5ਵੇਂ ਗੇੜ ’ਚ 7 ਰਾਜਾਂ ਦੀਆਂ 51 ਸੀਟਾਂ ’ਤੇ ਪਈਆਂ 62.56% ਵੋਟਾਂ

1094

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਵਿੱਚ 51 ਸੀਟਾਂ ਉੱਤੇ ਸੋਮਵਾਰ ਨੂੰ ਪਈਆਂ ਵੋਟਾਂ ਵਿੱਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਲਗਭਗ 1 ਫ਼ੀ ਸਦੀ ਵਾਧਾ ਹੋਇਆ ਹੈ। ਉੱਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਨੇ ਦੱਸਿਆ ਕਿ ਸੱਤ ਸੂਬਿਆਂ ਦੀਆਂ 51 ਸੀਟਾਂ ਉੱਤੇ ਸ਼ਾਮੀਂ ਛੇ ਵਜੇ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ 62.56 ਫ਼ੀ ਸਦੀ ਪੋਲਿੰਗ ਹੋਈ ਹੈ। ਸਾਲ 2014 ਦੀਆਂ ਆਮ ਚੋਣਾਂ ਵੇਲੇ ਵੋਟ ਫ਼ੀ ਸਦ 61.75 ਫ਼ੀ ਸਦੀ ਰਿਹਾ ਸੀ। ਪਿਛਲੇ ਚਾਰ ਗੇੜਾਂ ਦੇ ਮੁਕਾਬਲੇ ਇਹ ਵੋਟਿੰਗ ਫ਼ੀ ਸਦ ਸਭ ਤੋਂ ਘੱਟ ਰਹੀ। ਚੋਣ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਚਾਰ ਗੇੜਾਂ ਵਿੱਚ 69.50 ਫ਼ੀ ਸਦੀ, ਦੂਜੇ ਗੇੜ ਵਿੱਚ 69.44 ਫ਼ੀ ਸਦੀ, ਤੀਜੇ ਗੇੜ ਵਿੱਚ 68.40 ਫ਼ੀ ਸਦੀ ਤੇ ਚੌਥੇ ਗੇੜ ਵਿੱਚ 65.51 ਫ਼ੀ ਸਦੀ ਵੋਟਿੰਗ ਹੋਈ ਸੀ। ਸਕਸੈਨਾ ਨੇ ਦੱਸਿਆ ਕਿ ਝਾਰਖੰਡ, ਰਾਜਸਥਾਨ, ਜੰਮੂ–ਕਸ਼ਮੀਰ ਤੇ ਪੱਛਮੀ ਬੰਗਾਲ ਵਿੱਚ ਵੋਟਾਂ ਦੀ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਦੀਆਂ ਇੱਕਾ–ਦੁੱਕਾ ਘਟਨਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਉੱਤੇ ਪੋਲਿੰਗ ਸ਼ਾਂਤੀਪੂਰਨ ਰਹੀ। ਪੰਜਵੇਂ ਗੇੜ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਵੋਟਾਂ ਪਾਉਣ ਦਾ ਪੱਧਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਧਿਆ ਹੈ। ਇਸ ਗੇੜ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਯੂਪੀਏ ਪ੍ਰਧਾਨ ਸੋਨੀਆ ਗਾਂਧੀ ਤੇ ਅਮੇਠੀ ਤੋਂ ਚੋਣ ਲੜ ਰਹੀ ਸਮ੍ਰਿਤੀ ਈਰਾਨੀ ਦੀ ਕਿਸਮਤ ਈਵੀਐੱਮਜ਼ ਵਿੱਚ ਕੈਦ ਹੋ ਗਈ। ਇਸ ਗੇੜ ਵਿੱਚ 674 ਉਮੀਦਵਾਰਾਂ ਦੀ ਕਿਸਮਤ ਦਾਅ ਉੱਤੇ ਸੀ। ਸੱਤ ਸੂਬਿਆਂ ਦੀਆਂ 51 ਸੀਟਾਂ ਉੱਤੇ ਚੋਣ ਲਈ 96,088 ਪੋਲਿੰਗ ਸਟੇਸ਼ਨ ਬਣਾਏ ਗਏ ਸਨ।

Real Estate