀਬ ਜਾਂ ਛੋਟੀ ਜਾਤ ਦੇ ਵਿਅਕਤੀ ਦੀ ਮੌਤ ਤੇ ਭੋਰਾ ਭਰ ਦੁੱਖ ਨਾ ਵੱਡੇ ਲੋਕ ਜ਼ਾਹਰ ਕਰਦੇ ਹਨ ਅਤੇ ਨਾ ਹੀ ਸਰਕਾਰਾਂ ਸਹੂਲਤਾਂ ਮੁਹੱਈਆਂ ਕਰਦੀਆਂ ਹਨ। ਕੁਝ ਕੁ ਸਮਾਂ ਪਹਿਲਾਂ ਦੇਸ਼ ਦੇ ਉੜੀਸਾ ਰਾਜ ਦੇ ਬੌਧ ਜਿਲ੍ਹੇ ਵਿੱਚ ਇੱਕ ਮਹਿਲਾ ਦੇ ਰਿਸਤੇਦਾਰ ਨੇ ਕਿਸੇ ਦੂਜੀ ਜਾਤ ਦੀ ਲੜਕੀ ਨਾਲ ਵਿਆਹ ਕਰ ਲਿਆ, ਬੱਸ ਫੇਰ ਸਮੁੱਚੇ ਪਿੰਡ ਨੇ ਇਸ ਔਰਤ ਤੇ ਉਸਦੇ ਰਿਸਤੇਦਾਰਾਂ ਨਾਲੋਂ ਸਬੰਧ ਤੋੜ ਲਏ, ਵਰਤ ਵਰਤਾਵਾ ਬੰਦ ਕਰ ਦਿੱਤਾ। ਕੁਝ ਦਿਨਾਂ ਬਾਅਦ ਅਚਾਨਕ ਉਸ ਔਰਤ ਦੀ ਮੌਤ ਹੋ ਗਈ, ਅਜਿਹੇ ਸਮੇਂ ਤਾਂ ਦੁਨੀਆਂ ਦੇ ਹਰ ਇਨਸਾਨ ਦੇ ਦਿਲ ਨੂੰ ਦੁੱਖ
ਪਹੁੰਚਦਾ ਹੈ, ਪਰ ਇਸ ਪਿੰਡ ਦੇ ਲੋਕਾਂ ਨੇ ਹੋਰ ਤਾਂ ਕੀ ਦੁੱਖ ਮਨਾਉਣਾ ਸੀ, ਉਸ ਔਰਤ ਦੀ ਅਰਥੀ ਨੂੰ ਵੀ ਕਿਸੇ ਨੇ ਮੋਢਾ ਨਾ ਦਿੱਤਾ। ਆਖ਼ਰ ਔਰਤ ਦਾ ਉਹ ਰਿਸਤੇਦਾਰ ਮ੍ਰਿਤਕ ਦੇਹ ਨੂੰ ਕੱਪੜੇ ’ਚ ਲਪੇਟ ਕੇ ਆਪਣੇ ਸਾਇਕਲ ਤੇ ਰੱਖ ਕੇ ਸਮਸ਼ਾਨ ਘਾਟ ਲੈ ਕੇ ਗਿਆ ਤੇ ਸਸਕਾਰ ਕੀਤਾ।
ਦੇਸ਼ ਦੀ ਇਹ ਪਹਿਲੀ ਘਟਨਾ ਨਹੀਂ ਸੀ, ਇਸਤੋਂ ਪਹਿਲਾਂ ਇਸੇ ਰਾਜ ਦੇ ਕਾਲਾਹਾਡੀ ’ਚ ਛੋਟੀ ਜਾਤ ਦੇ ਇੱਕ ਵਿਅਕਤੀ ਦਾਨਾ ਮਾਝੀ ਦੀ ਪਤਨੀ ਦੀ ਮੌਤ ਹੋ ਗਈ, ਪਰ ਉਸਨੂੰ ਸਮਸਾਨ ਘਾਟ ਤੱਕ ਲਿਜਾਣ ਲਈ ਐਂਬੂਲੈਂਸ ਦੀ ਸੁਵਿਧਾ ਨਾ ਦਿੱਤੀ ਗਈ, ਸਮਸਾਨਘਾਟ ਕਾਫ਼ੀ ਦੂਰ ਹੋਣ ਬਾਵਜੂਦ ਉਹ ਲਾਸ਼ ਮੋਢੇ ਤੇ ਚੁੱਕ ਕੇ ਸਮਸਾਨ ਘਾਟ ਤੱਕ ਲੈ ਕੇ ਗਿਆ। ਇਸੇ ਤਰ੍ਹਾਂ ਪਿਡ ਕਰਪਾਬਹਲ ਦੇ ਇੱਕ ਨਬਾਲਗ ਨੌਜਵਾਨ ਸਰੋਜ ਦੀ ਮਾਂ ਜਾਨਕੀ ਦੇਵੀ ਦੀ ਮੌਤ ਹੋ ਗਈ, ਸਰੋਜ ਛੋਟੀ ਜਾਤੀ ਨਾਲ ਸਬੰਧ ਰਖਦਾ ਹੋਣ ਕਰਕੇ ਪਿੰਡ ਵਾਸੀਆਂ ਨੇ ਉਸਦੀ ਕੋਈ ਮੱਦਦ ਨਾ ਕੀਤੀ ਅਤੇ ਉਸਨੂੰ ਆਪਣੀ ਮਾਂ ਦੀ ਲਾਸ਼ ਸਾਇਕਲ ਤੇ ਲਿਜਾਣੀ ਪਈ, ਜਦੋਂ ਕਿ ਮ੍ਰਿਤਕਾ ਦੀ ਧੀ ਨਾਲ ਨਾਲ ਤੁਰਦੀ ਗਈ ਅਤੇ ਉਹਨਾਂ ਦੋਵਾਂ ਨੇ ਹੀ ਆਪਣੀ ਮਾਂ ਦਾ ਸਸਕਾਰ ਕੀਤਾ। ਅਜਿਹੀਆਂ ਭਾਵੇਂ ਭਾਰਤ ਵਿੱਚ ਅਨੇਕਾਂ ਹੀ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਇਹ ਕਿਸੇ ਮਰਦ ਔਰਤ ਦੀ ਮੌਤ ਨਾਲ ਸਬੰਧਤ ਸਨ। ਹੁਣ ਭਾਰਤ ਦੇ ਹੀ ਇੱਕ ਰਾਜ ਉੱਤਰਾਖੰਡ ਵਿੱਚ ਜਿਉਂਦੀ ਔਰਤ ਨਾਲ ਵਾਪਰੀ ਘਟਨਾ ਨੇ ਹਰ ਇਨਸਾਫ਼ਪਸੰਦ ਵਿਅਕਤੀ ਦਾ ਹਿਰਦਾ ਲੂਹ ਦਿੱਤਾ ਹੈ। ਨੈਨੀਤਾਲ ਜਿਲ੍ਹਾ ਦੇ ਭੀਮਤਾਲ ਇਲਾਕੇ ਦੇ ਬਲਾਕ ਓਖਲਕਾਂਡਾ ਦੇ ਪਿੰਡ ਧੇਨਾ ਦੀ ਵੀਹ ਸਾਲਾ ਗਰਭਵਤੀ ਮੁਟਿਆਰ ਕਮਲਾ ਦੇਵੀ ਦੇ ਜੰਮਣਪੀੜਾਂ ਸੁਰੂ ਹੋ ਗਈਆਂ, ਪਰ ਇਸ ਪਿੰਡ ਜਾਂ ਆਸ ਪਾਸ ਦੇ ਇਲਾਕੇ ਵਿੱਚ ਕੋਈ ਹਸਪਤਾਲ ਜਾਂ ਦਵਾਖਾਨਾ ਨਹੀਂ ਹੈ। ਪਿੰਡ ਚੋਂ ਨਾ ਕੋਈ ਸੜਕ ਕਿਸੇ ਪਾਸੇ ਜਾਂਦੀ ਹੈ ਅਤੇ ਨਾ ਹੀ ਕੋਈ ਆਵਾਜਾਈ ਦਾ ਸਾਧਨ ਮੌਜੂਦ ਹੈ। ਅਜਿਹੀ ਹਾਲਤ ਵਿੱਚ ਉਸਦੇ ਪਰਿਵਾਰ ਨੇ ਇੱਕ ਆਰਜੀ ਡੋਲੀ ਬਣਾਈ, ਜਿਸ ਉੱਪਰ ਕਮਲਾ ਦੇਵੀ ਨੂੰ ਬਿਠਾ ਕੇ ਚਾਰ ਨੌਜਵਾਨ ਮੋਢਿਆਂ ਤੇ ਚੁੱਕ ਕੇ ਕਰੀਬ ਨੌਂ ਕਿਲੋਮੀਟਰ ਦੂਰ ਉਭੜ ਖੁੱਭੜ ਰਸਤੇ ਤੇ ਚੱਲ ਕੇ ਚੰਪਾਵਤ ਜਿਲ੍ਹੇ ਦੇ ਸਰਕਾਰੀ ਹਸਪਤਾਲ ਪਾਟੀ ਵਿੱਚ ਲੈ ਕੇ ਗਏ ਤੇ ਉਸਨੂੰ ਦਾਖਲ ਕਰਵਾਇਆ। ਅਜਿਹੀ ਹਾਲਤ ਕੇਵਲ ਇਸ ਇਕੱਲੇ ਪਿੰਡ ਦੀ ਹੀ ਨਹੀਂ, ਉਸਦੇ ਨਾਲ ਲਗਦੇ ਪਿੰਡਾਂ ਪਦੈਨਾ, ਕੂਕਨਾ, ਕੇਂਡਾ ਆਦਿ ਦੀ ਵੀ ਹੈ, ਜਿੱਥੇ ਅਜਿਹੇ ਸਮੇਂ ਲਈ ਸਰਕਾਰ ਵੱਲੋਂ ਕੋਈ ਸਹੂਲਤ ਮੁਹੱਈਆਂ ਨਹੀਂ ਕਰਵਾਈ ਗਈ। ਸਮੁੱਚੇ ਭਾਰਤ ਵਿੱਚ ਤਾਂ ਅਜਿਹੇ ਸੈਂਕੜੇ ਹੀ ਪਿੰਡ ਤੇ ਇਲਾਕੇ ਹੋਣਗੇ, ਜਿੱਥੇ ਜਾਤ ਪਾਤ ਭਾਰੂ ਹੈ, ਗਰੀਬਾਂ ਛੋਟੀ ਜਾਤੀ ਵਾਲਿਆਂ ਲਈ ਕੋਈ ਸਹੂਲਤਾਂ ਨਹੀਂ ਹਨ। ਗਰੀਬਾਂ ਦੀ ਮੌਤ ਹੋਣ ਤੇ ਸਸਕਾਰ ਕਰਨ ਲਈ ਯੋਗ ਪ੍ਰਬੰਧ ਨਾ ਹੋਣ ਕਾਰਨ ਲਾਸ਼ਾਂ ਰੁਲਦੀਆਂ ਹਨ। ਗਰਭਵਤੀ ਔਰਤਾਂ, ਮਰੀਜਾਂ, ਜਖ਼ਮੀਆਂ ਦੀ ਜਾਨ ਬਚਾਉਣ ਲਈ ਉਹਨਾਂ ਨੂੰ ਮੋਂਿਢਆਂ ਤੇ ਚੁੱਕ ਕੇ ਮੀਲਾਂ ਦੂਰ ਲਿਜਾਇਆ ਜਾਂਦਾ ਹੈ। ਦੁਨੀਆਂ ਪੱਧਰ ਤੇ ਵੇਖਿਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਭਾਰਤ ਵਾਸੀਆਂ ਦਾ ਸਿਰ ਨੀਵਾਂ ਕਰਨ ਵਾਲੀਆਂ ਹਨ ਤੇ ਸਰਕਾਰਾਂ ਦੇ ਮੂੰਹ ਤੇ ਚਪੇੜ ਹਨ। ਦੂਜੇ ਪਾਸੇ ਸਾਡੇ ਦੇਸ ਦੇ ਨੇਤਾ ਵਿਕਾਸ ਦੇ ਦਾਅਵੇ ਕਰਦੇ ਅਤੇ ਭਾਰਤ ਨੂੰ ਮਹਾਨ ਦੇਸ਼ ਕਹਿੰਦਿਆਂ ਸਰਮ ਹਜਾ ਨੂੰ ਲਾਹ ਕੇ ਪਤਾ ਨਹੀਂ ਧਰਤੀ ’ਚ ਦੱਬ ਦਿੰਦੇ ਹਨ ਜਾਂ ਸਮੁੰਦਰ ’ਚ ਸੁੱਟ ਦਿੰਦੇ ਹਨ। ਸੋ ਲੋੜ ਹੈ ਦੇਸ਼ ਵਾਸੀਆਂ ਦੇ ਜਾਗਰੂਕ ਹੋਣ ਦੀ, ਇਨਸਾਨ ਦਾ ਜੀਵਨ ਸਾਰੀਆਂ ਜਿਉਂਦੇ ਪਸੂਆ ਪੰਛੀਆਂ ਜੀਵਾਂ ਪੌਦਿਆਂ ਨਾਲੋਂ ਉੱਤਮ ਮੰਨਿਆ ਗਿਆ ਹੈ, ਇਸ ਲਈ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰਾਂ ਦਾ ਫ਼ਰਜ ਹੈ। ਲੋਕਾਂ ਨੂੰ ਵੀ ਬਣਦੇ ਹੱਕ ਹਾਸਲ ਕਰਨ ਲਈ ਧਰਮਾਂ ਜਾਤਾਂ ਤੋਂ ਉ¤ਪਰ ਉ¤ਠ ਕੇ ਆਪਣੇ ਫ਼ਰਜ ਪੂਰੇ ਕਰਨੇ ਚਾਹੀਦੇ ਹਨ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 09888275913

Real Estate