ਗੁਜਰਾਤ ਦੇ ਪੰਜਾਬੀ ਕਿਸਾਨ ਮੋਦੀ ਦਾ ਪੰਜਾਬ ‘ਚ ਕਰਨਗੇ ਵਿਰੋਧ

1327

ਚਰਨਜੀਤ ਭੁੱਲਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਠਿੰਡਾ ਰੈਲੀ ’ਚ ਗੁਜਰਾਤ ਦੇ ਪੰਜਾਬੀ ਕਿਸਾਨ ਕਾਲੀਆਂ ਝੰਡੀਆਂ ਦਿਖਾਉਣਗੇ। ਗੁਜਰਾਤ ’ਚੋਂ ਪੰਜਾਬੀ ਕਿਸਾਨ ਬਠਿੰਡਾ ਤੇ ਫਿਰੋਜ਼ਪੁਰ ਹਲਕੇ ਵਿਚ ਪੁੱਜਣੇ ਸ਼ੁਰੂ ਹੋ ਗਏ ਹਨ। ਅੱਜ ਕੁਝ ਕਿਸਾਨਾਂ ਨੇ ਬਠਿੰਡਾ ਹਲਕੇ ਵਿਚ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮੋਦੀ ਸਰਕਾਰ ਦੇ ਅਸਲ ਚਿਹਰੇ ਤੋਂ ਜਾਣੂ ਕਰਾਇਆ। ਗੁਰਦਾਸਪੁਰ ਹਲਕੇ ਵਿੱਚ ਵੀ ਕੁਝ ਕਿਸਾਨ ਪੁੱਜੇ ਹੋਏ ਹਨ। ਇੱਕ ਦੋ ਦਿਨਾਂ ਵਿਚ ਇਹ ਕਿਸਾਨ ਯੋਜਨਾਬੱਧ ਤਰੀਕੇ ਨਾਲ ਬਾਦਲਾਂ ਤੇ ਭਾਜਪਾ ਖ਼ਿਲਾਫ਼ ਚੋਣ ਪ੍ਰਚਾਰ ਵਿੱਢਣਗੇ। ਪਹਿਲਾਂ ਇਨ੍ਹਾਂ ਕਿਸਾਨਾਂ ਨੇ 3 ਮਈ ਤੋਂ ਬਾਦਲਾਂ ਦੇ ਹਲਕਿਆਂ ਵਿਚ ਕੁੱਦਣਾ ਸੀ। ਵੇਰਵਿਆਂ ਅਨੁਸਾਰ ਪ੍ਰਧਾਨ ਨਰਿੰਦਰ ਮੋਦੀ 13 ਮਈ ਨੂੰ ਬਠਿੰਡਾ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਨ ਆ ਰਹੇ ਹਨ। ਗੁਜਰਾਤ ਦੇ ਕਿਸਾਨ ਆਗੂ ਬਿੱਕਰ ਸਿੰਘ ਦਾ ਕਹਿਣਾ ਸੀ ਕਿ ਠੀਕ ਪੰਜ ਸਾਲ ਪਹਿਲਾਂ ਨਰਿੰਦਰ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਮੀਟਿੰਗ ਵਿਚ ਗੁਜਰਾਤ ਦੇ ਪੰਜਾਬੀ ਕਿਸਾਨਾਂ ਦੇ ਮਸਲੇ ਨੂੰ ਫੌਰੀ ਹੱਲ ਕਰਨ ਦਾ ਭਰੋਸਾ ਇਨ੍ਹਾਂ ਆਗੂਆਂ ਨੇ ਦਿੱਤਾ ਸੀ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਮਸਲਾ ਹੱਲ ਕਰਨਾ ਤਾਂ ਦੂਰ ਦੀ ਗੱਲ, ਉਸ ’ਤੇ ਕੋਈ ਗੌਰ ਵੀ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਅਕਾਲੀ ਦਲ ਨੇ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦਰਕਿਨਾਰ ਹੀ ਕਰ ਦਿੱਤਾ। ਕਿਸਾਨ ਹਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਹੁਣ ਢੁਕਵਾਂ ਮੌਕਾ ਹੈ ਕਿ ਗੁਜਰਾਤ ਦੇ ਪੰਜਾਬੀ ਕਿਸਾਨ ਆਪਣੀ ਤਾਕਤ ਦਿਖਾ ਸਕਣ। ਵਾਅਦੇ ਤੇ ਲਾਰੇ ਲਾਉਣ ਵਾਲਿਆਂ ਨੂੰ ਹੁਣ ਚੇਤੇ ਕਰਾਇਆ ਜਾਵੇਗਾ। ਕਿਸਾਨ ਆਗੂ ਬਿੱਕਰ ਸਿੰਘ ਨੇ ਆਖਿਆ ਕਿ ਗੁਜਰਾਤ ਦੇ ਕਿਸਾਨ 13 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਠਿੰਡਾ ਵਿੱਚ ਕਾਲੀਆਂ ਝੰਡੀਆਂ ਦਿਖਾਉਣਗੇ। ਉਹ ਇਸ ਵਿਰੋਧ ਲਈ ਪੰਜਾਬ ਦੀਆਂ ਕਿਸਾਨ ਧਿਰਾਂ ਦਾ ਸਹਿਯੋਗ ਵੀ ਲੈਣਗੇ। ਦੱਸਣਯੋਗ ਹੈ ਕਿ ਗੁਜਰਾਤ ਸਰਕਾਰ ਨੇ ਪੰਜਾਬੀ ਕਿਸਾਨਾਂ ਨੂੰ ਗੁਜਰਾਤ ’ਚੋਂ ਉਜਾੜਨ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਹੋਈ ਹੈ। ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਲ 1964 ਵਿਚ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਭੁਜ ਇਲਾਕੇ ਵਿਚ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਸੀ। ਕਾਫ਼ੀ ਅਰਸੇ ਤੋਂ ਭੌਂ ਮਾਫੀਏ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਸਾਨਾਂ ਨੇ ਹੁਣ ਚੇਤੇ ਕਰਾਇਆ ਕਿ ਨਰਿੰਦਰ ਮੋਦੀ ਨੇ 23 ਫਰਵਰੀ 2014 ਨੂੰ ਜਗਰਾਓਂ ਵਿਖੇ ‘ਫ਼ਤਿਹ ਰੈਲੀ’ ਵਿੱਚ ਐਲਾਨ ਕੀਤਾ ਸੀ ਕਿ ਕੋਈ ਸਿੱਖ ਕਿਸਾਨ ਗੁਜਰਾਤ ’ਚੋਂ ਉੱਜੜਨ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਭਾਰਤੀ ਕਿਸਾਨ ਯੂਨੀਅਨ (ਦੁਆਬਾ) ਨੇ ਵੀ ਪੰਜਾਬ ਵਿਚ ਨਰਿੰਦਰ ਮੋਦੀ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ (ਦੁਆਬਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਕੋਈ ਵੀ ਰਾਹਤ ਦੇਣ ਵਿਚ ਫੇਲ੍ਹ ਰਹੀ ਹੈ, ਜਿਸ ਕਰਕੇ ਉਹ ਨਰਿੰਦਰ ਮੋਦੀ ਨੂੰ ਕਾਲੀਆਂ ਝੰਡੀਆਂ ਦਿਖਾਉਣਗੇ। ਮੋਦੀ ਸਰਕਾਰ ਨੇ ਪੰਜ ਸਾਲਾਂ ਵਿਚ 28 ਫੈਸਲੇ ਕਿਸਾਨ ਵਿਰੋਧੀ ਲਏ ਹਨ ਅਤੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਥਾਂ 6।35 ਲੱਖ ਕਰੋੜ ਦੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ਼ ਕੀਤੇ ਹਨ।

Real Estate