ਪੰਜਾਬ ਦੇ ਰਵਾਇਤੀ ਰੁੱਖਾਂ ਨੂੰ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ

1283

550 ਵੇਂ ਪ੍ਰਕਾਸ਼ ਪੁਰਬ ਮੌਕੇ ਕੌਮਾਂਤਰੀ ਪੱਧਰ ਦੀ ਵਾਤਾਵਰਣ ਕਾਨਫਰੰਸ ਕਰਵਾਉਣ ਦਾ ਵੀ ਫੈਸਲਾ

ਸੁਲਤਾਨਪੁਰ ਲੋਧੀ ੩ ਮਈ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੀਤੀ ਗਈ ਤਿਆਰੀ ਸਬੰਧੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਮੌਕੇ ਕੌਮਾਂਤਰੀ ਪੱਧਰ ਦੀ ਵਾਤਾਵਰਣ ਕਾਨਫਰੰਸ ਕਰਵਾਈ ਜਾਵੇਗੀ।ਨਿਰਮਲ ਕੁਟੀਆਂ ਪਵਿੱਤਰ ਵੇਈਂ ਵਿਖੇ ਬਾਅਦ ਦੁਪਹਿਰ ਹੋਈ ਮੀਟਿੰਗ ਵਿੱਚ ਇਲਾਕੇ ਦੇ ਸੰਤ ਮਹਾਂਪੁਰਸ਼ਾਂ ,ਬੁਧੀਜੀਵੀਆਂ ਅਤੇ ਸਮਾਜ ਸੇਵਾਕਾਂ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ੧੯੬੯ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੦੦ ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ ਪਰ ੫੦ ਸਾਲਾਂ ‘ਤੇ ਝਾਤ ਮਾਰੀਏ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਵਾਤਾਵਰਣ ਦਾ ਸਭ ਤੋਂ ਵੱਧ ਨੁਕਸਾਨ ਇਸ ਸਮੇਂ ਦੌਰਾਨ ਹੀ ਹੋਇਆ ਹੈ।ਉਨ੍ਹਾਂ ਨੇ ਸਵਾਲ ਖੜ੍ਹਾ ਕੀਤਾ ਕਿ ਬਾਬੇ ਨਾਨਕ ਨੂੰ ਮੰਨਣ ਵਾਲਿਆਂ ਨੇ ਹੀ ਉਨ੍ਹਾਂ ਦੇ ਉਪਦੇਸ਼ਾਂ ਤੋਂ ਮੂੰਹ ਕਿਉਂ ਮੋੜ ਲਿਆ। ਬਾਬੇ ਨਾਨਕ ਦੇ ਸੁਨੇਹੇ ਨੂੰ ਘਰ ਘਰ ਪਹੁੰਚਾਉਣ ਲਈ ਹਰ ਪਿੰਡ ਵਿੱਚ ੫੫੦ ਬੂਟੇ ਲਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਪੰਜਾਬ ਦੇ ਰਵਾਇਤੀ ਰੁੱਖਾਂ ਨੂੰ ਵੱਧ ਤੋਂ ਵੱਧ ਲਗਾਇਆ ਜਾਵੇਗਾ।
ਰਾਜਯੋਗੀ ਵੈਦ ਸੰਤ ਦਇਆ ਸਿੰਘ ਨੇ ਇਸ ਮੌਕੇ ਕਿਹਾ ਕਿ ੫੫੦ ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਯੂਰਵੈਦ ਤੇ ਯੂਨਾਨੀ ਵਿਧੀਆਂ ਦੀ ਸਿੱਖਿਆ ਦਾ ਕੇਂਦਰ ਸੁਲਤਾਨਪੁਰ ਲੋਧੀ ਨਿਰਮਲ ਕੁਟੀਆ ‘ਚ ਬਣਾਇਆ ਜਾਵੇਗਾ।
ਸੁਲਤਾਨਪੁਰ ਲੋਧੀ ਨੂੰ ਸੋਲਰ ਸਿਟੀ ਬਣਾਉਣ ਲਈ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ੨੦ ਕਿਲੋਵਾਟ ਦਾ ਪ੍ਰਜੈਕਟ ਲਾਉਣ ਲਈ ਨਰਿੰਦਰ ਸੋਨੀਆ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਅਤੇ ਪਵਿੱਤਰ ਸ਼ਹਿਰ ਨੂੰ ਸੋਲਰ ਸਿਟੀ ਵਜੋਂ ਵਿਕਸਤ ਕਰਨ ਲਈ ਸਰਕਾਰ ਅਤੇ ਸਮੂਹ ਸੰਗਤ ਨੂੰ ਅਪੀਲ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਜਿਸ ਨੂੰ ਗੁਰਬਾਣੀ ਦਾ ਆਗਮਨ ਅਸਥਾਨ ਮੰਨਿਆ ਜਾਂਦਾ ਹੈ ਉਸ ਨੂੰ ਰਾਤ ਵੇਲੇ ਜਗਮੱਗ-ਜਗਮੱਗ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਇਆ ਜਾ ਸਕੇ। ਜਿਹੜੇ ਪਿੰਡਾਂ ਵਿੱਚੋਂ ਦੀ ਬਾਬੇ ਨਾਨਕ ਦੀ ਵੇਈਂ ਲੰਘਦੀ ਹੈ ਉਥੇ ਹਰ ਪਿੰਡ ਵਿੱਚ ਇਸ਼ਨਾਨ ਘਾਟ ਬਣਾਏ ਜਾਣ ਤਾਂ ਪਾਣੀਆਂ ਦੀ ਮਹੱਤਤਾ ਨੂੰ ਦੱਸਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਿੰਡ ਧੰਨੋਆ ਜਿੱਥੋਂ ਪਵਿੱਤਰ ਵੇਈਂ ਸ਼ੁਰੂ ਹੁੰਦੀ ਹੈ ਉਥੋਂ ਵੇਈਂ ਕਿਨਾਰੇ –ਕਿਨਾਰੇ ਨਗਰ ਕੀਰਤਨ ਦਾ ਅਯੋਜਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸ਼ਤਾਬਦੀਆਂ ਮਨਾਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਰਹਿਬਰਾਂ ਵੱਲੋਂ ਦਿੱਤੇ ਉਪਦੇਸ਼ਾਂ ‘ਤੇ ਚੱਲਿਆ ਜਾਵੇ। ਉਨ੍ਹਾਂ ਕਿਹਾ ਕਿ ੧੯੬੯ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੦੦ ਸਾਲਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ ਤੇ ਹੁਣ ੫੦ ਸਾਲਾਂ ਬਾਅਦ ਬੜੀ ਸ਼ਰਧਾਂ ਨਾਲ ਸੰਗਤਾਂ ਵੱਲੋਂ ੫੫੦ ਸਾਲਾ ਉਸੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ,ਨਾਮ ਜੱਪੋ ਤੇ ਵੰਡ ਛੱਕੋ ਅਤੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਪ੍ਰਚਾਰਿਆ ਜਾਵੇਗਾ।ਨਿਰਮਲ ਕੁਟੀਆ ‘ਚ ਕਵੀ ਦਰਬਾਰ ਕਰਵਾਏ ਜਾਣਗੇ।ਡਾ: ਨਿਰਮਲ ਸਿੰਘ ਲਾਂਬੜਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨਾਲ ਹੀ ਦੁਨੀਆਂ ਨੂੰ ਆਲਮੀ ਤਪਸ਼ ਤੋਂ ਬਚਾਇਆ ਜਾ ਸਕਦਾ।ਪ੍ਰੋ ਆਸਾ ਸਿੰਘ ਘੁੰਮਣ ਨੇ ਕਿਹਾ ਕਿ ੫੦੦ ਸਾਲਾਂ ਸਮਾਗਮ ਦੌਰਾਨ ਪੰਜਾਬ ਵਿੱਚ ੩੮ ਸਰਕਾਰੀ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਬਣਾਈ ਗਈ ਸੀ ਪਰ ਹੁਣ ਸਰਕਾਰ ਅਤੇ ਸੰਸਥਾਵਾਂ ਵੱਲੋਂ ਉਸ ਪੱਧਰ ਦੇ ਵੱਡੇ ਕਾਰਜ਼ ਆਰੰਭ ਨਹੀਂ ਕੀਤੇ ਗਏ।
ਸੰਤ ਸੀਚੇਵਾਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਰਗੇ ਇਤਿਹਾਸਕ ਨਗਰ ਨੂੰ ਸਾਫ਼ ਸੁਥਰਾ ਬਣਾਇਆ ਜਾਵੇ।ਇੱਥੇ ਦੁਨੀਆਂ ਭਰ ਦੀਆਂ ਨਜ਼ਰਾਂ ਲੱਗੀਆਂ ਰਹਿਣੀਆਂ ਹਨ। ਉਨ੍ਹਾਂ ਦੱਸਿਆ ਕਿ ਛੇ ਮਹੀਨੇ ਬਾਕੀ ਰਹਿ ਗਏ ਹਨ।ਇੰਨ੍ਹਾਂ ਕਾਰਜਾਂ ਨੂੰ ਹੁਣ ਤੋਂ ਹੀ ਸ਼ੁਰੂ ਕੀਤਾ ਜਾਵੇ।ਵੱਡੀਆਂ ਸਕਰੀਨਾਂ ਲਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨੂੰ ਦਰਸਾਉਂਦਾ ਇਤਿਹਾਸ ਪਵਿੱਤਰ ਵੇਈਂ ਕਿਨਾਰੇ ਥਾਂ ਥਾਂ ਪ੍ਰਦਰਸ਼ਿਤ ਕੀਤਾ ਜਾਵੇ।
ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਸੰਤ ਅਮਰੀਕ ਸਿੰਘ ਖੁਖਰੈਣ ,ਸੰਤ ਗੁਰਮੇਜ ਸਿੰਘ, ਸੰਤ ਗੁਰਬਚਨ ਸਿੰਘ ਠੱਠਾ ਸਾਹਿਬ ਦਮਦਮਾ ਸਾਹਿਬ, ਸੰਤ ਪਾਲ ਸਿੰਘ ਲੋਹੀਆ, ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਤੋਂ ਬਾਬਾ ਮਹਿੰਦਰ ਸਿੰਘ,ਬੇਬੇ ਨਾਨਕੀ ਟਰੱਸਟ ਵੱਲੋਂ ਸ੍ਰ ਜਸਪਾਲ ਸਿੰਘ, ਸੰਤ ਸੁਖਜੀਤ ਸਿੰਘ ,ਪ੍ਰੋ: ਆਸਾ ਸਿੰਘ ਘੁੰਮਣ, ਡਾ। ਨਿਰਮਲ ਸਿੰਘ, ਆਰਟਿਸਟ ਅਮਰਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਗੁਰਵਿੰਦਰ ਸਿੰਘ ਬੋਪਾਰਾਏ, ਗੁਰਵਿੰਦਰ ਕੌਰ, ਕੁਲਵਿੰਦਰ ਸਿੰਘ, ਪ੍ਰੋ ਗੁਰਵਿੰਦਰ ਸਿੰਘ ਆਦਿ ਸਖਸ਼ੀਅਤਾਂ ਹਾਜ਼ਰ ਸਨ।

Real Estate