ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਤੋਂ ਨਿਰਾਸ਼ ਚੋਣਾਂ ਚ ਦਿਲਚਸਪੀ ਨਹੀਂ ਵਿਖਾ ਰਹੇ ਲੋਕ

1935

ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਲੋਕ ਸਭਾ ਚੋਣਾਂ ਸਬੰਧੀ ਚੋਣ ਪ੍ਰਚਾਰ ਸਿਖਰ ਤੇ ਪਹੁੰਚ ਚੁੱਕਾ ਹੈ। ਉਮੀਦਵਾਰਾਂ ਦੀ ਕਿਸਮਤ ਈ ਵੀ ਐਮ ਮਸ਼ੀਨਾਂ ਚ ਦਰਜ ਹੋਣ ਵਿਚ ਕੁੱਝ ਹੀ ਦਿਨ ਬਾਕੀ ਰਹਿ ਗਏ ਹਨ। ਪ੍ਰਮੁੱਖ ਪਾਰਟੀਆਂ , ਭਾਜਪਾ, ਅਕਾਲੀ ਦਲ , ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਬੁਲਾਰਿਆਂ ਦੇ ਪੱਲੇ ਕੋਈ ਮੁੱਦਾ ਨਹੀ ਜਿਸਨੂੰ ਉਭਾਰ ਕੇ ਉਹ ਵੋਟਰ ਨੂੰ ਵੋਟ ਦੇਣ ਲਈ ਪ੍ਰਭਾਵਿਤ ਕਰ ਸਕਣ। ਬੱਸ ਹਰ ਥਾਂ ਇਕ ਦੂਸਰੇ ਨੂੰ ਨਿੰਦ ਕੇ ਲੋਕਾਂ ਦਾ ਧਿਆਨ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਸ ਵਾਰ ਵੋਟਰ ਬਹੁਤ ਜਾਗ੍ਰਿਤ ਨਜ਼ਰ ਆ ਰਿਹਾ ਹੈ। ਜਿਹੜੀ ਗੱਲ ਕਰਨ ਤੋਂ ਰਾਜਨੀਤਕ ਪਾਰਟੀਆਂ ਦੇ ਆਗੂ ਪਾਸਾ ਵੱਟਣ ਦੀ ਕੋਸ਼ਿਸ਼ ਕਰਦੇ ਹਨ, ਲੋਕ ਉਨ੍ਹਾਂ ਤੇ ਅੱਗੋਂ ਸਵਾਲ ਕਰਦੇ ਹਨ ਤਾਂ ਉਨ੍ਹਾਂ ਕੋਲ ਉਨ੍ਹਾਂ ਗੱਲਾਂ ਦਾ ਜਵਾਬ ਨਹੀ ਹੁੰਦਾ। ਜਿਸ ਕਰਕੇ ਉਹ ਜਵਾਬ ਦੇਣ ਤੋਂ ਖਿਸਕ ਦੇ ਹਨ ਅਤੇ ਤਹਿਸ਼ ਵਿਚ ਆਏ ਵਿਖਾਈ ਦਿੰਦੇ ਹਨ। ਵੋਟਰਾਂ ਨੂੰ ਮਿੰਨਤ ਕਰਨ ਬਦਲੇ ਅੱਖਾਂ ਵਿਖਾਉਣ ਵਾਲੀ ਰਣਨੀਤੀ ਇਨ੍ਹਾਂ ਪਾਰਟੀਆਂ ਨੂੰ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ। ਲੋਕ ਇਨ੍ਹਾਂ ਪਾਰਟੀਆਂ ਦਾ ਖੁੱਲ੍ਹਕੇ ਵਿਰੋਧ ਕਰ ਰਹੇ ਹਨ ਅਤੇ ਕੀਤੇ ਵਾਅਦਿਆਂ ਦਾ ਜਵਾਬ ਮੰਗ ਰਹੇ ਹਨ। ਇਸ ਸਬੰਧੀ ਵੱਖ ਵੱਖ ਵਰਗ ਦੇ ਲੋਕਾਂ ਨਾਲ ਗੱਲ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਭਾਜਪਾ ਦੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਜੁਮਲੇਬਾਜ਼ੀਆਂ ਵਾਲੇ ਡਰਾਮੇਂ ਤੋ ਬਹੁਤ ਅੱਕੇ ਹੋਏ ਨਜ਼ਰ ਆ ਰਹੇ ਹਨ। ਲੋਕ ਕਹਿ ਰਹੇ ਹਨ ਕਿ ਦੁਨੀਆਂ ਦੇ ਮੰਨੇ ਪ੍ਰਮੰਨੇ ਲੋਕਤੰਤਰ ਵਾਲੇ ਭਾਰਤ ਦੇਸ਼ ਦੀ ਅਗਵਾਈ ਕਰਨ ਵਾਲਾ ਪ੍ਰਧਾਨ ਮੰਤਰੀ ਅੱਛੇ ਦਿਨ ਆਨੇ ਵਾਲੇ ਹੈ, 15, 15 ਲੱਖ ਹਰ ਨਾਗਰਿਕ ਦੇ ਖਾਤੇ ਵਿਚ ਪਾਇਆ ਜਾਵੇਗਾ, ਦੋ ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਵਰਗੇ ਵਾਅਦੇ ਕਰਕੇ ਸੱਤਾ ਹਾਸਲ ਕਰਕੇ ਫਿਰ ਮਦਾਰੀ ਵਾਲਾ ਰੋਲ ਨਿਭਾਉੋਦਾ ਆਖਦਾ ਹੈ ਕਿ ਇਹ ਤਾਂ ਜੁਮਲੇਬਾਜ਼ੀ ਸੀ। ਇਸ ਖਿਲਾਫ ਲੋਕਾਂ ਵਿਚ ਵੱਡਾ ਰੋਹ ਹੈ। ਭਾਜਪਾ ਦੀ ਹੀ ਭਾਈਵਾਲ ਪਾਰਟੀ ਸ਼੍ਰੌਮਣੀ ਅਕਾਲੀ ਦਲ(ਬਾਦਲ) ਦੀ ਪੰਜਾਬ ਤੇ 10 ਸਾਲ ਰਾਜ ਕਰਨ ਦੀ ਕਾਰਗੁਜ਼ਾਰੀ ਤੋ ਤਾਂ ਲੋਕ ਤੰਗ ਹੈ ਹੀ ਸਨ ਪਰ ਆਖਿਰ ਵਿਚ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀਆਂ ਬੇਅਦਬੀਆਂ ਦਾ ਅਤੇ ਸਿਰਸੇ ਵਾਲੇ ਸਾਧ ਨੂੰ ਮੁਆਫੀ ਦਾ ਕਲੰਕ ਮੱਥੇ ਉੱਤੇ ਲੱਗ ਗਿਆ ਉਹ ਛੇਤੀ ਕੀਤੇ ਭੁੱਲਣ ਵਾਲਾ ਨਹੀ। ਜਿਸ ਕਰਕੇ ਲੋਕ ਇਸ ਪਾਰਟੀ ਤੋਂ ਦੂਰੀ ਬਣਾ ਰਹੇ ਹਨ। ਤੀਸਰੀ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬਣੀ ਸਰਕਾਰ ਦੌਰਾਨ ਚਾਰ ਹਫਤਿਆਂ ਵਿਚ ਨਸ਼ੇ ਖਤਮ ਕਰਨ ਦੀ ਕਸਮ, ਕਿਸਾਨਾ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਦਾ ਵਾਅਦਾ, ਘਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਆਦਿ ਅਜਿਹੇ ਮੁੱਦੇ ਹਨ ਜੋ ਕਾਂਗਰਸ ਪਾਰਟੀ ਦੀ ਗਲੇ ਦੀ ਹੱਡੀ ਬਣੇ ਹਏ ਹਨ। ਚੌਥਾ ਆਮ ਆਦਮੀ ਪਾਰਟੀ ਬਾਰੇ ਲੋਕਾਂ ਦੀ ਰਾਇ ਹੈ ਕਿ ਲੋਕਾਂ ਨੇ ਇਸ ਪਾਰਟੀ ਨੂੰ ਤਨ, ਮਨ ਧਨ ੋਨਾਲ ਸਹਿਯੋਗ ਦਿੱਤਾ ਸੀ। ਪਰ ਇਨ੍ਹਾਂ ਦੀ ਆਪਸੀ ਖਿੱਚਤਾਣ ਨੇ ਪਾਰਟੀ ਨੂੰ ਖੇਰੂ-ਖੇਰੂ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਅਤੇ ਹੁਣ ਜਿਤਾਕੇ ਭੇਜੇ ਐਮ ਐਲ ਏ ਡੱਡੂਆਂ ਵਾਂਗ ਦੂਜੀਆਂ ਪਾਰਟੀਆਂ ਵਿਚ ਛਾਲਾਂ ਮਾਰ ਰਹੇ ਹਨ। ਇਸ ਲਈ ਇਨ੍ਹਾਂ ਨੂੰ ਦੁਬਾਰਾ ਲੋਕ ਹੁੰਗਾਰਾ ਦੇਣ ਲਈ ਬਿਲਕੁਲ ਤਿਆਰ ਨਹੀ। ਕੁੱਲ ਮਿਲਾਕੇ ਪੰਜਾਬ ਦੇ ਵੋਟਰਾਂ ਨੂੰ ਕਿਸੇ ਵੀ ਪਾਰਟੀ ਤੋ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਪੈਂਦੀ। ਜਿਸ ਕਰਕੇ ਲੋਕ ਆਪਣੇ ਕੰਮਾਂ ਧੰਦਿਆਂ ਵਿਚ ਮਸ਼ਰੂਫ ਹਨ ਅਤੇ ਚੋਣਾਂ ਸਬੰਧੀ ਉਨ੍ਹਾਂ ਨੇ ਮਨਾਂ ਵਿਚ ਕੋਈ ਉਤਸ਼ਾਹ ਜਾਂ ਦਿਲਚਸਪੀ ਨਜ਼ਰ ਨਹੀਂ ਆਉੋਦੀ।

Real Estate