ਭਾਜਪਾ ’ਤੇ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਪਰਚੇ ਵੰਡਣ ਦਾ ਦੋਸ਼: ਪਰਚਾ ਪੜ੍ਹਦਿਆਂ ਰੋ ਪਈ ‘ਆਪ’ ਉਮੀਦਵਾਰ

1093

ਪੂਰਬੀ ਦਿੱਲੀ ਤੋਂ ‘ਆਪ’ ਉਮੀਦਵਾਰ ਆਤਿਸ਼ੀ ਆਪਣੇ ਖ਼ਿਲਾਫ਼ ਵੰਡੇ ਜਾ ਰਹੇ ‘ਅਪਮਾਨਜਨਕ ਅਤੇ ਅਸ਼ਲੀਲ ਸ਼ਬਦਾਵਲੀ’ ਵਾਲੇ ਪਰਚੇ ਪੜ੍ਹ ਕੇ ਭਾਵੁਕ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਪਰਚੇ ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਹਲਕੇ ’ਚ ਵੰਡੇ ਹਨ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਗੰਭੀਰ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਜੇਕਰ ਦੋਸ਼ ਸਾਬਿਤ ਹੋ ਗਏ ਤਾਂ ਉਹ ਮੈਦਾਨ ਛੱਡ ਜਾਣਗੇ। ਉਧਰ ਭਾਜਪਾ ਨੇ ਦੋਸ਼ ਲਾਇਆ ਕਿ ‘ਆਪ’ ਖੁਦ ਹੀ ਅਜਿਹੇ ਹੱਥਕੰਡੇ ਅਪਣਾ ਰਹੀ ਹੈ। ਆਤਿਸ਼ੀ ਨੇ ਕਿਹਾ,‘‘ਮੈਂ ਗੰਭੀਰ ਦੇ ਸਿਆਸਤ ’ਚ ਆਉਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਸੀ ਪਰ ਕਦੇ ਨਹੀਂ ਸੋਚਿਆ ਸੀ ਕਿ ਉਹ ਲੋਕ ਸਭਾ ਚੋਣਾਂ ’ਚ ਇੰਨਾ ਹੇਠਾਂ ਡਿੱਗ ਜਾਣਗੇ। ਜੇਕਰ ਉਹ ਇਕ ਮਹਿਲਾ ਖ਼ਿਲਾਫ਼ ਅਜਿਹੇ ਹਰਬੇ ਵਰਤ ਰਹੇ ਹਨ ਤਾਂ ਪੂਰਬੀ ਦਿੱਲੀ ਦੀਆਂ ਲੱਖਾਂ ਮਹਿਲਾਵਾਂ ਦਾ ਕੀ ਬਣੇਗਾ ਜੋ ਆਪਣੀ ਸੁਰੱਖਿਆ ਬਾਰੇ ਫਿਕਰਮੰਦ ਹਨ।’’ ਇਸ ਮੌਕੇ ਹਾਜ਼ਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਪਰਚੇ ਅਖ਼ਬਾਰਾਂ ’ਚ ਪਾ ਕੇ ਰਿਹਾਇਸ਼ੀ ਇਲਾਕਿਆਂ ’ਚ ਵੰਡੇ ਗਏ ਹਨ। ਸ੍ਰੀ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ,‘‘ਮਹਿਲਾਵਾਂ ਸੁਰੱਖਿਆ ਦੀ ਆਸ ਕਿਵੇਂ ਕਰ ਸਕਦੀਆਂ ਹਨ ਜੇਕਰ ਅਜਿਹੀ ਮਾਨਸਿਕਤਾ ਵਾਲੇ ਵਿਅਕਤੀਆਂ ਨੂੰ ਵੋਟਾਂ ਪੈਂਦੀਆਂ ਹਨ। ਆਤਿਸ਼ੀ ਮਜ਼ਬੂਤ ਬਣੋ। ਮੈਂ ਸਮਝ ਸਕਦਾ ਹਾਂ ਕਿ ਤੁਹਾਡੇ ਲਈ ਕਿੰਨਾ ਮੁਸ਼ਕਲ ਹੈ। ਬੱਸ ਇਹੋ ਜਿਹੀਆਂ ਤਾਕਤਾਂ ਖ਼ਿਲਾਫ਼ ਹੀ ਅਸੀਂ ਲੜਨਾ ਹੈ।’’ ਦੋਸ਼ ਲੱਗਣ ਮਗਰੋਂ ਗੰਭੀਰ ਨੇ ਕਈ ਟਵੀਟ ਕਰਕੇ ਕਿਹਾ ਕਿ ਉਹ ‘ਸ਼ਰਮਿੰਦਾ’ ਹੈ ਕਿ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਵਰਗਾ ਮੁੱਖ ਮੰਤਰੀ ਮਿਲਿਆ ਹੈ। ‘ਜੇਕਰ ਮੇਰੇ ਖ਼ਿਲਾਫ਼ ਲਾਏ ਗਏ ਦੋਸ਼ ਸਾਬਿਤ ਹੋ ਗਏ ਤਾਂ ਮੈਂ ਆਪਣੀ ਉਮੀਦਵਾਰੀ ਵਾਪਸ ਲੈ ਲਵਾਂਗਾ। ਨਹੀਂ ਤਾਂ ਕੀ ਤੁਸੀਂ ਸਿਆਸਤ ਛੱਡੋਗੇ।’ ਭਾਜਪਾ ਨੇ ਵੀ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਾਰਟੀ ਦਾ ਇਨ੍ਹਾਂ ਪਰਚਿਆਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਪਣੇ ਆਗੂਆਂ ਨੂੰ ਥੱਪੜ ਮਾਰਨ ਤੋਂ ਇਲਾਵਾ ਇਤਰਾਜ਼ਯੋਗ ਪਰਚੇ ਵੰਡਣ ਜਿਹੇ ਹਰਬੇ ਵੀ ਵਰਤ ਸਕਦੀ ਹੈ।
ਲੋਕ ਸਭਾ ਚੋਣਾਂ ਵਿੱਚ ਪੂਰਵੀ ਦਿੱਲੀ ਵਿੱਚ ਭਾਜਪਾ ਦੇ ਉਮੀਦਵਾਰ ਗੌਤਮ ਗੰਭੀਰ ਅਤੇ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਵਿਰੁੱਧ ਚੋਣ ਲੜ ਰਹੀ ਆਪ ਦੀ ਉਮੀਦਵਾਰ ਆਤਸ਼ੀ ਵਿਰੁੱਧ ਜਾਰੀ ਘਟੀਆਂ ਇਤਰਾਜਯੋਗ ਪੈਫਲੈਂਟ ਉੱਤੇ ਕਾਰਵਾਈ ਕਰਨ ਲਈ ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਵਿੱਚ ਪੁੱਛਿਆ ਹੈ ਕਿ ਕੀ ਪੁਲੀਸ ਨੇ ਇਸ ਮਾਮਲੇ ਸਬੰਧੀ ਐਫਆਈਆਰ ਦਰਜ ਕੀਤੀ ਹੈ? ਇਹ ਨੋਟਿਸ ਆਤਸ਼ੀ ਵੱਲੋਂ ਪ੍ਰੈੱਸ ਕਾਨਫਰੰਸ ਦੇ ਵਿੱਚ ਫੁੱਟ ਫੁੱਟ ਕੇ ਰੋਅ ਪੈਣ ਬਾਅਦ ਜਾਰੀ ਕੀਤਾ ਗਿਆ ਹੈ।

Real Estate