ਪੰਜਾਬ ਦਾ ਸਿਆਸੀ ਭਵਿੱਖ ਤਹਿ ਕਰੇਗੀ ਹੌਟ ਸੀਟ ਬਠਿੰਡਾ : ਮੋਦੀ, ਰਾਹੁਲ, ਪ੍ਰਿਅੰਕਾ, ਕੇਜਰੀਵਾਲ ਆਉਣਗੇ

ਬਠਿੰਡਾ/ 3 ਮਈ/ ਬਲਵਿੰਦਰ ਸਿੰਘ ਭੁੱਲਰ

ਪੰਜਾਬ ਦੀ ਸਭ ਤੋਂ ਹੌਟ ਸੀਟ ਲੋਕ ਸਭਾ ਹਲਕਾ ਬਠਿੰਡਾ ਲਈ 27 ਉਮੀਦਵਾਰ ਚੋਣ ਮੈਦਾਨ ਵਿੱਚ ਡਟ ਚੁੱਕੇ ਹਨ। ਇਹਨਾਂ ਵਿੱਚ ਮੁੱਖ ਤੌਰ ਤੇ ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਸ੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ, ਆਮ ਆਦਮੀ ਪਾਰਟੀ ਦੇ ਪ੍ਰੋ: ਬਲਜਿੰਦਰ ਕੌਰ, ਅਕਾਲੀ ਦਲ ਅਮ੍ਰਿਤਸਰ ਦੇ ਜ: ਗੁਰਸੇਵਕ ਸਿੰਘ ਜਵਾਹਰਕੇ ਅਤੇ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਹਨ।
ਮੈਦਾਨ ਵਿੱਚ ਨਿੱਤਰੇ ਭਾਵੇਂ ਸਾਰੇ ਹੀ ਉਮੀਦਵਾਰ ਵੋਟਾਂ ਮੰਗਣ ਲਈ ਸ਼ਹਿਰ ਸ਼ਹਿਰ ਪਿੰਡ ਪਿੰਡ ਗਲੀਆਂ ਮੁਹੱਲਿਆਂ ਵੱਲ ਤੁਰ ਪਏ ਹਨ, ਪਰ ਉਪਰੋਕਤ ਪੰਜ ਉਮੀਦਵਾਰਾਂ ਨੇ ਆਪਣੀ ਆਪਣੀ ਮੁਹਿੰਮ ਨੂੰ ਸਿਖ਼ਰਾਂ ਵੱਲ ਲਿਜਾਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਜੇਕਰ ਉਹਨਾਂ ਦੀ ਚੋਣ ਮੁਹਿੰਮ ਦਾ ਵਿਸਲੇਸ਼ਣ ਕੀਤਾ ਜਾਵੇ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਈ ਸਾਲਾਂ ਤੋਂ ਹੀ ਇਸ ਚੋਣ ਦੀ ਤਿਆਰੀ ਵਜੋਂ ਮੁਹਿੰਮ ਸੁਰੂ ਕੀਤੀ ਹੋਈ ਸੀ, ਜਦੋਂ ਕਿ ਕਾਂਗਰਸ ਸਮੇਤ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਟਿਕਟ ਮਿਲਣ ਤੱਕ ਉਡੀਕ ਕਰਨੀ ਪਈ। ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੋਣ ਮੁਹਿੰਮ ਬਾਕੀ ਉਮੀਦਵਾਰਾਂ ਨਾਲੋਂ ਅੱਗੇ ¦ਘ ਗਈ ਦਿਖਾਈ ਦੇ ਰਹੀ ਹੈ। ਅਜੇ ਤੱਕ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਹੀ ਹਲਕੇ ਵਿੱਚ ਵੋਟਾਂ ਹਾਸਲ ਕਰਨ ਲਈ ਮੁਹਿੰਮ ਚਲਾ ਰਹੇ ਹਨ। ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਦੀ ਪਤਨੀ ਅਮ੍ਰਿਤਾ ਵੜਿੰਗ
ਵੱਖਰੇ ਵੱਖਰੇ ਤੌਰ ਤੇ ਦਰਜਨਾਂ ਪਿੰਡਾਂ ਵਿੱਚ ਰੋਜਾਨਾਂ ਪਹੁੰਚਦੇ ਹਨ ਅਤੇ ਉਹਨਾਂ ਵਿਧਾਨ ਸਭਾ ਹਲਕੇ ਵੀ ਵੱਖ ਵੱਖ ਚੁਣੇ ਹੁੰਦੇ ਹਨ।
ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਉਸਦਾ ਭਰਾ ਬਿਕਰਮ ਸਿੰਘ ਮਜੀਠੀਆ ਮੁਹਿੰਮ ਚਲਾ ਰਹੇ ਹਨ, ਉਹਨਾਂ ਦੇ ਪਰਿਵਾਰ ਦਾ ਹੋਰ ਕੋਈ ਮੈਂਬਰ ਦੀ ਬਹੁਤਾ ਸਰਗਰਮ ਦਿਖਾਈ ਨਹੀਂ ਦੇ ਰਿਹਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਦੋ ਮੀਟਿੰਗਾਂ ਤਾਂ ਜਰੂਰ ਕੀਤੀਆਂ ਹਨ, ਪਰ ਹੁਣ ਉਹਨਾਂ ਨੂੰ ਜਿੱਥੇ ਸਮੁੱਚੇ ਪੰਜਾਬ ਵਿੱਚ ਜਾਣਾ ਪਵੇਗਾ ਉ¤ਥੇ ਉਹਨਾਂ ਦੀ ਆਪਣੀ ਫਿਰੋਜਪੁਰ ਸੀਟ ਤੇ ਵੀ ਉਚੇਚਾ ਧਿਆਨ ਦੇਣਾ ਪੈ ਰਿਹਾ ਹੈ। ਆਮ
ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ, ਉਹਨਾਂ ਦੀ ਮਾਤਾ ਰਣਜੀਤ ਕੌਰ, ਭਰਾ ਉਦੈਵੀਰ ਸਿੰਘ ਵੱਲੋਂ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ, ਉਹਨਾਂ ਦੀ ਪਤਨੀ ਜਤਿੰਦਰ ਕੌਰ ਖਹਿਰਾ ਤੋਂ ਇਲਾਵਾ ਉਹਨਾਂ ਦਾ ਪੁੱਤਰ, ਪੁੱਤਰੀ, ਦਾਮਾਦ ਵੀ ਚੋਣ ਮੁਹਿੰਮ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਹਨ। ਇਸ ਵਾਰ ਚੋਣ ਮੁਹਿੰਮ ਦਾ ਇਹ ਪਹਿਲੂ ਵੀ ਵਿਚਾਰਨਾ ਜਰੂਰੀ ਹੈ, ਕਿ ਹੁਣ ਲੋਕ ਇਸ ਕਦਰ ਜਾਗਰੂਕ
ਹੋ ਚੁੱਕੇ ਹਨ, ਕਿ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਆਗੂਆਂ ਨੂੰ ਸੁਆਲ ਜਵਾਬ ਕਰਦੇ ਦੇਖੇ ਜਾਂਦੇ ਹਨ। ਕਈ ਥਾਵਾਂ ਤੇ ਜਵਾਬ ਨਾ ਮਿਲਣ ਕਾਰਨ ਆਗੂਆਂ ਦਾ ਵਿਰੋਧ ਵੀ ਹੋਇਆ ਹੈ ਅਤੇ ਕਈ ਆਗੂ ਸੁਆਲਾਂ ਦੇ ਜਵਾਬ ਦੇ ਕੇ ਵੋਟਰਾਂ ਨੂੰ ਸੰਤੁਸਟ ਵੀ ਕਰ ਦਿੰਦੇ ਹਨ। ਜੇਕਰ ਪਰਿਵਾਰਕ ਮੈਂਬਰਾਂ ਅਤੇ ਚੋਣ ਹਲਕੇ ਦੇ ਆਗੂਆਂ ਤੋਂ ਇਲਾਵਾ ਪਾਰਟੀਆਂ ਦੇ ਪੰਜਾਬ ਪੱਧਰ ਦੇ ਆਗੂਆਂ ਦੀ ਸਿਰਕਤ ਦੇਖੀ ਜਾਵੇ ਤਾਂ ਕਾਂਗਰਸ ਪਾਰਟੀ ਵੱਲੋਂ ਪਾਰਟੀ ਦੀ ਚਰਚਿਤ ਆਗੂ ਨਵਜੋਤ ਕੌਰ ਸਿੱਧੂ ਨੇ ਦੋ ਦਿਨ ਹਲਕੇ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਹੈ, ਇਸਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਯੁਵਰਾਜ ਰਣਇੰਦਰ ਸਿੰਘ, ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੁਲਵੀਰ ਜੀਰਾ ਵਿਧਾਇਕ ਨੇ ਵੀ ਹਲਕੇ ਵਿੱਚ ਜਲਸਿਆਂ ਮੀਟਿੰਗਾਂ ਨੂੰ ਸੰਬੋਧਨ ਕਰਕੇ ਮੁਹਿੰਮ ਨੂੰ ਤੇਜ ਕੀਤਾ ਹੈ। ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ਦੀ ਮੁਹਿੰਮ ਨੂੰ ਤੇਜ ਕਰਨ ਲਈ ਜਸਕਰਨ ਸਿੰਘ ਕਾਹਨ
ਸਿੰਘ ਵਾਲਾ ਅਤੇ ਬਰਗਾੜੀ ਮੋਰਚਾ ਨਾਲ ਸਬੰਧਤ ਆਗੂ ਪਹੁੰਚ ਕਰ ਚੁੱਕੇ ਹਨ।
ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸ੍ਰ: ਪ੍ਰਕਾਸ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਹੋਰ ਸੀਨੀਅਰ ਅਕਾਲੀ ਲੀਡਰਾਂ ਤੋਂ ਇਲਾਵਾ ਸ੍ਰੀ ਨਰਿੰਦਰ ਮੋਦੀ ਦੇ ਪਹੁੰਚਣ ਦੀ ਵੀ ਸੰਭਾਵਨਾ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਚੋਣ ਨੂੰ ਸਿਖ਼ਰਾਂ ਤੇ ਪਹੁੰਚਦਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਦੇ ਕੈਬਨਿਟ ਮੰਤਰੀਆਂ ਤੋਂ ਇਲਾਵਾ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੇ ਬੀਬੀ ਪ੍ਰਿਅੰਕਾ ਗਾਂਧੀ ਵਡੇਰਾ ਸਮੇਤ ਕੇਂਦਰ ਪੱਧਰ ਦੇ ਕਈ ਹੋਰ ਨੇਤਾਵਾਂ ਦੇ ਪਹੁੰਚਣ ਦਾ ਪ੍ਰੋਗਰਾਮ ਲੱਗਭੱਗ ਤਹਿ ਹੋ ਚੁੱਕਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਦੀ ਮੁਹਿੰਮ ਤੇਜ ਕਰਨ ਲਈ ਸ੍ਰੀ ਅਰਵਿੰਦਰ ਕੇਜਰੀਵਾਲ ਤੇ ਸੰਜੇ ਸਿੰਘ ਦੇ ਪਹੁੰਚਣ ਦੇ ਪ੍ਰੋਗਰਾਮ ਵੀ ਉਲੀਕੇ ਜਾ ਚੁੱਕੇ ਹਨ। ਹਾਲ ਦੀ ਘੜੀ ਇਸ ਹਲਕੇ ਵਿੱਚ ਹੋਣ ਵਾਲੇ ਮੁਕਾਬਲਿਆਂ ਨੂੰ ਫਾਈਨਲ ਅਤੇ ਸੈਮੀ ਫਾਈਨਲ ਮੁਕਾਬਲੇ ਵਿੱਚ ਵੰਡ ਕੇ ਦੇਖਿਆ ਜਾ ਰਿਹਾ ਹੈ। ਆਉਣ ਵਾਲੇ ਕੁੱਝ ਦਿਨਾਂ ’ਚ ਪਾਰਟੀਆਂ ਦੀ ਕਾਰਗੁਜਾਰੀ ਅਤੇ ਆਗ†ੂਆਂ ਦੀ ਸਿਰਕਤ ਨਾਲ ਸਥਿਤੀ ਵਿੱਚ ਬਦਲਾਅ ਵੀ ਆ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੁੱਚੇ ਪੰਜਾਬ ਦੀਆਂ ਨਜਰਾਂ ਇਸ ਹੌਟ ਸੀਟ ਤੇ ਲੱਗੀਆਂ ਹੋਈਆਂ ਹਨ, ਪਰ ਕਿਸੇ ਵੀ ਉਮੀਦਵਾਰ ਲਈ ਇਹ ਸੀਟ ਹਾਸਲ ਕਰਨੀ ਸੌਖੀ ਨਹੀਂ। ਜਿੱਥੇ ਉਮੀਦਵਾਰ ਇਸ ਸੀਟ ਤੋਂ ਹੋਣ ਵਾਲੇ ਫੈਸਲੇ ਚੋਂ ਆਪਣੇ ਸਿਆਸੀ ਜੀਵਨ ਦੀ ਚੜ੍ਹਤ ਪ੍ਰਤੀ ਆਸਵੰਦ ਹਨ, ਉੱਥੇ ਸਿਆਸੀ ਪਾਰਟੀਆਂ ਇੱਥੋਂ ਹੋਣ ਵਾਲੇ ਫੈਸਲੇ ਤੋਂ ਰਾਜ ਦੇ ਭਵਿੱਖ ਦਾ ਰਾਹ ਲੱਭ ਰਹੇ ਹਨ ਅਤੇ ਸੱਚਮੁੱਚ ਪੰਜਾਬ ਦਾ ਸਿਆਸੀ ਭਵਿੱਖ ਤਹਿ ਕਰੇਗੀ ਹੌਟ ਸੀਟ ਬਠਿੰਡਾ।

Real Estate