ਢੀਂਡਸਾ ਨੇ ਮੋਦੀ ਸਰਕਾਰ ਦੀਆਂ ਤਾਰੀਫਾਂ ਦੇ ਪੁਲ ਬੰਨੇ

973

ਅਕਾਲੀ ਦਲ (ਬਾਦਲ) ਨੂੰ ਬਾਗੀ ਤੇਵਰ ਵਿਖਾਉਣ ਵਾਲੇ ਰਾਜ ਸਭਾ ਮੈਂਬਰ ਤੇ ਪੁਰਾਡੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਪੰਜਾਬ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੀ ਐਮ ਮੋਦੀ ਦੇ ਮੁੱਦਈ ਬਣ ਸਾਹਮਣੇ ਆਏ ਹਨ । ਪੰਜਾਬੀਆਂ ਨੂੰ ਮੋਦੀ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਸੁਖਦੇਵ ਢੀਂਡਸੇ ਨੇ ਕਿਹਾ ਕਿ ਸਿਰਫ ਮੋਦੀ ਹੀ ਮਜ਼ਬੂਤ ਤੇ ਫ਼ੈਸਲਾਕੁਨ ਸਰਕਾਰ ਦੇਣ ਦੇ ਸਮਰੱਥ ਹਨ । ਸਾਬਕਾ ਐਮ ਪੀ ਤਰਲੋਚਨ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਪ੍ਰਧਾਨ ਤੇ ਭਾਜਪਾਈ ਵਿਧਾਿੲਕ ਮਨਜਿੰਦਰ ਸਿੰਘ ਸਿਰਸਾ ਨਾਲ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇਸ਼ ਦੇ ਖ਼ਾਸ ਤੌਰ ‘ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਮਜ਼ਬੂਤ ਸਰਕਾਰ ਬਣਾਉਣ ਵਾਸਤੇ ਐਨ ਡੀ ਏ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਬਗ਼ਾਵਤ ਕਰਨ ਤੋਂ ਬਾਅਦ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਘਰੇ ਬੈਠ ਗਏ ਸਨ ।ਇੱਥੋਂ ਤੱਕ ਕਿ ਉਹ ਸੰਗਰੂਰ ਤੋਂ ਅਕਾਲੀ ਉਮੀਦਵਾਰ ਆਪਣੇ ਪੁੱਤਰ ਦੇ ਕਾਗ਼ਜ਼ ਭਰਾਉਣ ਵੀ ਨਾਲ ਨਹੀਂ ਗਏ ਅਤੇ ਹੁਣ ਤੱਕ ਚੋਣ ਪ੍ਰਚਾਰ ਲਈ ਖੁੱਲ੍ਹੇ ਆਮ ਨਹੀਂ ਤੁਰੇ । ਹੁਣ ਦੇ ਬਿਆਨ ਤੋਂ ਬਾਅਦ ਇਹ ਸਵਾਲ ਖੜ੍ਹਾ ਹੈ ਜੇਕਰ ਮੋਦੀ ਨੂੰ ਜਿਤਾਉਣਾ ਹੈ ਤਾਂ ਫਿਰ ਆਪਣੇ ਪੁੱਤ ਅਤੇ ਅਕਾਲੀ -ਭਾਜਪਾ ਗੱਠਜੋੜ ਦੇ ਪੰਜਾਬ ਵਿਚਲੇ ਉਮੀਦਵਾਰਾਂ ਦੇ ਹੱਕ ਵਿਚ ਉਹ ਪ੍ਰਚਾਰ ਮੁਹਿੰਮ ‘ਚ ਸ਼ਾਮਲ ਹੋਣਗੇ ਕਿ ਨਹੀਂ ?
ਉਨ੍ਹਾਂ ਤਿੰਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਵਾਸਤੇ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਗਠਿਤ ਕੀਤੀ ਜਿਸਦੀ ਬਦੌਲਤ ਅੱਜ ਸੱਜਣ ਕੁਮਾਰ ਤੇ ਨਰੇਸ਼ ਸਹਿਰਾਵਤ ਵਰਗੇ ਦੋਸ਼ੀ ਸਲਾਖ਼ਾਂ ਪਿੱਛੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 33 ਸਾਲਾਂ ਤੋਂ ਸਿੱਖ ਦੁਨੀਆ ਦੇ ਇਸ ਸਭ ਤੋਂ ਭਿਆਨਕ ਕਤਲੇਆਮ ਦੇ ਨਿਆਂ ਦੀ ਉਡੀਕ ਕਰ ਰਹੇ ਸਨ ਤੇ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਰਾਹਤ ਦਿੱਤੀ ਹੈ।ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦੇ ਫ਼ੈਸਲੇ ਨੇ ਸਿੱਖਾਂ ਦੇ ਦਿਲ ਜਿੱਤ ਲਏ ਕਿਉਂਕਿ ਪਿਛਲੇ 70 ਸਾਲ ਤੋਂ ਸਿੱਖ ਸਿਰਫ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਸਨ ਤੇ ਹੁਣ ਸੰਗਤ ਇਸ ਲਾਂਘੇ ਦੀ ਬਦੌਲਤ ਸਿੱਧਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇਗੀ।

Real Estate