ਚੀਨੀ ਮੁੰਡੇ ਪਾਕਿਸਤਾਨੀ ਪੰਜਾਬੀ ਕੁੜੀਆਂ ਨਾਲ ਦੇਹ ਵਪਾਰ ਲਈ ਕਰਾ ਰਹੇ ਵਿਆਹ ?

5134

ਸੰਯੁਕਤ ਰਾਸ਼ਟਰ ਤੇ ਗੈਰ-ਸਰਕਾਰੀ ਸੰਗਠਨ ਹਿਊਮਨ ਰਾਈਟਸ ਵਾਚ ਨੇ ਹਾਲ ਹੀ ਵਿੱਚ ਇੱਕ ਰਿਪੋਰਟ ਛਾਪੀ ਸੀ, ਜਿਸ ਵਿੱਚ ਪਾਕਿਸਤਾਨ ਤੋਂ ਕੁੜੀਆਂ ਨੂੰ ਚੀਨ ਲਿਜਾਣ ਦੀਆਂ ਘਟਨਾਵਾਂ ’ਤੇ ਚਿੰਤਾ ਜਾਹਰ ਕੀਤੀ ਗਈ ਸੀ।ਇਸ ਰਿਪੋਰਟ ਦੇ ਮੁਤਾਬਕ, ਪਾਕਿਸਤਾਨ ਤੋਂ ਸਾਹਮਣੇ ਆਏ ਇਹ ਮਾਮਲੇ ਏਸ਼ੀਆ ਦੇ ਪੰਜ ਹੋਰ ਦੇਸ਼ਾਂ ਨਾਲ ਮਿਲਦੇ ਜੁਲਦੇ ਹਨ।ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ’ਤੇ ਕੰਮ ਕਰਨ ਵਾਲੇ ਕਾਰਕੁਨਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ਤੋਂ ਪਾਕਿਸਤਾਨ ਦੇ ਪੰਜਾਬ ਵਿੱਚ ਚੀਨੀ ਲੋਕ ਵਿਆਹ ਲਈ ਆ ਰਹੇ ਹਨ ਤੇ ਕੁੜੀਆਂ ਨੂੰ ਵਿਆਹ ਕੇ ਚੀਨ ਲਿਜਾ ਰਹੇ ਹਨ।ਇਸਦਾ ਮਕਸਦ ਵਿਆਹ ਕਰਨਾ ਨਹੀਂ ਸਗੋਂ ਇਹ ਕਥਿਤ ਤੌਰ ’ਤੇ ਕੌਮਾਂਤਰੀ ਪੱਧਰ ’ਤੇ ਦੇਹ ਵਪਾਰ ਦਾ ਇੱਕ ਅਹਿਮ ਜ਼ਰੀਆ ਹੈ। ਬੀਬੀਸੀ ਨੇ ਫੈਸਲਾਬਾਦ ਵਿੱਚ ਇੱਕ ਕੁੜੀ ਨਾਲ ਗੱਲ ਕੀਤੀ ਜਿਸਦਾ ਇੱਕ ਚੀਨੀ ਮੁੰਡੇ ਨਾਲ ਵਿਆਹ ਕਰਾ ਦਿੱਤਾ ਗਿਆ ਸੀ। ਉਸ ਕੁੜੀ ਨੇ ਸਾਨੂੰ ਕੀ ਦੱਸਿਆ, ਜਾਣੋਂ ਉਸੇ ਦੀ ਜ਼ੂਬਾਨੀ।ਉਸਨੇ ਕਿਹਾ, ਮੈਂ ਫੈਸਲਾਬਾਦ ਤੋਂ ਹਾਂ, ਮੇਰੀ ਉਮਰ 19 ਸਾਲ ਹੈ। ਇਹ ਨਵੰਬਰ 2018 ਦੀ ਗੱਲ ਹੈ। ਅਸੀਂ ਆਪਣੀ ਕਜ਼ਨ ਦੇ ਵਿਆਹ ਵਿੱਚ ਗਏ ਸੀ, ਕਜ਼ਨ ਦਾ ਵਿਆਹ ਵੀ ਇੱਕ ਚੀਨੀ ਮੁੰਡੇ ਨਾਲ ਹੀ ਹੋਇਆ ਸੀ ਤੇ ਹੁਣ ਉਹ ਚੀਨ ਵਿੱਚ ਹੈ।ਉੱਥੇ ਹੀ ਮੈਨੂੰ ਵੀ ਪਸੰਦ ਕੀਤਾ ਗਿਆ ਤੇ ਰਿਸ਼ਤੇਦਾਰਾਂ ਤੋਂ ਮੇਰੇ ਘਰਵਾਲਿਆਂ ਦਾ ਨੰਬਰ ਲਿਆ ਗਿਆ। ਉਹ ਲੋਕ ਫੋਨ ਕਰਕੇ ਸਾਡੇ ਘਰ ਆਏ।
ਮੈਨੂੰ ਵੇਖਣ ਲਈ ਤਿੰਨ ਮੁੰਡੇ ਆਏ ਸੀ।
ਮੇਰੇ ਘਰਵਾਲਿਆਂ ਨੇ ਪੁੱਛਿਆ ਕਿ ਇਹ ਮੁੰਡਾ ਇਸਾਈ ਹੈ? ਸਾਨੂੰ ਦੱਸਿਆ ਗਿਆ ਕਿ ਉਹ ਇਸਾਈ ਹੈ, ਕੋਈ ਫਰੇਬ ਨਹੀਂ ਹੈ ਪਰ ਸਾਨੂੰ ਸਮਾਂ ਨਹੀਂ ਦਿੱਤਾ ਗਿਆ।ਸਾਡੇ ਘਰ ਆਉਣ ਦੇ ਅਗਲੇ ਦਿਨ ਹੀ ਮੈਨੂੰ ਮੈਡੀਕਲ ਟੈਸਟ ਲਈ ਲਾਹੌਰ ਭੇਜਿਆ ਗਿਆ। ਉਸ ਤੋਂ ਦੋ ਦਿਨ ਬਾਅਦ ਹੀ ਉਹ ਵਿਆਹ ਲਈ ਕਹਿਣ ਲੱਗੇ।ਘਰ ਵਾਲਿਆਂ ਨੇ ਕਿਹਾ ਕਿ ਅਸੀਂ ਇੰਨੀ ਛੇਤੀ ਵਿਆਹ ਨਹੀਂ ਕਰਨਾ ਚਾਹੁੰਦੇ।ਚੀਨੀ ਮੁੰਡੇ ਨਾਲ ਜੋ ਪਾਕਿਸਤਾਨੀ ਏਜੰਟ ਸੀ, ਉਸਨੇ ਕਿਹਾ ਕਿ ਜੋ ਹੋਵੇਗਾ ਉਸੇ ਮਹੀਨੇ ਹੋਵੇਗਾ ਕਿਉਂਕਿ ਅਗਲੇ ਮਹੀਨੇ ਇਨ੍ਹਾਂ ਨੇ ਵਾਪਸ ਜਾਣਾ ਹੈ ਅਤੇ ਫਿਰ ਉਹ ਵਾਪਸ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਉਹ ਸਾਡਾ ਸਾਰਾ ਖਰਚਾ ਚੁੱਕਣਗੇ।ਪਹਿਲਾਂ ਤਾਂ ਮੇਰੇ ਘਰਵਾਲਿਆਂ ਨੇ ਮਨ੍ਹਾਂ ਕਰ ਦਿੱਤਾ ਪਰ ਰਿਸ਼ਤੇਦਾਰਾਂ ਦਾ ਤਜਰਬਾ ਵੇਖਦਿਆਂ ਵਿਆਹ ਲਈ ਹਾਂ ਕਰ ਦਿੱਤੀ ਤੇ ਮੇਰਾ ਵਿਆਹ ਹੋ ਗਿਆ।ਜਦੋਂ ਤੱਕ ਮੇਰੇ ਸਫ਼ਰ ਦੇ ਕਾਗਜ਼ ਬਣ ਰਹੇ ਸਨ, ਉਨ੍ਹਾਂ ਮੈਨੂੰ ਸੱਤ ਮੁੰਡਿਆਂ ਤੇ ਕੁੜੀਆਂ ਦੇ ਨਾਲ ਇੱਕ ਘਰ ਵਿੱਚ ਰੱਖਿਆ ਸੀ।ਉਨ੍ਹਾਂ ਲਾਹੌਰ ਦੀ ਡਿਵਾਈਨ ਰੋਡ ’ਤੇ ਇੱਕ ਘਰ ਲੈ ਰੱਖਿਆ ਸੀ। ਉੱਥੇ ਸਾਰੇ ਚੀਨੀ ਹੀ ਸਨ। ਬਾਕੀ ਸੱਤ ਕੁੜੀਆਂ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ। ਸਾਰੀਆਂ ਕੁੜੀਆਂ ਇਸਾਈ ਸਨ।ਮੈਂ ਗੂਗਲ ਟ੍ਰਾਂਸਲੇਟਰ ਰਾਹੀਂ ਆਪਣੇ ਪਤੀ ਨਾਲ ਗੱਲ ਕਰਦੀ ਸੀ। ਇੱਕ ਅਧਿਆਪਕ ਵੀ ਰੱਖਿਆ ਹੋਇਆ ਸੀ। ਸਾਰੀਆਂ ਕੁੜੀਆਂ ਦੀ ਸਵੇਰੇ 9 ਤੋਂ ਲੈ ਕੇ ਸ਼ਾਮ 5 ਵਜੇ ਤੱਕ ਕਲਾਸ ਹੁੰਦੀ ਸੀ।
ਪਾਕਿਸਤਾਨੀ ਏਜੰਟ ਦੀ ਭਾਸ਼ਾ ਕੁੜੀਆਂ ਨਾਲ ਚੰਗੀ ਨਹੀਂ ਸੀ। ਉਹ ਗਾਲ੍ਹਾਂ ਕੱਢਦਾ ਸੀ। ਜੇ ਕਿਸੇ ਨੇ ਕਿਹਾ ਕਿ ਮੈਂ ਵਾਪਸ ਘਰ ਜਾਣਾ ਹੈ ਤਾਂ ਬਹੁਤ ਭੱਦੇ ਇਲਜ਼ਾਮ ਲਾਉਂਦਾ ਸੀ, ਬਲੈਕਮੇਲ ਕਰਦਾ ਸੀ।
ਜਿਸ ਮੁੰਡੇ ਨਾਲ ਮੇਰਾ ਵਿਆਹ ਹੋਇਆ ਸੀ ਮੈਂ ਉਸ ਨੂੰ ਸਿਰਫ਼ ਤਿੰਨ ਵਾਰ ਮਿਲੀ ਸੀ। ਪਹਿਲੀ ਵਾਰ ਜਦੋਂ ਉਹ ਮੈਨੂੰ ਵੇਖਣ ਲਈ ਆਇਆ ਸੀ, ਦੂਜੀ ਵਾਰ ਮਹਿੰਦੀ ਵਿੱਚ ਤੇ ਫਿਰ ਵਿਆਹ ਵੇਲੇ ਮੁਲਾਕਾਤ ਹੋਈ। ਮੁੰਡੇ ਦੀ ਉਮਰ 21 ਸਾਲ ਸੀ ਤੇ ਵਿਆਹ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਹੱਥ ਤੋਂ ਵਿਕਲਾਂਗ ਹੈ ਤੇ ਈਸਾਈ ਵੀ ਨਹੀਂ ਹੈ।ਜਦੋਂ ਮੈਂ ਨੁਮਾਇੰਦੇ ਨੂੰ ਦੱਸਿਆ ਤਾਂ ਉਹ ਮੈਨੂੰ ਬਲੈਕਮੇਲ ਕਰਨ ਲੱਗ ਗਿਆ। ਕਹਿਣ ਲੱਗਿਆ ਕਿ ਜੋ ਪੈਸੇ ਵਿਆਹ ’ਤੇ ਲਾਏ ਹਨ, ਉਹ ਲਵਾਂਗਾ।ਤੁਹਾਡੇ ਖਿਲਾਫ਼ ਰਿਪੋਰਟ ਕਰਾਂਗਾ, ਤੁਸੀਂ ਲੋਕਾਂ ਨੇ ਚੀਨੀ ਲੋਕਾਂ ਨੂੰ ਧੋਖਾ ਦਿੱਤਾ ਹੈ। ਫਿਰ ਉਸ ਨੇ ਮੇਰਾ ਮੋਬਾਈਲ ਫੋਨ ਲੈ ਲਿਆ। ਸਾਰੀਆਂ ਕੁੜੀਆਂ ਦੇ ਫੋਨ ਚੈੱਕ ਹੁੰਦੇ ਸੀ।ਚੀਨ ਜਾਣ ਵਾਲੀ ਮੇਰੀਆਂ ਹੋਰ ਸਹੇਲੀਆਂ ਨਾਲ ਵੀ ਗੱਲ ਹੁੰਦੀ ਸੀ। ਇੱਕ ਨੇ ਮੈਨੂੰ ਦੱਸਿਆ ਕਿ ਇੱਥੇ ਖਾਣ ਲਈ ਸਾਦੇ ਚੌਲ ਦਿੰਦੇ ਹਨ ਤੇ ਇੱਕ ਕਮਰੇ ਵਿੱਚ ਬੰਦ ਰੱਖਦੇ ਹਨ।
ਸ਼ਾਮ ਨੂੰ ਪਤੀ ਆਪਣੇ ਦੋਸਤਾਂ ਨੂੰ ਘਰ ਲਿਆਉਂਦਾ ਹੈ। ਸਿਰਫ ਇੰਨਾ ਹੀ ਦੱਸਿਆ। ਮੈਂ ਸਮਝ ਗਈ ਸੀ ਕਿ ਉੱਥੇ ਉਨ੍ਹਾਂ ਨਾਲ ਕੀ ਹੋ ਰਿਹਾ ਹੈ। ਉਹ ਬਹੁਤ ਰੋ ਰਹੀ ਸੀ।ਮੇਰੇ ਕਾਗਜ਼ ਬਣ ਚੁੱਕੇ ਸੀ, ਉਦੋਂ ਤੱਕ ਸਿਰਫ਼ ਵੀਜ਼ਾ ਆਉਣਾ ਬਾਕੀ ਰਹਿ ਗਿਆ ਸੀ।ਮੈਨੂੰ ਘਰ ਜਾਣ ਨਹੀਂ ਦਿੰਦੇ ਸੀ। ਮੈਂ ਕਿਹਾ ਕਿ ਮੇਰੇ ਮਾਮਾ ਦੀ ਤਬੀਅਤ ਠੀਕ ਨਹੀਂ ਹੈ। ਤਾਂ ਕਹਿਣ ਲੱਗਿਆ ਕਿ ਤੁਹਾਡਾ ਮਾਮੇ ਨੂੰ ਇੱਥੇ ਬੁਲਾ ਕੇ ਹੀ ਇਲਾਜ ਕਰਵਾ ਦੇਵਾਂਗੇ।ਬਹੁਤ ਮੁਸ਼ਕਲ ਨਾਲ ਘਰ ਵਾਲਿਆਂ ਨਾਲ ਸੰਪਰਕ ਹੋਇਆ। ਮੇਰੇ ਘਰਵਾਲੇ ਮੈਨੂੰ ਲੈਣ ਲਈ ਆਏ ਤੇ ਫਿਰ ਮੈਂ ਵਾਪਸ ਨਹੀਂ ਗਈ।ਘਰਵਾਲਿਆਂ ਨੇ ਕਿਹਾ ਤੁਹਾਡਾ ਜੋ ਦਿਲ ਕਰਦਾ ਹੈ ਉਹ ਕਰੋ। ਮੈਂ ਸੋਚਿਆ ਕਿ ਮੈਂ ਪਾਰਲਰ ਦਾ ਕੰਮ ਜਾਣਦੀ ਹਾਂ ਉਹ ਕਰ ਲਵਾਂਗੀ।ਹੁਣ ਮੈਨੂੰ ਡਰ ਨਹੀਂ ਲਗਦਾ, ਪਰ ਦੂਜੀਆਂ ਕੁੜੀਆਂ ਬਚ ਜਾਣ।

ਚੀਨੀਆਂ ਨਾਲ ਵਿਆਹ ਦੀ ਹਕੀਕਤ

ਲਾਹੌਰ ਦੇ ਡਿਵਾਈਨ ਰੋਡ ਤੇ ਈਡਨ ਗਾਰਡਨ ਇਲਾਕੇ ਵਿੱਚ ਇੱਕ ਲਾਈਨ ਵਿੱਚ ਘਰ ਬਣੇ ਹਨ, ਜਿਸ ਵਿੱਚ ਚੀਨ ਦੇ ਲੋਕ ਰਹਿੰਦੇ ਹਨ। ਚੀਨ ਦੇ ਲੋਕ ਇੱਥੇ ਵੱਖ-ਵੱਖ ਕੰਪਨੀਆਂ ਵਿੱਚ ਕੰਮ ਕਰਦੇ ਹਨ।ਕੁਝ ਲੋਕ ਅਜਿਹੇ ਵੀ ਹਨ ਜੋ ਚੀਨ ਦੀ ਸੌਖੀ ਵੀਜ਼ਾ ਨੀਤੀ ਕਾਰਨ ਇੱਥੇ ਆਰਾਮ ਨਾਲ ਰਹਿ ਰਹੇ ਹਨ। ਇਹ ਕੰਮ ਕੀ ਕਰਦੇ ਹਨ, ਬਹੁਤ ਲੋਕ ਨਹੀਂ ਜਾਣਦੇ।ਮਨੁੱਖੀ ਅਧਿਕਾਰਾਂ ਬਾਰੇ ਕੰਮ ਕਰਨ ਵਾਲੇ ਕਾਰਕੁਨਾਂ ਮੁਤਾਬਕ ਪਿਛਲੇ ਇੱਕ ਸਾਲ ਤੋਂ ਪਾਕਿਸਤਾਨ ਦੇ ਪੰਜਾਬ ਵਿੱਚ ਚੀਨ ਦੇ ਲੋਕ ਵਿਆਹ ਲਈ ਆ ਰਹੇ ਹਨ ਤੇ ਕੁੜੀਆਂ ਨੂੰ ਵਿਆਹ ਕੇ ਚੀਨ ਲੈ ਜਾ ਰਹੇ ਹਨ।ਲਾਹੌਰ ਦੇ ਸਮਾਜਕ ਕਾਰਕੁਨ ਸਲੀਮ ਇਕਬਾਲ ਦਾ ਕਹਿਣਾ ਹੈ ਕਿ ਇਹ ਵਿਆਹ ਨਹੀਂ ਬਲਕਿ ਕੌਮਾਂਤਰੀ ਪੱਧਰ ’ਤੇ ਦੇਹ ਵਪਾਰ ਦਾ ਅਹਿਮ ਜ਼ਰੀਆ ਹੈ।ਉਨ੍ਹਾਂ ਕਿਹਾ, ਮੈਂ ਹੁਣ ਤੱਕ ਪੁਲਿਸ, ਐੱਫਆਈਏ ਤੇ ਹੋਰ ਸੁਰੱਖਿਆ ਸੰਗਠਾਂ ਨੂੰ ਸੂਚਿਤ ਕੀਤਾ ਹੈ। ਇੱਕ ਸਾਲ ਬਾਅਦ ਜਾ ਕੇ ਜਦੋਂ ਮੁਸਲਮਾਨ ਕੁੜੀਆਂ ਦੇ ਨਾਲ ਅਜਿਹਾ ਹੋਣ ਲੱਗਿਆ ਤਾਂ ਕਾਰਵਾਈ ਕੀਤੀ ਗਈ।
ਸਲੀਮ ਨੇ ਦੱਸਿਆ ਕਿ ਪਹਿਲੇ ਤਾਂ ਗੁਜਰਾਂਵਾਲਾ ਵਰਗੇ ਇਲਾਕਿਆਂ ਵਿੱਚ ਅਖਬਾਰਾਂ ਤੇ ਬੈਨਰਾਂ ਰਾਹੀਂ ਚੀਨੀ ਮੁੰਡਿਆਂ ਬਾਰੇ ਦੱਸਿਆ ਜਾਂਦਾ ਸੀ।ਕੁਝ ਮਾਮਲਿਆਂ ਵਿੱਚ ਤਾਂ ਮਾਪਿਆਂ ਨੂੰ ਸਮਝ ਆ ਗਿਆ ਤੇ ਉਨ੍ਹਾਂ ਆਪਣੀਆਂ ਬੇਟੀਆਂ ਨੂੰ ਵਾਪਸ ਬੁਲਾ ਲਿਆ। ਜਦਕਿ ਬਹੁਤ ਕੇਸਾਂ ਵਿੱਚ ਗਰੀਬ ਲੋਕਾਂ ਨੂੰ ਤਿੰਨ ਤੋਂ ਚਾਰ ਲੱਖ ਦੇ ਕੇ ਉਨ੍ਹਾਂ ਦੀਆਂ ਬੇਟੀਆਂ ਦੇ ਵਿਆਹ ਕੀਤੇ ਗਏ।ਸਲੀਮ ਮੁਤਾਬਕ, ਇੱਕ ਸਾਲ ਦੇ ਅੰਦਰ-ਅੰਦਰ ਲਹੌਰ, ਗੁਜਰਾਂਵਾਲਾ, ਫੈਸਲਾਬਾਦ ਤੇ ਮੁਲਤਾਨ ਤੋਂ 700 ਵਿਆਹ ਹੋ ਚੁੱਕੇ ਹਨ ਤੇ ਵਧੇਰੇ ਕੁੜੀਆਂ ਇਸਾਈ ਹਨ।
‘ਏਜੰਸੀਆਂ ਨੂੰ ਇਸ ਬਾਰੇ ਪਤਾ ਹੈ’

ਇਰਫ਼ਾਨ ਮੁਸਤਫ਼ਾ ਅਧਿਆਪਕ ਹਨ ਤੇ ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰੀਬ 10 ਵਿਆਹ ਕਰਵਾ ਚੁੱਕੇ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ਅਸੀਂ ਹਰ ਇੱਕ ਵਿਆਹ ਬਹੁਤ ਦੇਖ ਭਾਲ ਕੇ ਕਰਵਾਇਆ ਹੈ। ਇਹ ਵਿਆਹ ਅਦਾਲਤਾਂ ਰਾਹੀਂ ਹੋਏ ਹਨ, ਜਿਸ ਵਿੱਚ ਲਾੜਾ ਲਾੜੀ ਨੂੰ ਪੇਸ਼ ਕੀਤਾ ਜਾਂਦਾ ਹੈ।ਇਰਫ਼ਾਨ ਨੇ ਦੇਹ ਵਪਾਰ ਦੀਆਂ ਖਬਰਾਂ ਨੂੰ ਗ਼ਲਤ ਦੱਸਿਆ ਤੇ ਕਿਹਾ, ਇਹ ਮੀਡੀਆ ਦੀਆਂ ਫੈਲਾਈਆਂ ਗੱਲਾਂ ਹਨ, ਇਨ੍ਹਾਂ ਵਿੱਚ ਸੱਚਾਈ ਨਹੀਂ ਹੈ।ਕਈ ਵਾਰ ਵਿਆਹ ਤੋਂ ਬਾਅਦ ਪਤੀ ਪਤਨੀ ਦੇ ਵਿਚਾਰ ਨਹੀਂ ਮਿਲਦੇ ਤੇ ਵਿਵਾਦ ਹੋ ਜਾਂਦਾ ਹੈ। ਇਸ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਵਿਆਹ ਜ਼ਬਰਦਸਤੀ ਕੀਤਾ ਗਿਆ ਹੈ।ਨਾਲ ਹੀ ਉਨ੍ਹਾਂ ਕਿਹਾ, ਕੀ ਅਜਿਹਾ ਹੋ ਸਕਦਾ ਹੈ ਕਿ ਇੱਕ ਮੁਲਕ ਤੋਂ ਦੂਜੇ ਮੁਲਕ ਕੁੜੀਆਂ ਦਾ ਵਪਾਰ ਹੋ ਰਿਹਾ ਹੋਵੇ ਤੇ ਸਬੰਧਿਤ ਏਜੰਸੀਆਂ ਨੂੰ ਖ਼ਬਰ ਨਾ ਹੋਵੇ।

‘ਮੁੰਡਾ ਸੀਪੀਈਸੀ ਵਿੱਚ ਕੰਮ ਕਰਦਾ ਹੈ’

ਹਾਲ ਹੀ ਵਿੱਚ ਲਹੌਰ ਦੇ ਵੱਖ-ਵੱਖ ਇਲਾਕਿਆਂ, ਨਾਦਿਰਾਬਾਦ, ਬੱਟ ਚੌਂਕ, ਡਿਵਾਇਨ ਰੋਡ ਤੋਂ ਅੱਠ ਕੁੜੀਆਂ ਨੇ ਥਾਣਿਆਂ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।ਇੱਕ ਸ਼ਿਕਾਇਤ ਫਰਾਹ ਜ਼ਫਰ ਦੇ ਨਾਂ ਤੋਂ ਦਰਜ ਹੈ,ਜਿਸ ਵਿੱਚ ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੀ ਮਾਂ ਤੇ ਵਿਆਹ ਕਰਵਾਉਣ ਵਾਲੇ ਸੰਗਠਨ ਦੇ ਇੱਕ ਸ਼ਖਸ ਨੇ ਪੈਸਿਆਂ ਦੇ ਬਦਲੇ ਉਨ੍ਹਾਂ ਦਾ ਜ਼ਬਰਦਸਤੀ ਵਿਆਹ ਕਰਵਾਇਆ ਸੀ।ਲਹੌਰ ਕੋਰਟ ਵਿੱਚ ਇੱਕ ਕੁੜੀ ਨੇ ਆਪਣੇ ਚੀਨੀ ਪਤੀ ਤੇ ਹਿੰਸਾ ਦੇ ਇਲਜ਼ਾਮ ਲਾਏ ਤੇ ਕੋਰਟ ਵਿੱਚ ਤਲਾਕ ਦੀ ਅਪੀਲ ਕੀਤੀ ਹੈ।ਕੁਝ ਕੁੜੀਆਂ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਮੁੰਡੇ ਬਾਰੇ ਦੱਸਿਆ ਗਿਆ ਸੀਪੀਈਸੀ ( ਚੀਨ-ਪਾਕਿਸਤਾਨੀ ਇਕੋਨੌਮਿਕ ਬਾਰਡਰ) ਤੇ ਕੰਮ ਕਰਦਾ ਹੈ ਪਰ ਚੀਨ ਜਾਣ ਤੋਂ ਬਾਅਦ ਪਤਾ ਲਗਦਾ ਹੈ ਕਿ ਅਜਿਹਾ ਨਹੀਂ ਹੈ।ਵਧੇਰੇ ਮਾਮਲਿਆਂ ਵਿੱਚ ਇੱਕ ਵਾਰ ਜਦੋਂ ਮੁੰਡੇ ਪਾਕਿਸਤਾਨ ਤੋਂ ਚੀਨ ਰਵਾਨਾ ਹੋ ਗਏ ਤਾਂ ਫਿਰ ਉਸ ਨਾਲ ਸਬੰਧ ਰੱਖਣਾ ਅਸੰਭਵ ਹੋ ਜਾਂਦਾ ਹੈ।

ਪਾਕਿਸਤਾਨੀ ਚੀਨ ਦੀ ਦੋਸਤੀ ਅਤੇ ਵੱਡੀ ਕੀਮਤ

ਪਾਕਿਸਤਾਨ ਤੇ ਚੀਨ ਦੀ ਦੋਸਤੀ ਨੂੰ ਸੀਪੀਈਸੀ ਨਾਲ ਜੁੜੇ ਹਿੱਤਾਂ ਦੇ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ। ਇਸ ਲਈ ਹਾਲ ਹੀ ਵਿੱਚ ਹੋਣ ਵਾਲੀਆਂ ਘਟਨਾਵਾਂ ਤੇ ਉਨ੍ਹਾਂ ਦੇ ਨਤੀਜੇ ਵਿੱਚ ਦਰਜ ਹੋਣ ਵਾਲੀ ਐਫਆਈਆਰ ਨਜ਼ਰਅੰਦਾਜ਼ ਹੋ ਰਹੀ ਹੈ।ਪੰਜਾਬ ਅਸੈਂਬਲੀ ਦੇ ਮੈਂਬਰ ਤੇ ਮਨੁੱਖੀ ਅਧਿਕਾਰ ਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਏਜਾਜ਼ ਆਲਮ ਆਗਸਟੇਨ ਨੇ ਬੀਬੀਸੀ ਨੂੰ ਦੱਸਿਆ ਕਿ, ਦੋ ਮਹੀਨੇ ਪਹਿਲਾਂ ਇੱਕ ਚੀਨੀ ਸ਼ਖਸ ਨੂੰ ਇਸਲਾਮਾਬਾਦ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਸ ’ਤੇ ਪਾਕਿਸਤਾਨੀ ਕੁੜੀ ਨੂੰ ਜ਼ਬਰਦਸਤੀ ਲਿਜਾਣ ਦਾ ਇਲਜ਼ਾਮ ਸੀ।ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪਾਦਰੀ ਤੇ ਗਿਰਜਾਘਰ ਵਿਆਹ ਕਰਵਾ ਰਹੇ ਹਨ।ਇਸੇ ਕਰਕੇ ਅਸੀਂ ਲਾਈਸੈਂਸਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਬਾਅਦ ਗਿਰਜਾਘਰ ਤੇ ਪਾਦਰੀ ਨੂੰ ਲਾਈਸੈਂਸ ਲੈਣਾ ਪਵੇਗਾ।ਇਸ ਵੇਲੇ ਚੀਨ ਵਿੱਚ ਮਰਦਾਂ ਦੀ ਗਿਣਤੀ ਔਰਤਾਂ ਤੋਂ ਵੱਧ ਹੈ, ਜਿਸਦੀ ਵਜ੍ਹਾ 1979 ਤੋਂ 2015 ਤੱਕ ਰਹਿਣ ਵਾਲੀ ਇੱਕ ਬੱਚਾ ਪਾਲਿਸੀ ਵੀ ਹੈ।ਰਿਸਰਚਰਾਂ ਦੇ ਮੁਤਾਬਕ ਚੀਨ ਵਿੱਚ ਇਸ ਪਾਲਿਸੀ ਤੋਂ ਬਾਅਦ ਵਧੇਰੇ ਪਰਿਵਾਰ ਮੁੰਡਿਆਂ ਨੂੰ ਤਰਜੀਹ ਦਿੰਦੇ ਹਨ। ਜਿਸ ਕਾਰਨ ਇਹ ਅਸੰਤੁਲਨ ਵਧਿਆ ਹੈ ਤੇ ਚੀਨੀ ਮਰਦ ਦੂਜੇ ਦੇਸਾਂ ਨੂੰ ਜਾ ਰਹੇ ਹਨ।ਇਸ ਨਾਲ ਕਈ ਗਿਰੋਹ ਵੀ ਇਸ ਦਾ ਫਾਇਦਾ ਚੁੱਕਦੇ ਹਨ ਤੇ ਚੀਨ ਵਿੱਚ ਔਰਤਾਂ ਦੀ ਤਸਕਰੀ ਕਰ ਰਹੇ ਹਨ।

Real Estate