ਸ੍ਰ: ਬਾਦਲ, ਅਮ੍ਰਿਤਾ ਵੜਿੰਗ,ਰਣਜੀਤ ਕੌਰ, ਸੁਖਰਾਜ ਨੱਤ ਦੇ ਕਾਗਜ ਰੱਦ ਕੀਤੇ

ਪੜਤਾਲ ਦੌਰਾਨ 40 ਚੋਂ 34 ਨਾਮਜ਼ਦਗੀ ਪੱਤਰ ਪਾਏ ਗਏ ਯੋਗ- ਬੀ. ਸ੍ਰੀਨਿਵਾਸਨ

Mission 2019ਬਠਿੰਡਾ 30 ਅਪ੍ਰੈਲ ( ਬਲਵਿੰਦਰ ਸਿੰਘ ਭੁੱਲਰ ) : ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ 19 ਮਈ ਨੂੰ ਹੋਣ ਜਾ ਰਹੀਆਂ ਆਮ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸ੍ਯਭਾ ਹਲਕਾ ਬਠਿੰਡਾ ਲਈ ਕੁੱਲ ਦਾਖਲ ਹੋਏ 40 ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ 6 ਨਾਮਜ਼ਦਗੀ ਪੱਤਰ ਰੱਦ ਪਾਏ ਗਏ। ਦਾਖਲ ਕਾਗਜ਼ਾਂ ਦੀ ਪੜਤਾਲ ਉਪਰੰਤ 34 ਨਾਮਜ਼ਦਗੀ ਪੱਤਰ ਯੋਗ ਪਾਏ ਗਏ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਕਾਗਜ਼ ਯੋਗ ਪਾਏ ਜਾਣ ਕਾਰਨ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਰੇ ਗਏ 2 ਨਾਮਜ਼ਦਗੀ ਪੱਤਰ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਰੱਦ ਹੋ ਗਏ ਹਨ। ਇਸੇ ਤਰ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭਰੇ ਗਏ ਫਾਰਮ ਯੋਗ ਪਾਏ ਜਾਣ ਕਾਰਨ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਸ੍ਰੀਮਤੀ ਅ੍ਰਮਿੰਤਾ ਵੜਿੰਗ ਵੱਲੋਂ ਭਰੇ ਗਏ ਕਾਗਜ਼ ਵੀ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਰੱਦ ਹੋ ਗਏ ਹਨ। ਇਸ ਤੋ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਸ੍ਰੀਮਤੀ ਬਲਜਿੰਦਰ ਕੌਰ ਵੱਲੋਂ ਭਰੇ ਗਏ ਨਾਮਜ਼ਦਗੀ ਪੱਤਰ ਵੀ ਯੋਗ ਪਾਏ ਜਾਣ ਕਾਰਨ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਫਾਰਮ ਭਰਨ ਵਾਲੇ ਸ੍ਰੀਮਤੀ ਰਣਜੀਤ ਕੌਰ ਦੇ ਕਾਗਜ਼ ਵੀ ਨਿਯਮਾਂ ਅਨੁਸਾਰ ਰੱਦ ਕੀਤੇ ਗਏ ਹਨ।
ਜ਼ਿਲ੍ਹਾ ਚੋਣ ਅਫਸਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ 2 ਹੋਰ ਨਾਮਜ਼ਦਗੀ ਪੱਤਰ ਅਧੂਰੇ ਤੇ ਦਸਤਾਵੇਜ ਸਹੀ ਨਾ ਹੋਣ ਕਾਰਨ ਰੱਦ ਕੀਤੇ ਗਏ। ਜਿਨ੍ਹਾਂ ਵਿੱਚ ਜੈ ਜਵਾਨ ਜੈ ਕਿਸਾਨ ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਭਰਨ ਵਾਲੇ ਸ. ਗੁਰਦੀਪ ਸਿੰਘ ਦੇ ਕਾਗਜ਼ ਪ੍ਰਪੋਜ਼ਰਾਂ ਦੀ ਗਿਣਤੀ ਪੂਰੀ ਨਾ ਹੋਣ ਕਾਰਨ ਰੱਦ ਕੀਤੇ ਗਏ। ਇਸੇ ਤਰ੍ਹਾਂ ਇੱਕ ਹੋਰ ਅਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀ ਪੱਤਰ ਭਰਨ ਵਾਲੇ ਸ. ਸੁਖਰਾਜ ਸਿੰਘ ਨੱਤ ਦੇ ਪ੍ਰਪੋਜ਼ਰਾ ਦਾ ਸਹੀ ਮਿਲਾਣ ਨਾ ਹੋਣ ਕਾਰਨ ਅਤੇ ਐਫੀਡੈਵਿਟ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾ ਹੋਣ ਕਾਰਨ ਨਾਮਜ਼ਦਗੀ ਰੱਦ ਕੀਤੀ ਗਈ ਹੈ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਬੀ. ਸ੍ਰੀਨਿਵਾਸਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਮਈ ਤੱਕ ਚੋਣ ਨਾ ਲੜਨ ਦੇ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। 19 ਮਈ ਨੂੰ ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ 23 ਮਈ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।

Real Estate