ਬਰਛੀ ਵਾਂਗੂੰ ਸੀਨੇ ਖੁੱਭਦੀ ਰਚਨਾ ਹੀ ਪ੍ਰਵਾਨ ਹੁੰਦੀ

1507

Sukhnaib Sidhuਸੁਖਨੈਬ ਸਿੰਘ ਸਿੱਧੂ
ਸਾਹਿਤ ਅਤੇ ਸੰਗੀਤ ਦੇ ਖੇਤਰ ਨਾਲ ਜੁੜੇ ਕਈ ਦੋਸਤ ਕਦੇ ਸੁਝਾਅ ਮੰਗ ਲੈਂਦੇ ਹਨ ਅਤੇ ਕਦੇ ਕਿਸੇ ਖਾਸ ਦੋਸਤ ਨੂੰ ਬਿਨਾ ਮੰਗਿਆ ਸਲਾਹ ਵੀ ਧੱਕੇ ਦੇ ਦਿੰਨਾ ਕਿ ‘ਰਾਜ ਨਹੀਂ ਸੇਵਾ’। ਮੇਰੇ ਸੁਝਾਅ ‘ਤੇ ਅਸਰ ਵੀ ਜਿ਼ਆਦਾਤਰ ਲੋਕਾਂ ਨੇ ਨਹੀਂ ਕਰਨਾ ਹੁੰਦਾ ਪਰ ‘ਅੱਤ , ਸਿਰਾ, ਖਤਮ’ ਕਹਿਣ ਵਾਲੇ ਆਪਾਂ ਵੀ ਨਹੀਂ । ਲੇਖਕ -ਗੀਤਕਾਰ ਨੂੰ ਵੀ ਬੇਸ਼ੱਕ ਆਪਣੀ ਹਰੇਕ ਰਚਨਾ ਬਹੁਤ ਵਧੀਆ ਲੱਗਦੀ ਹੋਵੇ ਪਰ ਆਪਣੀ ਪਾਰਖੂ ਅੱਖ ਵੀ ਖੁੱਲ੍ਹੀ ਰੱਖਣੀ ਲਾਜ਼ਮੀ ਹੁੰਦੀ ਅਸੀਂ ਕਿੰਨੇ ਕੁ ਪਾਣੀ ‘ਚ । ਜਦਕਿ ਅਸਲ ਮਕਬੂਲੀਅਤ ਇਹ ਹੁੰਦੀ ਕਿ ਇਹ ਪਾਠਕਾਂ ਸਰੋਤਿਆਂ ਤੱਕ ਪਹੁੰਚੀ ਕਿੱਥੇ -ਕਿੱਥੇ ? ਅਕਸਰ ਸਾਹਿਤਕ ਕਿਤਾਬਾਂ ਪ੍ਰਕਾਸ਼ਨ ‘ਤੇ ਨਾਂਮ ਤੇ ਕਿੰਨੇ ਕੀਮਤੀ ਕਾਗਜ਼ ਖਰਾਬ ਹੋ ਰਹੇ ਹਨ – ਜਿ਼ਆਦਾਤਰ ‘ਚ ਕੱਢਣ – ਪਾਉਣ ਨੂੰ ਕੁਝ ਨਹੀਂ ਹੁੰਦਾ ਸਿਵਾਏ ਹਊਮੈ ਨੂੰ ਪੱਠਾ ਪਾਉਣ ਦੇ । ਇੱਕ ਦੋ ਪ੍ਰਕਾਸ਼ਕ ਤਾਂ ਐਨਆਰਆਈਜ਼ ਦੇ ਸਟੇਟਸ ਕਾਪੀ ਕਰਕੇ ਕਿਤਾਬ ਛਾਪਣ ਨੂੰ ਕਾਹਲੇ ਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ 500 -700 ਡਾਲਰ ਸੌਖਾ ਡੁੱਕ ਲਵਾਂਗੇ , ਵਿਦੇਸ਼ ‘ਚ ਆਓ ਭਗਤ ਵੱਖਰੀ। ਐਨਆਰਆਈ , ਕਿਤਾਬ ਤਾਂ 100 ਵੀ ਨਾਲ ਲਿਜਾ ਨਹੀਂ ਸਕਦੇ । 500 ਕਿਤਾਬ ਦਾ ਇੱਕ ਐਡੀਸ਼ਨ ਪਹਿਲਾ ਛੱਪਦਾ ਸੀ ਹੁਣ ਪਤਾ ਲੱਗਿਆ ਉਹ 200-300 ਤੱਕ ਰਹਿ ਗਿਆ । ਪਬਲਿਸ਼ਰਾਂ ਦੇ ਇਸ ਲਾਲਚ ਕਾਰਨ ਲਕਾ-ਤੁਕਾ ਜਿ਼ਆਦਾ ਛੱਪ ਰਿਹਾ । ਫਿਰ ਗਿਲ੍ਹਾ ਹੁੰਦਾ ਪੰਜਾਬੀ ਪਾਠਕ ਕਿਤਾਬਾਂ ਨਹੀਂ ਪੜ੍ਹਦੇ , ਫਿਰ ਪੁੱਛੇ ਕਿ ਸਾਹਿਤਕ ਮੇਲਿਆਂ ‘ਚ ਲੱਖਾਂ ਰੁਪਏ ਦੀਆਂ ਪੰਜਾਬੀ ਕਿਤਾਬਾਂ ਯੂਪੀ ਵਾਲੇ ਖਰੀਦ ਕੇ ਲੈ ਜਾਂਦੇ।
ਨਾਲੇ ਜਿਹੜੀ ਕਿਤਾਬ 300 ਛਪੀ , ਉਹਦੇ ਵਿੱਚੋਂ 100-150 ਪਿਆਰ ਨਾਲ ਭੇਂਟ ਹੋ ਜਾਂਦੀ ਜੀਹਨੂੰ 75 ਪ੍ਰਤੀਸ਼ਤ ਨੇ ਪੜਨਾ ਨਹੀਂ ਹੁੰਦਾ । ਬਾਕੀ 150 ਨੂੰ ਕਿੰਨੇ ਲੋਕ ਪੜ੍ਹ ਸਕਦੇ । ਮੇਰਾ ਇੱਕ ਅੰਦਾਜਾ , ਪੰਝੀ-ਤੀਹ ਹਜ਼ਾਰ ਰੁਪਏ ਖਰਚ ਕੇ ਛਪਾਈ ਕਿਤਾਬ ਨੂੰ ਮਸਾਂ 2000 ਪਾਠਕ ਪੜ੍ਹਦੇ ਹੋਣਗੇ ਉਹ ਵੀ ਤਾਂ ਜੇਕਰ ਸਾਰੀਆਂ 200-300 ਕਿਤਾਬਾਂ ਨੂੰ 4-5 ਪਾਠਕ ਮੰਗ ਕੇ ਪੜ੍ਹਨ ਕੇ , ਕਿਤਾਬ ਮੰਗੀ ਵੀ ਉਹੀ ਜਾਂਦੀ ਜੀਹਦੇ ਕੁਝ ਗੱਲਬਾਤ ਹੋਊ ।
ਇਹ ਲੁੱਟ ਤੋਂ ਖਹਿੜਾ ਛੁਡਾਓ , ਆਪਣੀ ਰਚਨਾਵਾਂ ਸੋਸ਼ਲ ਮੀਡੀਆ ਤੇ ਫਰੀ ਅਪਲੋਡ ਕਰੋ ਨਾ ਮੁੱਖਬੰਧ ਦੀ ਲੋੜ ਨਾ ਸਾਹਿਤਕ ਗੋਸ਼ਟੀ ਦੀ । ਇੱਥੋਂ ਚੰਗੀ ਅਤੇ ਮਾੜੀ ਗੱਲ ਜੰਗਲ ਦੀ ਅੱਗ ਵਾਂਗੂੰ ਫੈਲਦੀ ।
ਕੋਈ ਵੀ ਰਚਨਾ ਜੇ ਸੀਨੇ ‘ਚ ਬਰਛੀ ਵਾਂਗੂੰ ਖੁੱਭਦੀ ਜਾਵੇ ਫਿਰ ਹਿੱਟ ਹੁੰਦੀ ।
ਮੇਰੀ ਸਲਾਹ ਲੈਣ ਵਾਲੇ ਬਹੁਤੇ ਮੇਰੇ ਤੋਂ ਨਾਰਾਜ਼ ਵੀ ਹੁੰਦੇ । ਮੈਂ ਕੋਈ ‘ਬੁੱਧੀਜੀਵੀ’ ਨਹੀਂ ਲੇਖਕ – ਗੀਤਕਾਰ ਵਾਲਾ ਠੱਪਾ ਲਾਇਆ ਉਸਤਾਦੀ ਵਾਲੇ ਵਹਿਮ ਤੋਂ ਦੂਰ ਹਾਂ ਤਾਹੀਂ ਸਾਫ -ਸਾਫ ਕਹਿ ਦਿੰਨਾ । ਚੰਗਾ ਸਾਹਿਤ ਪੜ੍ਹਨ ਕਰਕੇ ਅਤੇ 10-12 ਸਾਲ ਸੰਗੀਤ ਇੰਡਸਟਰੀ ਨਾਲ ਨੇੜਿਓ ਹੋਣ ਕਾਰਨ ਐਨੀ ਕੁ ਸਮਝ ਹੈ ਕਿ ਕਿਹੜੀ ਗੱਲ ਲੋਕਾਂ ‘ਚ ਪ੍ਰਵਾਨ ਹੋਵੇਗੀ ।
ਸਾਡੀ ਇੱਕ ਜਾਣਕਾਰ ਕੁੜੀ ਨੇ ਮੇਰੇ ਸੁਝਾਅ ਮੁਤਾਬਿਕ ਬਿਨਾ ਕਿਸੇ ‘ਬੁੱਧੀਜੀਵੀ’ ਤੋਂ ਮੁੱਖਬੰਦ ਲਿਖਾਏ ਕਿਤਾਬ ਰਿਲੀਜ਼ ਕਰਾਈ ਚਰਚਾ ਤਾਂ ਉਹਦੀ ਵੀ ਹੋਗੀ, ਫਿਰ ‘ਬੁੱਧੀਜੀਵੀ’ ਦੀਆਂ ਲੇਲੜੀਆਂ ਕਿਉਂ ਕੱਢੀਆਂ ਜਾਣ ? ਅਗਲੇ ਪਤਾ ਨਈ ਫਿਰ ਕੀ ਕੀ ਕੱਢ ਜਾਂਦੇ । ਕਈ ‘ਗੁਰੂਦੇਵ’ ਤਾਂ ਜੀਭ ਨਾਲ ਅੱਖਰ ਲਿਖਣ ਤੱਕ ਦੀਆਂ ਗੱਲਾਂ ਕਰਦੇ ।
ਬਾਕੀ , ਇਹ ਸਨਮਾਨ , ਗੋਸ਼ਟੀਆਂ ਅਤੇ ਵਿਮੋਚਨ ਕਿਵੇਂ ਹੁੰਦੇ ਹਨ ਇਹ ਕਿਸੇ ਤੋਂ ਲੁੱਕਿਆ ਨਹੀਂ ।
ਜੇ ਕਿਸੇ ਸਮਾਗਮ ‘ਚ ਬੰਦੇ ਘੱਟ ਹੋਣ ਤਾਂ ਅਕਸਰ ਇਹ ਕਹਿ ਕਿ ਬੁੱਤਾ ਸਾਰ ਲਈਦਾ ਕਿ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਤੇ ਭੀੜ ‘ਚ ਸਿਆਣੇ ਨਹੀਂ ਹੁੰਦੇ ।

Real Estate