ਸੱਤ੍ਹਾ ਦੇ ਨਸ਼ੇ ’ਚ ਚੂਰ ਸਰਪੰਚ ਦੀ ਬੁਰਛਾਗਰਦੀ ਦਾ ਨੰਗਾ ਨਾਚ

1106

ਗਰੀਬ ਪਤਨੀ ਦੀ ਕੁੱਟਮਾਰ ਕਰਵਾਈ, ਪਤੀ ਨੂੰ ਖੁਦਕਸ਼ੀ ਲਈ ਮਜਬੂਰ ਕੀਤਾ

ਬਠਿੰਡਾ/ 5 ਮਈ/ ਬਲਵਿੰਦਰ ਸਿੰਘ ਭੁੱਲਰ
ਪੰਚਾਇਤੀ ਭੂਮਿਕਾ ਨਿਭਾਉਣ ਦੀ ਬਜਾਏ ਸੱਤ੍ਹਾ ਦੇ ਨਸ਼ੇ ਵਿੱਚ ਚੂਰ ਸਰਪੰਚ ਨੇ ਜੇਕਰ ਬੁਰਛਾਗਰਦੀ ਦਾ ਨੰਗਾ ਨਾਚ ਨਾ ਕੀਤਾ ਹੁੰਦਾ, ਤਾਂ ਦੋ ਮਾਸੂਮ ਬੱਚੀਆਂ ਤੇ ਇੱਕ ਬੱਚੇ ਨੂੰ ਆਪਣੇ ਪਿਤਾ ਦੀ ਮੌਤ ਤੇ ਵਿਰਲਾਪ ਨਾ ਕਰਨਾ ਪੈਂਦਾ। ਸੱਤ੍ਹਾਧਾਰੀ ਕਾਂਗਰਸ ਪਾਰਟੀ ਨਾਲ ਸਬੰਧਤ ਸਰਪੰਚ ਤੇ ਉਸਦੇ ਸਾਥੀਆਂ ਦੇ ਖਿਲਾਫ ਜੇਕਰ ਠੋਸ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਬੱਚਿਆਂ ਸਮੇਤ ਉਸਦੀ ਵਿਧਵਾ ਸਰਬਜੀਤ ਕੌਰ ਨੇ ਆਤਮ ਹੱਤਿਆ ਕਰਨ ਦਾ ਐਲਾਨ ਕੀਤਾ ਹੈ। ਸਥਾਨਕ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਿੰਡ ਕਲਿਆਣ ਭਾਈ ਦੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਤੇ ਉਸਦੇ ਭਰਾਵਾਂ ਨੇ ਆਪਣੇ ਖੇਤ ਵਿੱਚ ਮਕਾਨ ਬਣਾਏ ਹੋਏ ਹਨ। ਸ਼ਰੀਕ ਤਰਸੇਮ ਸਿੰਘ ਸਾਂਝੀ ਗਲੀ ਵਿਚਦੀ ਨਾਲੀ ਦਾ ਨਿਰਮਾਣ ਕਰਵਾਉਣ ਲਈ ਬਜਿੱਦ ਸੀ, ਜਦ ਕਿ ਉਸਦਾ ਪਤੀ ਇਸ ਲਈ ਸਹਿਮਤ ਨਹੀਂ ਸੀ ਹੋ ਰਿਹਾ, ਕਿਉਂਕਿ ਨਾਲੀ ਦਾ ਲੈਬਲ ਉਹਨਾਂ ਦੇ ਘਰ ਨਾਲੋਂ ਉ¤ਚਾ ਹੋਣ ਕਾਰਨ ਫਾਇਦੇ ਦੀ ਬਜਾਏ ਉਹਨਾਂ ਦੇ ਪਰਿਵਾਰ ਲਈ ਨੁਕਸਾਨਦੇਹ ਸਾਬਤ ਹੋਣਾ ਸੀ। ਤਰਸੇਮ ਸਿੰਘ ਦੀ ਕਿਉਂਕਿ ਪਿੰਡ ਦੇ ਕਾਂਗਰਸੀ ਸਰਪੰਚ ਕੁਲਵਿੰਦਰ ਸਿੰਘ ਉਰਫ ਕਿੰਦਰਾ ਜੋ ਖ਼ੁਦ ਨੂੰ ਪੰਜਾਬ ਦੇ ਇੱਕ ਤਾਕਤਵਰ ਮੰਤਰੀ ਦਾ ਸੱਜਾ ਹੱਥ ਅਖਵਾਉਂਦਾ ਹੈ, ਨਾਲ ਕਰੀਬੀ ਦੋਸਤੀ ਹੈ ਇਸ ਲਈ ਕਿੰਦਰਾ ਵੀ ਪੰਚਾਇਤੀ ਫੰਡ ਨਾਲ ਉਕਤ ਗਲੀ ਦਾ ਨਿਰਮਾਣ ਕਰਵਾਉਣ ਲਈ ਹੱਦੋਂ ਬਾਹਲੀ ਦਿਲਚਸਪੀ ਲੈ ਰਿਹਾ ਸੀ। ਇਹ ਅਹਿਸਾਸ ਕਰਦਿਆਂ ਕਿ ਡਾਢੇ ਸਰਪੰਚ ਅੱਗੇ ਉਹਨਾਂ ਦੀ ਕੋਈ ਪੇਸ਼ ਨਹੀਂ ਚੱਲ ਸਕਦੀ, ਗੁਰਮੇਲ ਸਿੰਘ ਨੇ ਆਪਣਾ ਘਰ ਛੱਡਣ ਦੀ ਪੇਸਕਸ ਕਰਦਿਆਂ ਬਣਦੀ ਰਕਮ ਲੈਣ ਦੀ ਗੱਲ ਕਹੀ। ਆਖ਼ਰ ਡੇਢ ਲੱਖ ਰੁਪਏ ਵਿੱਚ ਸਮਝੌਤਾ ਹੋ ਗਿਆ, ਜਿਸਦੀ ਅਦਾਇਗੀ ਗਲੀ ਮੁਕੰਮਲ ਹੋਣ ਤੋਂ ਬਾਅਦ ਹੋਣੀ ਸੀ। ਸਰਬਜੀਤ ਨੇ ਦੱਸਿਆ ਕਿ ਵੀਰਵਾਰ ਦੇ ਦਿਨ ਨਾਲੀ ਦਾ ਨਿਰਮਾਣ ਹੋ ਗਿਆ, ਸੁਕਰਵਾਰ ਦੇ ਸਵੇਰੇ ਸੱਤ ਕੁ ਵਜੇ ਸਰਪੰਚ ਕਿੰਦਰਾ ਨੇ ਆਵਾਜ਼ ਦੇ ਕੇ ਉਸਦੇ ਪਤੀ ਨੂੰ ਘਰ ਤੋਂ ਬਾਹਰ ਬੁਲਾ ਲਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਗੋਦੀ ਚੁੱਕੇ ਲੜਕੇ ਸਮੇਤ ਖੁਦ ਉਹ ਵੀ ਨਾਲ ਹੀ ਗਲੀ ਵਿੱਚ ਆ ਗਈ। ਜਿੱਥੇ ਉਹਨਾਂ ਨੂੰ ਸਰਪੰਚ ਅਤੇ ਉਸਦੇ ਨਾਲ ਆਏ ਦੋ ਪੰਚਾਂ ਜਸਪਾਲ ਸਿੰਘ ਤੇ ਬਲਬਹਾਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਨਾਲੀ ਦਾ ਕੁੱਝ ਹਿੱਸਾ ਢਾਹ ਦਿੱਤਾ ਹੈ। ਸਰਬਜੀਤ ਅਨੁਸਾਰ ਪਤੀ ਪਤਨੀ ਨੇ ਤਰਲੇ ਕਰਦਿਆਂ ਬੱਚੇ ਸਮੇਤ ਗੁਰਦੁਆਰਾ ਸਾਹਿਬ ਵਿਖੇ ਕਸਮ ਚੁੱਕਣ ਦੀ ਪੇਸਕਸ ਕੀਤੀ ਤਾਂ ਸਰਪੰਚ ਦੇ ਇਸਾਰੇ ਤੇ ਤਰਸੇਮ ਸਿੰਘ ਜੁਗਰਾਜ ਸਿੰਘ ਤੇ ਕੇਵਲ ਸਿੰਘ ਨੇ ਉਸਨੂੰ ਕੁੱਟਣਾ ਸੁਰੂ ਕਰ ਦਿੱਤਾ, ਜਦ ਕਿ ਪੰਚ ਜਸਪਾਲ ਸਿੰਘ ਤੇ ਬਲਬਹਾਦਰ ਸਿੰਘ ਬੁਰਛਾਗਰਦੀ ਦੇ ਹੋ ਰਹੇ ਇਸ ਨੰਗੇ ਨਾਚ ਦਾ ਅਨੰਦ ਲੈਂਦੇ ਰਹੇ। ਸਰਬਜੀਤ ਨੇ ਦੱਸਿਆ ਕਿ ਕੁਟਾਪੇ ਤੋਂ ਬਾਅਦ ਉਸਦਾ ਪਤੀ ਗੁਰਮੇਲ ਸਿੰਘ ਉਸਨੂੰ ਸਿਵਲ ਹਸਪਤਾਲ ਨਥਾਨਾ ਵਿਖੇ ਲੈ ਗਏ, ਜਿੱਥੇ ਡਾਕਟਰਾਂ ਨੇ ਇਲਾਜ ਲਈ ਉਸਨੂੰ ਦਾਖਲ ਕਰ ਲਿਆ। ਰੋਟੀ ਅਤੇ ਪੈਸੇ ਧੇਲੇ ਦੇ ਪ੍ਰਬੰਧ ਲਈ ਉਸਦਾ ਪਤੀ ਮੁੜ ਪਿੰਡ ਆ ਗਿਆ ਜਿੱਥੇ ਉਸ ਨਾਲ ਦੁਬਾਰਾ ਫੇਰ ਬਦਸਲੂਕੀ ਕੀਤੀ ਗਈ। ਜਲਾਲਤ ਨੂੰ ਬਰਦਾਸਤ ਨਾ ਕਰਦਿਆਂ ਉਸਨੇ ਖੇਤ ਵਿੱਚ ਜਾ ਕੇ ਫਾਹਾ ਲੈ ਲਿਆ, ਜਾਣਕਾਰੀ ਮਿਲਣ ਤੇ ਉਹ ਵੀ ਹਸਪਤਾਲ ਚੋਂ ਛੁੱਟੀ ਲੈ ਕੇ ਪਿੰਡ ਆ ਗਈ। ਪੋਸਟ ਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆ ਕੇ ਮੁਰਦਾਘਰ ਦਾਖਲ ਕਰਵਾ ਦਿੱਤਾ ਹੈ ਜਿਸ ਦਾ ਡਾਕਟਰੀ ਮੁਲਾਹਜਾ ਕੱਲ੍ਹ ਹੋਵੇਗਾ। ਸਰਬਜੀਤ ਅਨੁਸਾਰ ਭਾਵੇਂ ਪੁਲਿਸ ਦਾ ਇੱਕ ਏ ਐੱਸ ਆਈ ਉਸਦਾ ਬਿਆਨ ਲਿਖ ਕੇ ਲੈ ਗਿਆ ਹੈ, ਲੇਕਿਨ ਕਥਿਤ ਦੋਸ਼ੀਆਂ ਵਿਰੁੱਧ ਲੋੜੀਂਦੀ ਕਾਰਵਾਈ ਹੋਣ ਦੀਆਂ ਸੰਭਾਵਨਾਵਾਂ ਨਾ ਮਾਤਰ ਹਨ, ਕਿਉਂਕਿ ਕਿੰਦਰਾ ਸਰਪੰਚ ਅਨੁਸਾਰ ਉਸਦੇ ਸਿਰ ਤੇ ਇੱਕ ਤਾਕਤਵਰ ਕੈਬਨਿਟ ਮੰਤਰੀ ਦਾ ਮੇਹਰ ਭਰਿਆ ਹੱਥ ਹੈ। ਉਸਨੇ ਐਲਾਨ ਕੀਤਾ ਕਿ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਉਹ ਨਾ ਸਿਰਫ ਆਪਣੇ ਪਤੀ ਦਾ ਅੰਤਿਮ ਸਸਕਾਰ ਨਹੀਂ ਕਰੇਗੀ, ਬਲਕਿ ਆਪਣੇ ਤਿੰਨਾਂ ਬੱਚਿਆਂ ਸਮੇਤ ਆਤਮ ਹੱਤਿਆ ਕਰਨ ਤੋਂ ਵੀ ਗੁਰੇਜ ਨਹੀਂ ਕਰੇਗੀ।
—————————————

ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਉਹ ਆਪਣੇ ਪਤੀ ਦਾ ਅੰਤਿਮ ਸਸਕਾਰ ਨਹੀਂ ਕਰੇਗੀ ਅਤੇ ਤਿੰਨਾਂ ਬੱਚਿਆਂ ਸਮੇਤ ਆਤਮ ਹੱਤਿਆ ਕਰਨ ਲਈ ਮਜਬੂਰ ਹੋਵੇਗੀ

Real Estate