ਸਰਕਾਰੀ ਸਕੂਲ ’ਚ ਸਿਫ਼ਟਾਂ ਵਿੱਚ ਕਲਾਸਾਂ ਲਾਉਣ ਦਾ ਤਾਨਾਸ਼ਾਹੀ ਫੈਸਲਾ , ਅਧਿਆਪਕਾ ਵੱਲੋਂ ਅਧਿਕਾਰੀਆਂ ਨੂੰ ਸਿਕਾਇਤਾਂ ਭੇਜੀਆਂ

1012

ਬਠਿੰਡਾ/ 5 ਮਈ/ ਬਲਵਿੰਦਰ ਸਿੰਘ ਭੁੱਲਰ
ਸਥਾਨਕ ਸੰਜੇ ਨਗਰ ’ਚ ਇੱਕ ਸਕੂਲ ਨਿਵੇਕਲੀ ਪਿਰਤ ਪਾ ਰਿਹਾ ਹੈ, ਇਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਕਲਾਸਾਂ ਦੋ ਸਿਫਟਾਂ ਵਿੱਚ ਲਗਾਈਆਂ ਜਾ ਰਹੀਆਂ ਹਨ। ਸੈਕੰਡਰੀ ਕਲਾਸਾਂ ਤਿੱਖੜ ਦੁਪਹਿਰੇ ਬਾਰਾਂ ਵਜੇ ਸੁਰੂ ਕੀਤੀਆਂ ਜਾ ਜਾਂਦੀਆਂ ਹਨ। ਸਕੂਲ ਵਿਦਿਆਰਥੀਆਂ ਨੇ ਇਸ ਤਾਨਾਸ਼ਾਹੀ ਹੁਕਮਾਂ ਤੇ ਇਤਰਾਜ ਕੀਤਾ ਤਾਂ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਸੱਤ੍ਹਾਧਾਰੀ ਧਿਰ ਦੇ ਆਗੂਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਇੱਕ ਸਕੂਲ ਅਧਿਆਪਕਾ ਵੱਲੋਂ ਉੱਚ ਅਧਿਕਾਰੀਆਂ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਸਿਕਾਇਤਾਂ ਭੇਜ ਦਿੱਤੀਆਂ ਗਈਆਂ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੀਨੀਅਰ ਸੈਕੰਡਰੀ ਸਕੂਲ ਦਹਾਕਿਆਂ ਤੋਂ ਚੱਲ ਰਿਹਾ ਹੈ। ਕੁਝ ਸਮਾਂ ਪਹਿਲਾਂ ਇਸ ਸਕੂਲ ਦੀਆਂ ਪ੍ਰਾਇਮਰੀ ਜਮਾਤਾਂ ਦੇ ਕਮਰਿਆਂ ਨੂੰ ਢਾਹ ਦਿੱਤਾ ਗਿਆ ਹੈ। ਕਮਰੇ ਢਾਉਣ ਤੋਂ ਬਾਅਦ ਜਦ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਕਮਰਿਆਂ ਦਾ ਕੋਈ ਪ੍ਰਬੰਧ ਨਾ ਹੋਇਆ ਤਾਂ ਇੱਕ ਨਿਵੇਕਲਾ ਢੰਗ ਲੱਭ ਲਿਆ, ਕਿ ਸੁਭਾ 7 ਵਜੇ ਤੋਂ 12 ਵਜੇ ਤੱਕ ਪ੍ਰਾਇਮਰੀ ਕਲਾਸਾਂ ਲਾਈਆਂ ਜਾਣਗੀਆਂ ਅਤੇ 12 ਵਜੇ ਤੋਂ 5 ਵਜੇ ਤੱਕ ਸੈਕੰਡਰੀ ਕਲਾਸਾਂ ਲਾਈਆਂ ਜਾਣਗੀਆਂ। ਮੌਜੂਦਾ ਅੱਤ ਦੀ ਗਰਮੀ ਦੇ ਮੌਸਮ ਵਿੱਚ ਜਦ ਵਿਦਿਆਰਥੀਆਂ ਨੇ 12 ਵਜੇ ਕਲਾਸਾਂ ਸੁਰੂ ਕਰਨ ਤੇ ਇਤਰਾਜ ਕੀਤਾ, ਤਾਂ ਉਹਨਾਂ ਦੀ ਕੋਈ ਸੁਣਵਾਈ ਨਾ ਹੋਈ, ਆਖ਼ਰ ਸੈਕੰਡਰੀ ਵਿਦਿਆਰਥੀਆਂ ਨੇ ਬੀਤੇ ਕੱਲ੍ਹ ਸਕੂਲ ਮੂਹਰੇ ਧਰਨਾ ਲਾ ਦਿੱਤਾ ਅਤੇ ਨਾਅਰੇਬਾਜੀ ਕੀਤੀ।
ਇਸ ਦੀ ਸੂਚਨਾ ਮਿਲਣ ਤੇ ਡਿਪਟੀ ਡੀ ਈ ਓ ਸ੍ਰੀਮਤੀ ਭੁਪਿੰਦਰ ਕੌਰ ਮੌਕੇ ਤੇ ਪਹੁੰਚੀ ਅਤੇ ਦੋ ਸਿਫ਼ਟਾਂ ਵਿੱਚ ਹੀ ਕਲਾਸਾਂ ਲਾਉਣ ਦੇ ਫੈਸਲੇ ਨੂੰ ਦਰੁਸਤ ਦੱਸਿਆ। ਬੱਚਿਆਂ ਵੱਲੋਂ ਇਹ ਫੈਸਲਾ ਵਾਪਸ ਲੈਣ ਲਈ ਜੋਰ ਪਾਇਆ ਤਾਂ ਉਹਨਾਂ ਕਿਹਾ ਕਿ ਇਹ ਡਿਪਟੀ ਕਮਿਸਨਰ ਵੱਲੋਂ ਕੀਤਾ ਹੋਇਆ ਫੈਸਲਾ ਹੈ, ਉਸੇ ਤਰ੍ਹਾਂ ਲਾਗੂ ਹੋਵੇਗਾ। ਅੱਜ ਵਿੱਤ ਮੰਤਰੀ ਪੰਜਾਬ ਦੀ ਧਰਮਪਤਨੀ ਸ੍ਰੀਮਤੀ ਵੀਨੂੰ ਬਾਦਲ ਇਸ ਮਾਮਲੇ ਸਬੰਧੀ ਜਾਇਜ਼ਾ ਲੈਣ ਲਈ ਸਕੂਲ ’ਚ ਪਹੁੰਚੀ, ਜਿਸਨੇ ਇਹ ਦੋ ਸਿਫ਼ਟਾਂ ਵਾਲਾ ਫੈਸਲਾ ਜਾਰੀ ਰੱਖਣ ਨੂੰ ਜਾਇਜ਼ ਕਰਾਰ ਦਿੰਦਿਆਂ ਸਕੂਲ ਸਟਾਫ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਗੁੰਮਰਾਹ ਕਰਦੇ ਹਨ। ਇਸ ਉਪਰੰਤ ਉਸਨੇ ਇੱਕ ਦਲਿਤ ਅਧਿਆਪਕਾ ਸ੍ਰੀਮਤੀ ਕੁਲਵਿੰਦਰ ਕੌਰ ਨੂੰ ਕਿਹਾ ਕਿ ਤੂੰ ਵਿਦਿਆਰਥੀਆਂ ਨੂੰ ਗੁੰਮਰਾਹ ਕਰਕੇ ਰੌਲਾ ਪਵਾਉਂਦੀ ਹੈਂ, ਤੈਨੂੰ ਸਬਕ ਸਿਖਾਉਣਾ ਪਵੇਗਾ। ਅੱਤ ਦੀ ਗਰਮੀ ਵਿੱਚ ਵਿਦਿਆਰਥੀਆਂ ਨੂੰ ਦੁਪਹਿਰ ਸਮੇਂ ਆਉਣਾ ਬਹੁਤ ਮੁਸਕਿਲ ਹੈ, ਪਰ ਉਹਨਾਂ ਦੀ ਪ੍ਰਸਾਸਨ ਵੱਲੋਂ ਸੁਣਵਾਈ ਨਹੀਂ ਹੋ ਰਹੀ। ਇਸ ਸਬੰਧੀ ਜਦ ਡਿਪਟੀ ਡੀ ਈ ਓ ਸ੍ਰੀਮਤੀ ਭੁਪਿੰਦਰ ਕੌਰ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਦੋ ਸਿਫਟਾਂ ਵਿੱਚ ਕਲਾਸਾਂ ਲਾਉਣ ਅਤੇ ਵਿਦਿਆਰਥੀਆਂ ਵੱਲੋਂ ਧਰਨਾ ਲਾਉਣ ਦੀ ਘਟਨਾ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਬੀਤੇ ਕੱਲ ਹੀ ਇਸ ਮਾਮਲੇ ਦਾ ਹੱਲ ਕਰ ਦਿੱਤਾ ਗਿਆ ਸੀੇ। ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਅੱਜ ਵੀ ਸੈਕੰਡਰੀ ਕਲਾਸਾਂ ਬਾਰਾਂ ਵਜੇ ਹੀ ਸੁਰੂ ਕੀਤੀਆਂ ਗਈਆਂ ਹਨ। ਦੂਜੇ ਪਾਸੇ ਸਕੂਲ ਦੀ ਅਧਿਆਪਕਾ ਸ੍ਰੀਮਤੀ ਕੁਲਵਿੰਦਰ ਕੌਰ ਨੇ ਆਪਣੇ ਨਾਲ ਹੋਈ ਵਧੀਕੀ ਸਬੰਧੀ ਮੁੱਖ ਚੋਣ ਕਮਿਸਨ ਪੰਜਾਬ, ਡਿਪਟੀ ਕਮਿਸਨਰ ਬਠਿੰਡਾ ਅਤੇ ਜਿਲ੍ਹਾ ਪੁਲਿਸ ਮੁਖੀ ਬਠਿਡਾ ਨੂੰ ਦਰਖਾਸਤਾਂ ਭੇਜ ਕੇ ਸਿਕਾਇਤ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ।

Real Estate