ਕਾਗਜ਼ ਰੱਦ ਹੋਣ ਉਪਰੰਤ ਵੱਡੇ ਬਾਦਲ ”ਰੈਸਟ” ਤੇ ?

1081

ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਉਮੀਦਵਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਰਾਹ ਵਿੱਚ ਜਿੱਥੇ ਵਿਰੋਧੀ ਧਿਰ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ ਅਤੇ ਦੂਜੇ ਪਾਸੇ ਸੱਜਰੇ ਸ਼ਰੀਕ ਮਨਪ੍ਰੀਤ ਬਾਦਲ ਤੇ ਉਸਦੇ ਪਰਿਵਾਰ ਵੱਲੋਂ ਵੜਿੰਗ ਦੀ ਜਿੱਤ ਲਈ ਮੋਰਚੇ ਸੰਭਾਲਦਿਆਂ ਬਾਦਲ ਪਰਿਵਾਰ ਖਿਲਾਫ ਡੱਟਵਾਂ ਪ੍ਰਚਾਰ ਕੀਤਾ ਜਾ ਰਿਹਾ ਹੈ। ਹਰਸਿਮਰਤ ਬਾਦਲ ਦੀ ਚੋਣ ਮੁਹਿੰਮ ਚੋਂ ਟਕਸਾਲੀ ਅਕਾਲੀ ਤੇ ਖਾਸਕਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਲਾਈਨ ਵਾਲੇ ਲੀਡਰ ਹਲਕੇ ਤੋਂ ਬਾਹਰ ਹਨ । ਅਕਾਲੀ ਦਲ ਤੇ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਦੇ ਲੱਗ ਰਹੇ ਦੋਸ਼ਾਂ ਕਰਕੇ ਪਿੰਡਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਇਸ ਹਲਕੇ ਤੋਂ ਕੇਂਦਰੀ ਮੰਤਰੀ ਨੂੰ ਦੂਰ ਕਰਕੇ ”ਬਾਬਾ ਬੋਹੜ” ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਪਰ ਘਰੇਲੂ ਸਮੀਕਰਨ ਬਾਬਾ ਬੋਹੜ ਦੇ ਹੱਥ ਨਾ ਆਉਣ ਕਰਕੇ ਹਰਸਿਮਰਤ ਕੌਰ ਬਾਦਲ ਹੀ ਚੋਣ ਮੈਦਾਨ ਵਿੱਚ ਡੱਟ ਗਏ।
ਕਵਰਿੰਗ ਉਮੀਦਵਾਰ ਵਜੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਗਜ ਰੱਦ ਹੋਣ ਉਪਰੰਤ ਹੀ ਬਾਦਲ ਸਾਬ੍ਹ ”ਰੈਸਟ” ਤੇ ਚਲੇ ਗਏ। ਜਿਸ ਕਰਕੇ ਉਹ ਇਹਨਾਂ ਚੋਣਾਂ ਵਿੱਚ ਚੋਣ ਰੈਲੀਆਂ ਅਤੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਤੋਂ ਦੂਰੀ ਬਣਾ ਗਏ ਹਨ। ਜਦੋਂ ਕਿ ਉਹਨਾਂ ਨੇ ਇੱਕ ਦਿਨ ਬਠਿੰਡਾ ਸ਼ਹਿਰ ਵਿੱਚ ਲਾਉਂਦੇ ਹੋਏ ਰੁੱਸੇ ਅਕਾਲੀਆਂ ਨੂੰ ਮਨਾਉਣ ਦੇ ਯਤਨ ਕੀਤੇ ਪਰ ਕਾਗਜ ਰੱਦ ਹੋਣ ਤੋਂ ਬਾਅਦ ਕਾਫਲਾ ਲੰਬੀ ਹਲਕੇ ਵੱਲ ਹੀ ਕੂਚ ਕਰ ਗਿਆ।ਖ਼ਬਰਾਂ ਅਨੁਸਾਰ ਬਾਦਲ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਵਿੱਚ ਕੰਮ ਕਰਦੇ ਸਾਬਕਾ ਮੰਤਰੀਆਂ ਨੂੰ ਆਪਣੇ ਪੁਰਾਣੇ ਹਲਕਿਆਂ ਵਿੱਚ ਪਾਰਟੀ ਦੇ ਉਮੀਦਵਾਰਾਂ ਲਈ ਕੰਮ ਕਰਨ ਦੇ ਆਦੇਸ਼ ਦੇ ਦਿੱਤੇ ਹਨ ਤਾਂ ਜੋ ਉਹ ਬਠਿੰਡਾ ਹਲਕੇ ਤੋਂ ਪਾਸੇ ਰਹਿਣ। ਖ਼ਬਰਾਂ ਤਾਂ ਇਹ ਵੀ ਹਨ ਕਿ ਵੱਡੇ ਬਾਦਲ ਸਾਹਿਬ ਦੀ ਸੋਚ ਅਨੁਸਾਰ ਉਹ ਇਸ ਵਾਰ ਮਜੀਠੀਆ ਪਰਿਵਾਰ ਨੂੰ ਆਪਣੇ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ‘ਤੇ ਭਾਰੂ ਨਹੀਂ ਹੋਣ ਦੇਣਾ ਚਾਹੁੰਦੇ। ਜਿਸ ਕਰਕੇ ਅੰਦਰੂਨੀ ਸੂਤਰਾਂ ਅਨੁਸਾਰ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹਾਰ ਵੀ ਆਪਣਿਆਂ ਕਰਕੇ ਕਰਵਾਈ ਜਾ ਸਕਦੀ ਹੈ। ਜਿਸ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਲੋਕਾਂ ਦੇ ਵਿਰੋਧ ਦੇ ਨਾਲ ਆਪਣਿਆਂ ਦੀ ਮਾਰ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਹਰਸਿਮਰਤ ਕੌਰ ਬਾਦਲ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਨਾਲ ਅੱਜ ਦੇ ਹਾਲਾਤ ਵਿੱਚ ਖੁਦ ਪ੍ਰਚਾਰ ਕਰ ਰਹੇ ਹਨ ਜਦੋਂ ਕਿ ਉਹਨਾਂ ਦੇ ਪਤੀ ਫਿਰੋਜ਼ਪੁਰ ਹਲਕੇ ਤੋਂ ਉਮੀਦਵਾਰ ਹੋਣ ਕਰਕੇ ਉਥੇ ਵਿਅਸਤ ਹੋ ਗਏ ਤੇ ਬਾਬਾ ਬੋਹੜ ਵੱਲੋਂ ਸਿਵਾਏ ਹਲਕਾ ਲੰਬੀ ਤੋਂ ਦੂਜੇ ਹਲਕਿਆਂ ਵਿੱਚ ਪ੍ਰਚਾਰ ਤੋਂ ਗੁਰੇਜ ਕੀਤਾ ਜਾ ਰਿਹਾ ਹੈ।

Real Estate