ਬੇਅਦਬੀ , ਬਰਗਾੜੀ ਤੇ ਬਹਿਬਲ ਕਾਂਡ ਅਕਾਲੀ ਦਲ ਲਈ ਸਿਰਦਰਦੀ ਬਣ ਚੁੱਕਾ , ਬਦਲਦੀ ਜਾਪਦੀ ਹੈ ਹਲਕਾ ਬਠਿੰਡਾ ਦੀ ਪ੍ਰਤੀਨਿਧਤਾ

ਬਠਿੰਡਾ/8 ਮਈ/ ਬਲਵਿੰਦਰ ਸਿੰਘ ਭੁੱਲਰ
ਪੰਜਾਬ ’ਚ ਹੋਈਆਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਬਰਗਾੜੀ ਤੇ ਬਹਿਬਲ ਕਾਂਡ ਭਾਵੇਂ ਸਮੁੱਚੇ ਰਾਜ ਵਿੱਚ ਅਕਾਲੀ ਦਲ ਲਈ ਸਿਰਦਰਦੀ ਬਣਿਆ ਹੋਇਆ ਹੈ, ਪਰ ਲੋਕ ਸਭਾ ਹਲਕਾ ਬਠਿੰਡਾ ਤੇ ਫਿਰੋਜਪੁਰ ਵਿੱਚ ਤਾਂ ਇਸ ਕਾਂਡ ਨੇ ਬਾਦਲ ਪਰਿਵਾਰ ਦਾ ਸਾਹ ਲੈਣਾ ਵੀ ਦੁੱਭਰ ਕੀਤਾ ਹੋਇਆ ਹੈ। ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ ਉਪਰੰਤ ਜਾਂਚ ਕਰ ਰਹੀ ਸਿੱਟ ਨੂੰ ਪ੍ਰਭਾਵਿਤ ਕਰਨ ਲਈ ਬਾਦਲ ਪਰਿਵਾਰ ਨੇ ਚੋਣ ਕਮਿਸਨ ਦਾ ਵੀ ਸਹਾਰਾ ਲਿਆ ਹੈ, ਪਰ ਇਸ ਕਾਰਵਾਈ ਨੂੰ ਆਮ ਲੋਕ ਸਾਜਿਸ ਨੂੰ ਦਬਾਅ ਦੇਣ ਦਾ ਸਾਧਨ ਮੰਨ ਰਹੇ ਹਨ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਲੰਘ ਜਾਣ ਤੇ ਕੰਵਰ ਵਿਜੈ ਪ੍ਰਤਾਪ ਸਿੰਘ ਨੂੰ ਮੁੜ ਸਿੱਟ ਵਿੱਚ ਸਾਮਲ ਕਰਕੇ ਜਾਂਚ ਮੁਕੰਮਲ ਕਰਨ ਦੇ ਕੀਤੇ ਐਲਾਨ ਨੇ ਲੋਕਾਂ ਤੇ ਚੰਗਾ ਅਸਰ ਛੱਡਿਆ ਹੈ। ਲੋਕ ਸਭਾ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਜਿਸ ਕਰਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਚੋਣ ਮੁਹਿੰਮ ਸਿਖ਼ਰਾ ਤੇ ਲਿਜਾਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ। ਇਸ ਸਮੇਂ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਬਰਗਾੜੀ ਮੋਰਚੇ ਨਾਲ ਸਬੰਧਤ ਧਿਰਾਂ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਵਿੱਚ ਪੂਰਾ ਵਿਸਵਾਸ ਰੱਖਣ ਵਾਲੇ ਲੋਕਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।ਬੀਬੀ ਬਾਦਲ ਨੂੰ ਪਿੰਡਾਂ ਵਿੱਚ ਚੋਣ ਮੀਟਿੰਗਾਂ ਕਰਨ ਸਮੇਂ ਬੇਅਦਬੀ ਨਾਲ ਸਬੰਧਤ ਸੁਆਲ ਪੁੱਛੇ ਜਾ ਰਹੇ ਹਨ,ਕਾਲੀਆਂ ਝੰਡੀਆਂ ਦਿਖਾ ਕੇ ਰੋਸ਼ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਕਈ ਪਿੰਡਾਂ ਵਿੱਚੋਂ ਤਾਂ ਬੀਬੀ ਬਾਦਲ ਨੂੰ ਵਗੈਰ ਸੰਬੋਧਨ ਕੀਤਿਆਂ ਵਾਪਸ ਮੁੜਣਾ ਪਿਆ ਹੈ। ਇਸੇ ਤਰ੍ਹਾਂ ਇਸ ਸੀਟ ਦੀ ਜੁਮੇਵਾਰੀ ਨਿਭਾ ਰਹੇ ਬੀਬੀ ਬਾਦਲ ਦੇ ਭਰਾ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਕਈ ਪਿੰਡਾਂ ਵਿੱਚ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਨਾਅਰੇਬਾਜੀ ਹੋਣ ਦੀ ਵਜਾਹ ਕਾਰਨ ਉਹਨਾਂ ਨੂੰ ਵੀ ਖਾਲੀ ਹੱਥ ਮੁੜਣ ਲਈ ਮਜਬੂਰ ਕੀਤਾ ਗਿਆ ਹੈ। ਦਹਾਕਿਆਂ ਲੰਬਾ ਸਿਆਸੀ ਜੀਵਨ ਬਤੀਤ ਕਰਨ ਵਾਲੇ ਤੇ ਪੰਜ ਵਾਰ ਰਾਜ ਦੇ ਮੁੱਖ ਮੰਤਰੀ ਰਹੇ ਬਜੁਰਗ ਸਿਆਸਤਦਾਨ ਸ੍ਰ: ਪ੍ਰਕਾਸ ਸਿੰਘ ਬਾਦਲ ਵੀ ਹਲਕੇ ਦੇ ਪਿੰਡਾਂ ਵਿੱਚ ਜਾਣ ਤੋਂ ਸੰਕੋਚ ਕਰ ਰਹੇ ਹਨ, ਕਿਉਂਕਿ ਸਾਰੇ ਜੀਵਨ ਭਰ ਵਿੱਚ ਉਹਨਾਂ ਨੂੰ ਕਦੇ ਵੀ ਅਜਿਹੇ ਵਿਰੋਧ ਦਾ ਸਾਹਮਣਾ ਨਹੀ ਕਰਨਾ ਪਿਆ ਅਤੇ ਜੇਕਰ ਹੁਣ ਉਹਨਾਂ ਦੀ ਉਮਰ ਦੇ ਆਖਰੀ ਦੌਰ ’ਚ ਅਜਿਹੀ ਨਮੋਸੀ ਝੱਲਣੀ ਪਈ ਤਾਂ ਉਹਨਾਂ ਦੀ ਸਾਰੀ ਜਿੰਦਗੀ ਦੀ ਕਰੀ ਕੱਤਰੀ ਤੇ ਸੁਆਹ ਮਲ ਦੇਵੇਗੀ। ਭਾਵੇਂ ਉਹਨਾਂ ਤੇ ਪਰਿਵਾਰ ਵੱਲੋਂ ਚੋਣ ਪ੍ਰਚਾਰ ਲਈ ਦਬਾਅ ਪਾਇਆ ਜਾ ਰਿਹਾ ਹੈ, ਪਰ ਉਹਨਾਂ ਦੀਆਂ ਮੌਜੂਦਾ ਗਤੀਵਿਧੀਆਂ ਤੋਂ ਆਮ ਲੋਕ ਅਸਲੀਅਤ ਦਾ ਅੰਦਾਜ਼ਾ ਲਾ ਰਹੇ ਹਨ। ਇਹੀ ਕਾਰਨ ਹੈ ਕਿ ਲੋਕਲ ਅਕਾਲੀ ਆਗੂ ਵੀ ਵੇਲੇ ਕੁਵੇਲੇ ਹੀ ਲੋਕਾਂ ਨਾਲ ਸੰਪਰਕ ਸਾਧ ਰਹੇ ਹਨ।
ਦੂਜੇ ਪਾਸੇ ਕਾਂਗਰਸ ਦੇ ਨੇਤਾਵਾਂ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਕਰਵਾਉਣ ਅਤੇ ਦੋਸੀਆਂ ਨੂੰ ਜੇਲ੍ਹਾਂ ਵਿੱਚ ਡੱਕਣ ਦੇ ਬਿਆਨਾਂ ਤੋਂ ਆਮ ਲੋਕ ਸੰਤੁਸਟ ਹਨ ਅਤੇ ਉਹਨਾਂ ਦਾ ਝੁਕਾਅ ਕਾਂਗਰਸ ਵੱਲ ਹੋ ਰਿਹਾ ਦਿਖਾਈ ਦੇ ਰਿਹਾ ਹੈ, ਇਸਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੱਝਦਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਉਣ ਵਾਲੇ ਸਮੇਂ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਕਾਇਮ ਰੱਖਣ ਲਈ ਲੋਕਾਂ ਨਾਲ ਕੀਤਾ ਜਾ ਰਿਹਾ ਵਾਅਦਾ ਵੀ ਰਾਜ ਦੇ ਲੋਕਾਂ ਦੇ ਦਿਲਾਂ ਨੂੰ ਹਲੂਣਾ ਦੇ ਰਿਹਾ ਹੈ। ਬਰਗਾੜੀ ਮੋਰਚੇ ਨਾਲ ਸਬੰਧਤ ਧਿਰਾਂ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਵੀ ਕਾਲੀਆਂ ਝੰਡੀਆਂ ਲੈ ਕੇ ਲੰਬੇ ਲੰਬੇ ਮਾਰਚ ਕੀਤੇ ਜਾ ਰਹੇ ਹਨ, ਜਿਹਨਾਂ ਦਾ ਨਾਅਰਾ ‘ਬਾਦਲ ਭਜਾਓ ਪੰਜਾਬ ਬਚਾਓ’ ਹੀ ਦਿੱਤਾ ਜਾ ਰਿਹਾ ਹੈ। ਇਹਨਾਂ ਮਾਰਚਾਂ ਵੱਲੋਂ ਬਾਦਲ ਪਰਿਵਾਰ ਦਾ ਬਾਈਕਾਟ ਕਰਨ ਦਾ ਹੀ ਸੱਦਾ ਦਿੱਤਾ ਜਾ ਰਿਹਾ ਹੈ, ਜਿਸਦਾ ਲੋਕ ਸਭਾ ਹਲਕਾ ਬਠਿੰਡਾ ਅਤੇ ਫਰੀਦਕੋਟ ਵਿੱਚ ਅਕਾਲੀ ਉਮੀਦਵਾਰਾਂ ਦੀਆਂ ਵੋਟਾਂ ਤੇ ਕਾਫ਼ੀ ਪ੍ਰਭਾਵ ਪੈਣ ਦੀਆਂ ਸੰਭਾਵਨਾਵਾਂ ਹਨ। ਇਹਨਾਂ ਹਾਲਾਤਾਂ ਤੋਂ ਲਗਦੈ ਕਿ ਇਸ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਜਿੱਤਣਾ ਪਹਿਲੀਆਂ ਲੋਕ ਸਭਾ ਚੋਣਾਂ ਵਾਂਗ ਸੁਖਾਲਾ ਨਹੀਂ ਅਤੇ ਹਲਕੇ ਦੀ ਪ੍ਰਤੀਨਿਧਤਾ ਬਦਲਦੀ ਜਾਪਦੀ ਹੈ।

Real Estate