ਚੋਣਾਂ ਮਗਰੋਂ ਵਾਪਸ ਆਵੇਗਾ ‘ਸਿੱਟ’ ਮੁਖੀ, ਫਿਰ ਵੇਖਾਂਗਾ ਦੋਸ਼ੀ ਕਿੱਥੇ ਭੱਜਦੇ ਹਨ : ਕੈਪਟਨ

861

ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਵਿਧਾਨ ਸਭਾ ਹਲਕਾ ਸਮਾਣਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਨੇ ਕਿਹਾ ਸੀ ਕਿ 15 ਲੱਖ ਹਰ ਇਕ ਭਾਰਤੀ ਦੀ ਜੇਬ੍ਹ ਵਿਚ ਪਾਵਾਂਗਾ ਤੇ ਹੁਣ ਕਿੱਥੇ ਗਿਆ 15 ਲੱਖ ਰੁਪਇਆ। ਜੀ.ਐਸ.ਟੀ. ਤੋਂ ਵਪਾਰੀ ਔਖਾ, ਕਾਰਖ਼ਾਨੇ ਵਾਲਾ ਔਖਾ ਤੇ ਨੋਟਬੰਦੀ ਤੋਂ ਸਾਰਾ ਦੇਸ਼ ਹੀ ਔਖਾ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਦਾ ਬੇੜਾ ਗਰਕ ਕਰ ਦਿਤਾ ਹੈ। ਮੋਦੀ ਕਹਿੰਦਾ ਸੀ ਕਿ ਨੋਟਬੰਦੀ ਨਾਲ ਦੇਸ਼ ਨੂੰ ਫ਼ਾਇਦਾ ਹੋਵੇਗਾ ਪਰ ਕੀ ਹੋਇਆ, ਸਗੋਂ ਦੇਸ਼ ਹੋਰ ਗਰੀਬ ਹੋ ਗਿਆ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਦਾ ਬੁਰਾ ਹਾਲ ਕਰ ਦਿਤਾ ਸੀ ਤੇ ਇਨ੍ਹਾਂ ਦੀ ਹੁਕੂਮਤ ਵੇਲੇ ਹੀ ਬਹਿਬਲ ਕਲਾਂ ਗੋਲੀਕਾਂਡ ਘਟਨਾ ਵਾਪਰੀ ਤੇ ਹੋਰ ਬੇਅਦਬੀ ਦੀਆਂ ਘਟਨਾਵਾਂ ਦੇ ਵੀ ਜ਼ਿੰਮੇਵਾਰ ਇਹੀ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਕਿਸ ਨੇ ਗੋਲੀ ਚਲਾਈ ਸੀ ਪਰ ਇਹ ਉਦੋਂ ਮੁੱਖ ਮੰਤਰੀ ਸੀ ਤੇ ਜੇ ਇਸ ਨੂੰ ਨਹੀਂ ਪਤਾ ਤਾਂ ਫਿਰ ਕਿਸ ਨੂੰ ਪਤਾ ਹੋਵੇਗਾ। ਮਨਤਾਰ ਬਰਾੜ ਕੋਟਕਪੁਰਾ ਦਾ ਉਸ ਸਮੇਂ ਮੌਜੂਦਾ ਐਮ.ਐਲ.ਏ. ਸੀ ਤੇ ਇਸ ਨੇ ਉਸ ਗੋਲੀਕਾਂਡ ਵਾਲੀ ਰਾਤ 125 ਫ਼ੋਨ ਕੀਤੇ, ਸਭ ਕੁਝ ਇਨ੍ਹਾਂ ਨੂੰ ਪਤਾ ਸੀ ਕਿ ਇਹ ਸਭ ਕਿਵੇਂ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਐਸ.ਆਈ.ਟੀ. ਬਣਾਈ ਜੋ ਇਸ ਦੀ ਰਿਪੋਰਟ ਮੈਨੂੰ ਨਹੀਂ ਸਿੱਧਾ ਅਦਾਲਤ ਵਿਚ ਦੇਣਗੇ। ਪਰ ਇਨ੍ਹਾਂ ਨੇ ਭਾਜਪਾ ਨਾਲ ਰਲ ਕੇ ‘ਸਿੱਟ’ ਮੁਖੀ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਕਰਵਾ ਦਿਤੀ। ਉਨ੍ਹਾਂ ਕਿਹਾ ਕਿ ਸਿਰਫ਼ 2 ਹਫ਼ਤੇ ਰਹਿ ਗਏ ਹਨ, ਜਦੋਂ ਚੋਣਾਂ ਖ਼ਤਮ ਹੋ ਗਈਆਂ ਤਾਂ ਉਦੋਂ ਹੀ ਸਿੱਟ ਮੁਖੀ ਵਾਪਸ ਆਵੇਗਾ ਤੇ ਜਾਂਚ ਸ਼ੁਰੂ ਹੋਵੇਗੀ ਤੇ ਫਿਰ ਮੈਂ ਵੇਖਾਂਗਾ ਕਿ ਦੋਸ਼ੀ ਕਿੱਥੇ ਭੱਜਦੇ ਨੇ।

Real Estate