ਵੜਿੰਗ ਪਰਿਵਾਰ ਨੇ ਹਰਸਿਮਰਤ ਨੂੰ ਬਣਾਇਆ ਨਿਮਾਣੀ ਸੇਵਾਦਾਰ

1673

ਬਠਿੰਡਾ/ ਬਲਵਿੰਦਰ ਸਿੰਘ ਭੁੱਲਰ
ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੀ ਟਿਕਟ ਦੇ ਐਲਾਨ ਤੇ ਆਪਣਾ ਪ੍ਰਤੀਕਰਮ ਪਰਗਟ ਕਰਦਿਆਂ ਅਕਾਲੀ ਦਲ ਨੇ ਰਾਜਾ ਵੜਿੰਗ ਨੂੰ ਕੇਂਦਰੀ ਵਜ਼ੀਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਇੱਕ ਕਮਜੋਰ ਉਮੀਦਵਾਰ ਐਲਾਨਿਆ ਸੀ, ਲੇਕਿਨ ਚੋਣ ਮੁਹਿੰਮ ਦੇ ਮਘਣ ਨਾਲ ਵੋਟ ਮੰਗਣ ਲਈ ਬੀਬਾ ਬਾਦਲ ਨੂੰ ਖੁਦ ਲਈ ਨਿਮਾਣੀ ਸੇਵਾਦਾਰ ਵਜੋਂ ਪੇਸ਼ ਕਰਦਿਆਂ ਵੋਟਰ ਭਗਵਾਨ ਸਾਹਮਣੇ ਅਰਜੋਈਆਂ ਲਈ ਕਿਉਂ ਮਜਬੂਰ ਹੋਣਾ ਪਿਆ? ਇਹ ਸੁਆਲ ਸਮੁੱਚੇ ਹਲਕੇ ਵਿੱਚ ਦੰਦਕਥਾ ਦਾ ਵਿਸ਼ਾ ਬਣਿਆ ਹੋਇਆ ਹੈ। ਨੰਨ੍ਹੀ ਛਾਂ ਪ੍ਰੋਜੈਕਟ ਨਾਲ ਆਪਣੀ ਪਛਾਣ ਬਣਾਉਣ ਵਾਲੀ ਬੀਬਾ ਬਾਦਲ ਪਿਛਲੇ ਕਰੀਬ ਦਸ ਸਾਲਾਂ ਤੋਂ ਲੋਕ ਸਭਾ ਹਲਕਾ ਬਠਿੰਡਾ ਦੀ ਪ੍ਰਤੀਨਿਧ ਵਜੋਂ ਇਸ ਵੇਲੇ ਕੇਂਦਰੀ ਮੰਤਰੀ ਮੰਡਲ ਵਿੱਚ ਪੰਜਾਬ ਦੀ ਇੱਕੋ ਇੱਕ ਅਕਾਲੀ ਵਜ਼ੀਰ ਹੀ ਨਹੀਂ, ਬਲਕਿ ਉਸਦਾ ਪਰਿਵਾਰਕ ਪਿਛੋਕੜ ਵੀ ਬੜਾ ਮਜਬੂਤ ਹੈ। ਜੇ ਉਹ ਆਜ਼ਾਦ ਭਾਰਤ ਦੇ ਪਹਿਲੇ ਜੂਨੀਅਰ ਰੱਖਿਆ ਮੰਤਰੀ ਸ੍ਰ: ਸੁਰਜੀਤ ਸਿੰਘ ਮਜੀਠੀਆ ਦੀ ਪੋਤਰੀ ਹੈ, ਤਾਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸ੍ਰ: ਪ੍ਰਕਾਸ ਸਿੰਘ ਬਾਦਲ ਦੀ ਨੂੰਹ ਅਤੇ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਦੀ ਜੀਵਨ ਸਾਥਣ ਵੀ ਹੈ। 2009 ਵਿੱਚ ਬੀਬੀ ਬਾਦਲ ਨੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਕਰੀਬ 1 ਲੱਖ 20 ਹਜਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ, ਜਦ ਕਿ 2014 ਦੀ ਚੋਣ ਸਮੇਂ ਉਸਨੇ ਆਪਣੇ ਹੀ ਦਿਉਰ ਮਨਪ੍ਰੀਤ ਸਿੰਘ ਬਾਦਲ ਤੋਂ ਕਰੀਬ 19 ਹਜਾਰ ਵੋਟਾਂ ਵੱਧ ਲੈ ਕੇ ਬਠਿੰਡਾ ਹਲਕੇ ਤੋਂ ਲੋਕ ਸਭਾ ਦੀ ਚੋਣ ਜਿੱਤੀ ਸੀ। ਇਹਨਾਂ ਦੋਵਾਂ ਚੋਣਾਂ ਵੇਲੇ ਬਾਦਲ ਪਰਿਵਾਰ ਦਾ ਸਤਾਰਾ ਇਸ ਕਦਰ ਬੁ¦ਦ ਸੀ, ਕਿ ਸੂਬਾ ਸਰਕਾਰ ਤੇ ਸ੍ਰ: ਸੁਖਬੀਰ ਸਿੰਘ ਬਾਦਲ ਦਾ ਮੁਕੰਮਲ ਕੰਟਰੌਲ ਹੋਣ ਦੀ ਵਜਾਹ ਕਾਰਨ ਰਾਜਭਾਗ ਕੋਈ ਵੀ ਕਰਿੰਦਾ ਉੱਚਾ ਸਾਹ ਲੈਣ ਦੀ ਜੁਰੱਅਤ ਵੀ ਨਹੀਂ ਸੀ ਕਰ ਸਕਦਾ।ਬੀਬਾ ਬਾਦਲ ਦੀ ਚੋਣ ਵੇਲੇ ਹੇਠਲੇ ਪੱਧਰ ਦੇ ਸਰਕਾਰੀ ਕਰਮਚਾਰੀਆਂ ਤੋਂ ਲੈ ਕੇ ਜਿੱਥੇ ਸੂਬੇ ਦੇ ਸਿਖ਼ਰਲੇ ਅਫ਼ਸਰਾਂ ਦੀਆਂ ਪ੍ਰਾਈਵੇਟ ਗੱਡੀਆਂ ਸਮੁੱਚੇ ਲੋਕ ਸਭਾ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਧੂੜਾਂ ਪੁੱਟਿਆ ਕਰਦੀਆਂ ਸਨ, ਉ¤ਥੇ ਵਿਰੋਧੀ ਧਿਰਾਂ ਨਾਲ ਸਬੰਧਤ ਪੰਚ ਸਰਪੰਚ ਤਾਂ ਕੀ ਸਗੋਂ ਕਾਂਗਰਸ ਪਾਰਟੀ ਦੇ ਮਰਹੂਮ ਕਾਮਰੇਡ ਮੱਖਣ ਸਿੰਘ ਵਰਗੇ ਕਿਸੇ ਨਿਵੇਕਲੇ ਆਗੂ ਨੂੰ ਛੱਡ ਕੇ ਕਈ ਵਿਧਾਇਕ ਵੀ ਬਾਦਲ ਪਰਿਵਾਰ ਸਾਹਮਣੇ ਡੰਡਾਉਤ ਕਰਨ ਲਈ ਮਜਬੂਰ ਹੋ ਗਏ ਸਨ। ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਤੋਂ ਲੈ ਕੇ ਉਹਨਾਂ ਦੇ ਕੱਦ ਬੁੱਤ ਵਾਲੇ ਸਾਰੇ ਹੀ ਧੜਵੈਲ ਅਕਾਲੀ ਆਗੂਆਂ ਨੂੰ ਰਾਜ ਪੱਧਰੀ ਬੋਰਡਾਂ ਤੇ
ਕਾਰਪੋਰੇਸਨਾਂ ਦੀਆਂ ਚੇਅਰਮੈਨੀਆਂ ਤੇ ਉਪ ਚੇਅਰਮੈਨੀਆਂ ਨਾਲ ਨਿਵਾਜਿਆ ਹੋਇਆ ਸੀ, ਅਜਿਹੀਆਂ ਪ੍ਰਸਥਿਤੀਆਂ ਵਿੱਚ ਜਦ ਆਮ ਵੋਟਰ ਲਈ ਸਾਹ ਲੈਣਾ ਵੀ ਮੁਸਕਿਲ ਸੀ ਉਦੋਂ ਵੀ ਲੱਖਾਂ ਵੋਟਰਾਂ ਨੇ ਬੀਬਾ ਬਾਦਲ ਦੇ ਵਿਰੋਧ ਵਿੱਚ ਭੁਗਤਣ ਦਾ ਦਲੇਰਾਨਾ ਫੈਸਲਾ ਤਾਂ ਲੈ ਲਿਆ ਸੀ, ਪਰ ਸੱਤ੍ਹਾ ਦੀ ਪੌੜੀ ਦੀ ਸਹੂਲਤ ਹੋਣ ਕਾਰਨ ਜਿੱਤ ਬੀਬਾ ਬਾਦਲ ਨੂੰ ਹੀ ਨਸੀਬ ਹੋਈ ਸੀ।
ਹੁਣ ਨਾ ਤਾਂ ਪਰਿਵਾਰਕ ਸਰਕਾਰ ਹੈ ਨਾ ਹੀ ਹੋਮ ਗਾਰਡ ਦੇ ਜਵਾਨ ਤੋਂ ਡੀ ਜੀ ਪੀ ਅਤੇ ਪਟਵਾਰੀ ਤੋਂ ਪ੍ਰਮੁੱਖ ਸਕੱਤਰ ਦੇ ਰੁਤਬੇ ਵਾਲੇ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਉਦੋਂ ਵਰਗੀ ਮੱਦਦ ਹਾਸਲ ਹੈ, ਨਾ ਹੀ ਉਹ ਦਹਿਸ਼ਤ ਭਰਿਆ ਮਹੌਲ ਹੈ ਸਹੀ ਅਰਥਾਂ ਵਿੱਚ ਦੇਖਿਆ ਜਾਵੇ ਤਾਂ ਦਸ ਵਰ੍ਹਿਆਂ ਬਾਅਦ ਪਹਿਲੀ ਵਾਰ ਭਾਵੇਂ ਭੈਅ ਮੁਕਤ ਚੋਣਾਂ ਹੋਣ ਜਾ ਰਹੀਆਂ ਹਨ, ਲੇਕਿਨ ਦੁਨੀਆਂ ਦੇ ਦੋ ਚਾਰ ਸਿਖ਼ਰਲੇ ਅਮੀਰ ਸਿੱਖ ਪਰਿਵਾਰਾਂ ਚੋਂ ਇੱਕ ਹੋਣ ਦੀ ਵਜਾਹ
ਕਾਰਨ ਬਾਦਲ ਪਰਿਵਾਰ ਦੀ ਮੈਂਬਰ ਬੀਬੀ ਹਰਸਿਮਰਤ ਬਾਦਲ ਨੂੰ ਨਾ ਤਾਂ ਕਿਸੇ ਕਿਸਮ ਦੀ ਦੌਲਤ ਦੀ ਕਮੀ ਹੈ ਅਤੇ ਨਾ ਹੀ ਹੋਰ ਸਾਧਨਾਂ ਦੀ। ਜਿਕਰਯੋਗ ਹੈ ਕਿ ਕੇਂਦਰੀ ਵਜ਼ੀਰ ਬਣਨ ਤੋਂ ਪਹਿਲਾਂ ਬੀਬਾ ਜੀ ਉਸ ਔਰਬਿਟ ਕੰਪਨੀ ਦੇ
ਐੱਮ ਡੀ ਹੋਇਆ ਕਰਦੇ ਸਨ, ਜਿਸ ਕੋਲ ਅਰਬਾਂ ਰੁਪਏ ਦੀ ਜਾਇਦਾਦ ਦੀ ਮਾਲਕੀ। 2009 ਦੀ ਪਹਿਲੀ ਚੋਣ ਲੜਣ ਸਮੇਂ ਬੀਬਾ ਬਾਦਲ ਨੇ ਜਿਸ ਚੱਲ ਤੇ ਅਚੱਲ ਜਾਇਦਾਦ ਦਾ ਐਲਾਨ ਕੀਤਾ ਸੀ, ਬਾਕੀ ਸਭ ਕੁਝ ਨੂੰ ਛੱਡ ਕੇ ਉਦੋਂ ਉਹਨਾਂ ਕੋਲ ਗਹਿਣੇ ਹੀ 1 ਕਰੋੜ 94 ਲੱਖ 15 ਹਜਾਰ ਰੁਪਏ ਦੀ ਕੀਮਤ ਦੇ ਸਨ, ਲੇਕਿਨ ਦਸਾਂ ਸਾਲਾਂ ਬਾਅਦ ਉਹਨਾਂ ਹੁਣ ਜੋ ਆਪਣੀ ਜਾਇਦਾਦ ਐਲਾਨੀ ਹੈ ਉਸ ਮੁਤਾਬਕ ਗਹਿਣਿਆਂ ਦੀ ਕੀਮਤ 7 ਕਰੋੜ 3 ਲੱਖ 40 ਹਜ਼ਾਰ ਰੁਪਏ ਦੱਸੀ ਗਈ ਹੈ। ਜੇ ਦਸਾਂ ਸਾਲਾਂ ਵਿਚ ਗਹਿਣਿਆਂ ਦੀ ਮਾਤਰਾ ਵਧ ਕੇ ਤਿੱਗਣੀ ਹੋ ਸਕਦੀ ਹੈ ਤਾਂ ਬਾਕੀ ਐਲਾਨੀ ਤੇ ਅਣ ਐਲਾਨੀ ਜਾਇਦਾਦ ਕਿੰਨੀ ਕੁ ਹੋਵੇਗੀ, ਇਹ ਅੰਦਾਜ਼ਿਆਂ ਤੋਂ ਬਾਹਰ ਦਾ ਵਿਸ਼ਾ ਬਣ ਕੇ ਰਹਿ ਜਾਂਦੀ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਮੀਨੀ ਹਕੀਕਤਾਂ ਵਿੱਚ ਬਹੁਤੀ ਤਬਦੀਲੀ ਨਾ ਹੋਣ ਦੇ ਬਾਵਜੂਦ ਜਿਸ ਰਾਜਾ ਵੜਿੰਗ ਨੂੰ ਬਾਦਲ ਪਰਿਵਾਰ ਨੇ ਹਲਕੇ ਉਮੀਦਵਾਰ ਵਜੋਂ ਲਿਆ ਸੀ, ਉਸਦੇ ਚਲਦਿਆਂ ਬੀਬਾ ਜੀ ਨੂੰ ਜੇ ਇਸ ਇਬਾਰਤ ਵਾਲੇ ਕਾਰਡ ਵੰਡਣ ਲਈ ਮਜਬੂਰ ਹੋਣਾ ਪਿਆ ਹੈ, ‘‘ਦਿਉ ਅਸੀਸ ਧਰੋ ਹੱਥ ਸਿਰ ਤੇ, ਫਿਰ ਹੁਣ ਤੀਜੀ ਵਾਰੀ ਮੈਂ ਤੁਹਾਡੀ ਆਪਣੀ, ਸੇਵਾਦਾਰ ਨਿਮਾਣੀ’’ ਤਾਂ ਇਸਦਾ ਇੱਕੋ ਇੱਕ ਕਾਰਨ ਰਾਜਾ ਵੜਿੰਗ ਦੀ ਕੁਝ ਦਿਨਾਂ ਦੀ ਚੋਣ ਮੁਹਿੰਮ ਦਾ ਕ੍ਰਿਸਮਾ ਹੀ ਹੈ, ਜਿਸ ਵਿੱਚ ਅਹਿਮ ਭੂਮਿਕਾ ਉਸਦੀ ਧਰਮਪਤਨੀ ਅਮ੍ਰਿਤਾ ਵੜਿੰਗ ਦਾ ਵੀ ਹੈ। ਇਸਤੋਂ ਵੀ ਜਿਸ ਵੱਡੇ ਕਾਰਨ ਨੂੰ ਬਾਦਲ ਪਰਿਵਾਰ ਨੂੰ ਪਸੀਨੇ ਛੁਡਾਏ ਹੋਏ ਹਨ, ਉਹ ਹੈ 2015 ਦੌਰਾਨ ਵਾਪਰਿਆ ਬਰਗਾੜੀ ਦਾ ਬੇਅਦਬੀ ਤੇ ਬਹਿਬਲ ਕਲਾਂ ਦੇ ਗੋਲੀਕਾਂਡ ਤੋਂ ਉਪਜਿਆ ਸਿੱਖ ਭਾਈਚਾਰੇ ਅੰਦਰਲਾ ਰੋਸ਼। ਸ਼ਾਇਦ ਇਹੀ ਕਾਰਨ ਹੈ ਕਿ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿਖੇ ਖਿਮਾ ਜਾਚਣਾ ਕਰਨ ਉਪਰੰਤ ਸੀਨੀਅਰ ਬਾਦਲ ਨੇ ਜਨਤਕ ਤੌਰ ਤੇ ਇਹ ਕਹਿਣ ਲਈ
ਮਜਬੂਰ ਹੋਣਾ ਪੈ ਗਿਆ ਕਿ ਜੇ ਲੋੜ ਪਈ ਤਾਂ ਮੁਆਫ਼ੀ ਵੀ ਮੰਗੀ ਜਾ ਸਕਦੀ ਹੈ, ਆਪਣਿਆ ਕੋਲੋਂ ਮੁਆਫ਼ੀ ਮੰਗਣ ਵਿੱਚ ਹਰਜ਼ ਵੀ ਕੀ ਐ।

Real Estate