ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਡੇਰੇ ਤੋਂ ਸ਼ਰੇਆਮ ਵੋਟਾਂ ਮੰਗਣ ਤੋਂ ਵੱਟਣ ਲੱਗੀਆਂ ਪਾਸਾ

982

ਬਠਿੰਡਾ/  ਬਲਵਿੰਦਰ ਸਿੰਘ ਭੁੱਲਰ
ਵੱਖ ਵੱਖ ਜਿਲ੍ਹਿਆਂ ’ਚ ਇਕੱਤਰਤਾਵਾਂ ਆਯੋਜਿਤ ਕਰਨ ਉਪਰੰਤ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਉ¤ਪਰ ਆਪਣੇ ਹੈੱਡਕੁਆਟਰ ਡੇਰਾ ਸਿਰਸਾ ਵਿਖੇ 29 ਅਪਰੈਲ ਨੂੰ ਜਦੋਂ ਡੇਰਾ ਪ੍ਰੇਮੀ ਆਪਣੀ ਵੋਟ ਸ਼ਕਤੀ ਦਾ ਪ੍ਰਗਟਾਵਾ ਕਰਨ ਜਾ ਰਹੇ ਹਨ, ਠੀਕ ਉਸ ਵੇਲੇ ਪੰਜਾਬ ਦੀ ਕੋਈ ਵੀ ਰਾਜਸੀ ਧਿਰ ਜ਼ਾਹਰਾ ਤੌਰ ਤੇ ਡੇਰੇ ਦੀਆਂ ਵੋਟਾਂ ਮੰਗਣ ਲਈ ਤਿਆਰ ਕਿਉਂ ਨਹੀਂ? ਇਹ ਸੁਆਲ ਰਾਜਨੀਤਕ ਵਿਸ਼ਲੇਸ਼ਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਪਣੀ ਹੋਂਦ ਤੋਂ ਲੈ ਕੇ ਸਾਹ ਸਤਨਾਮ ਦੇ ਦੌਰ ਤੱਕ ਡੇਰਾ ਸੱਚਾ ਸੌਦਾ ਰਾਜਨੀਤੀ ਤੋਂ ਦੂਰ ਹੀ ਰਿਹਾ ਹੈ, ਲੇਕਿਨ ਗੁਰਮੀਤ ਰਾਮ ਰਹੀਮ ਦੇ ਗੱਦੀਨਸ਼ੀਨ ਹੁੰਦਿਆਂ ਹੀ ਡੇਰਾ ਸਿਆਸਤ ਵਿੱਚ ਦਿਲਚਸਪੀ ਲੈਣ ਲੱਗ ਪਿਆ। ਸੁਰੂ ਸੁਰੂ ਵਿੱਚ ਮੋਹਨ ਸਿੰਘ ਅਤੇ ਖੱਟਾ ਸਿੰਘ ਵਰਗੇ ਡੇਰਾ ਪ੍ਰਬੰਧਕ ਹੀ ਸਿਆਸੀ ਆਗੂਆਂ ਨਾਲ ਅੱਖਟਮੱਕਾ ਕਰਿਆ ਕਰਦ ਸਨ, ਲੇਕਿਨ 2007 ਵਿੱਚ ਇਹ ਡੇਰਾ ਉਸ ਵੇਲੇ ਰਾਜਸੀ ਖੇਡ ਦਾ ਇੱਕ ਖਿਡਾਰੀ ਹੋ ਤੁਰਿਆ, ਜਦ ਜ਼ਾਹਰਾ ਤੌਰ ਤੇ ਇਸਦੇ ਅਨੁਆਈ ਧੜੱਲੇ ਨਾਲ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤੇ। ਹਾਲਾਂਕਿ 2007 ਵਿੱਚ ਸ੍ਰ: ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਭਾਜਪਾ ਸਰਕਾਰ ਬਣ ਗਈ ਸੀ, ਲੇਕਿਨ ਅਕਾਲੀ ਦਲ ਦੇ ਗੜ੍ਹ ਸਮਝੇ ਜਾਂਦੇ ਮਾਲਵਾ ਖਿੱਤੇ ਦੀਆਂ 69 ਵਿੱਚੋਂ 40 ਸੀਟਾਂ ਤੇ ਕਾਂਗਰਸ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਸੀ। ਹਾਲਾਂਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਪਹਿਲਾਂ ਹੀ ਅਦਾਲਤ ਵਿਖੇ ਆਪਣੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ, ਡੇਰੇ ਦੇ ਸਾਬਕਾ ਸਮਰਥਕ ਰਣਜੀਤ ਸਿੰਘ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲਾਂ ਦੇ ਮੁਕੱਦਮੇ ਚੱਲ ਰਹੇ ਸਨ, ਲੇਕਿਨ ਉਹ ਵੱਡੇ ਵਿਵਾਦ ਵਿੱਚ ਉਦੋਂ ਆ ਗਿਆ ਮਈ 2007 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਜਦ ਆਪਣੇ ਪ੍ਰੇਮੀਆਂ ਨੂੰ ਰੂਹਅਫ਼ਜਾ ਵਰਗਾ ਕੋਈ ਤਰਲ ਪਦਾਰਥ ਪਿਲਾ ਕੇ ਪੰਜ ਪਿਆਰਿਆਂ ਦੀ ਤਰਜ਼ ਤੇ ਉਹਨਾਂ ਨੂੰ ਇੰਸਾਂ ਬਣਾ ਦਿੱਤਾ।
ਇਹ ਘਟਨਾਕ੍ਰਮ ਬਹੁਤ ਵੱਡੇ ਵਿਵਾਦ ਵਿੱਚ ਬਦਲ ਗਿਆ, ਕਿਉਂਕਿ ਸਮੁੱਚੇ ਪੰਜਾਬ ਵਿੱਚ ਨਾ ਸਿਰਫ ਸਿੱਖ ਹਲਕਿਆਂ ਅਤੇ ਡੇਰਾ ਪ੍ਰੇਮੀਆਂ ਵਿੱਚ ਟਕਰਾ ਹੋਣੇ ਸੁਰੂ ਹੋ ਗਏ, ਬਲਕਿ ਕਈ ਥਾਈਂ ਸਾੜਫੂਕ ਅਤੇ ਜਾਨੀ ਨੁਕਸਾਨ ਵਾਲੀਆਂ ਹਿੰਸਕ ਘਟਨਾਵਾਂ ਵੀ ਵਾਪਰ ਗਈਆਂ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਈ ਇੱਕ ਕਨਵੈਨਸ਼ਨ ਦੌਰਾਨ ਜਦ ਕੁੱਝ ਸਿੱਖ ਸੰਸਥਾਵਾਂ ਨੇ ਕਰੋ ਜਾਂ ਮਰੋ ਦਾ ਪੈਂਤੜਾ ਅਪਨਾ ਲਿਆ, ਤਾਂ ਕਾਫ਼ੀ ਹਿਚਕਚਾਹਟ ਤੋਂ ਬਾਅਦ ਸਿੱਖ ਸਾਹਿਬਾਨ ਨੇ ਡੇਰਾ ਮੁਖੀ ਨੂੰ ਪੰਥ ਚੋਂ ਸੇਕ ਦਿੱਤਾ। 2009 ਦੀ ਪਾਰਲੀਮੈਂਟ ਦੀ ਚੋਣ ਸਮੇਂ ਸਾਰੀਆਂ ਧਿਰਾਂ ਨੂੰ ਖੁਸ਼ ਕਰਨ ਦੇ ਮਕਸਦ ਨਾਲ ਭਾਵੇਂ ਡੇਰੇ ਵਾਲਿਆਂ ਨੇ ਵੱਖ ਵੱਖ ਹਲਕਿਆਂ ਤੋਂ ਵੱਖ ਵੱਖ ਪਾਰਟੀਆਂ ਦੀਆਂ ਵੱਡੀਆਂ ਹਸਤੀਆਂ ਦ
ਹੱਕ ਵਿੱਚ ਵੋਟਾਂ ਭੁਗਤਾਈਆਂ, ਲੇਕਿਨ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਸਿੱਖ ਭਾਵਨਾਵਾਂ ਨੂੰ ਠੇਸ ਮਾਰਨ ਦੇ ਦੋਸ਼ ਹੇਠ ਥਾਨਾ ਕੋਤਵਾਲੀ ਬਠਿੰਡਾ ਵਿਖੇ ਰਾਮ ਰਹੀਮ ਵਿਰੁੱਧ ਜੋ ਮੁਕੱਦਮਾ ਦਰਜ਼ ਹੋਇਆ ਸੀ, ਉਸਨੂੰ ਰੱਦ ਕਰਵਾਉਣ ਲਈ ਪੁਲਿਸ ਨੇ ਅਦਾਲਤ ਵਿਖੇ ਰਿਪੋਰਟ ਪੇਸ਼ ਕਰ ਦਿੱਤੀ ਤੇ ਡੇਰੇ ਦੀਆਂ ਕਰੀਬ ਕਰੀਬ ਸਾਰੀਆਂ ਵੋਟਾਂ ਅਕਾਲੀ ਦਲ ਦੇ ਹੱਕ ਵਿੱਚ ਭੁਗਤ ਗਈਆਂ।
1 ਜੂਨ 2015 ਤੋਂ ਲੈ ਕੇ 14 ਅਕਤੂਬਰ 2015 ਤੱਕ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ, ਬਰਗਾੜੀ ਵਿਖੇ ਰੋਸ਼ ਪ੍ਰਗਟਾ ਰਹੇ ਲੋਕਾਂ ਉੱਪਰ ਵਹਿਸ਼ੀ ਤਸੱਦਦ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਕ੍ਰਿਸਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀਆਂ ਪੁਲਿਸ ਗੋਲੀਆਂ ਨਾਲ ਹੋਈਆਂ ਮੌਤਾਂ ਦੀਆਂ ਘਟਨਾਵਾਂ ਨੇ ਪੰਜਾਬ ਦੀ ਸਮਾਜਿਕ ਤੇ ਰਾਜਸੀ ਫ਼ਿਜ਼ਾ ਨੂੰ ਇਸ ਕਦਰ ਗਰਮਾ ਦਿੱਤਾ ਕਿ ਅਕਾਲੀ ਸਰਕਾਰ ਦੇ ਮੰਤਰੀਆਂ ਨੂੰ ਚੰਡੀਗੜ੍ਹ ਤੋਂ ਬਾਹਰ ਨਿਕਲਣਾ ਮੁਸਕਿਲ ਹੋ ਗਿਆ।
ਅੱਖਾਂ ਪੂੰਝਣ ਲਈ ਭਾਵੇਂ ਜਸਟਿਸ ਜੋਰਾ ਸਿੰਘ ਕਮਿਸਨ ਦੀ ਸਥਾਪਨਾ ਕੀਤੀ ਗਈ, ਲੇਕਿਨ ਉਸਦੀ ਰਿਪੋਰਟ ਨੂੰ ਵੇਲੇ ਦੀ ਹਕੂਮਤ ਨੇ ਵਿਚਾਰਨਾ ਵੀ ਮੁਨਾਸਿਬ ਨਾ ਸਮਝਿਆ। ਉਸ ਵੇਲੇ ਦੇ ਹਾਕਮਾਂ ਦੀ ਸ਼ਾਇਦ ਇਹ ਸਮਝ ਬਣੀ ਹੋਵੇਗੀ ਕਿ ਸਮੇਂ ਦੇ ਵਹਾਅ ਨਾਲ ਮੁੱਦਾ ਆਪਣੇ ਆਪ ਹੀ ਖਤਮ ਹੋ ਜਾਵੇਗਾ, ਲੇਕਿਨ ਬੇਅਦਬੀ ਦੀਆਂ ਘਟਨਾਵਾਂ ਨੇ ਦਿਹਾਤੀ ਪੰਜਾਬੀਆਂ ਦੀ ਮਾਨਸਿਕਤਾ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੋਇਐ, ਕਿ ਸ੍ਰੋਮਣੀ ਅਕਾਲੀ ਦਲ ਨੂੰ ਕਰੀਬ ਸੌ
ਸਾਲ ਦੇ ਇਤਿਹਾਸ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਅਜਿਹੀ ਲੱਕਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਅੱਜ ਤੱਕ ਉਸਦੀ ਲੀਡਰਸਿਪ ਸਥਿਤੀ ਨੂੰ ਸੰਭਾਲਣ ਵਿੱਚ ਸਫ਼ਲ ਨਹੀਂ ਹੋ ਸਕੀ।
ਕਾਂਗਰਸ ਪਾਰਟੀ ਦੇ ਸੁਬਾਈ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਜਨਤਕ ਤੌਰ ਤੇ ਕਈ ਹਫ਼ਤੇ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ, ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰੇ ਤੋਂ ਉਹ ਵੋਟ ਮੰਗਣ ਨਹੀਂ ਜਾਣਗੇ। ਕੁੱਝ ਪੰਥਕ ਧਿਰਾਂ ਵੱਲੋਂ ਅਕਾਲੀ ਦਲ ਖਿਲਾਫ਼ ਲਾਏ ਜਾ ਰਹੇ ਇਸ ਦੋਸ਼ ਕਿ ਵੋਟ ਰਾਜਨੀਤੀ ਦੀ ਰਣਨੀਤੀ ਦੇ ਚਲਦਿਆਂ ਬੇਅਦਬੀ ਲਈ ਉਸਦੀ ਲੀਡਰਸਿਪ ਦੀ ਜੁਮੇਵਾਰੀ ਦੇ ਬਾਵਜੂਦ ਸ੍ਰ: ਸੁਖਬੀਰ ਸਿੰਘ ਬਾਦਲ
ਇਹ ਕਹਿ ਰਹੇ ਹਨ, ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਪਾਬੰਦ ਹਨ। ਅੰਦਰਖਾਤੇ ਤਾਂ ਭਾਵੇਂ ਯਤਨ ਜਾਰੀ ਹੋਣ ਪਰੰਤੂ ਜ਼ਾਹਰਾ ਤੌਰ ਤੇ ਰਾਜ ਦੀ ਕੋਈ ਵੀ ਪ੍ਰਮੁੱਖ ਸਿਆਸੀ ਪਾਰਟੀ ਡੇਰੇ ਤੋਂ ਵੋਟਾਂ ਮੰਗਣ ਦਾ ਹੀਆ ਨਹੀਂ ਕਰ ਰਹੀ। ਹਾਲਾਂਕਿ ਭਾਜਪਾ ਡੇਰੇ ਸਮੇਤ ਸਭ ਤੋਂ ਵੋਟਾਂ ਮੰਗਣ ਦੀ ਦਬਵੀਂ ਜੀਭ ਨਾਲ ਗੱਲ ਕਰਦੀ ਹੈ, ਲੇਕਿਨ ਡੇਰੇ ਵੱਲੋਂ ਸ਼ਰੇਆਮ ਕੀਤੀ ਮੱਦਦ ਦੇ ਬਾਵਜੂਦ 2017 ਦੀ ਵਿਧਾਨ ਸਭਾ ਚੋਣ ਲਈ ਅਕਾਲੀ ਦਲ ਦੀ ਹੋਈ ਦੁਰਦਸ਼ਾ ਦੋਵਾਂ ਪ੍ਰਮੁੱਖ ਪਾਰਟੀਆਂ ਨੂੰ ਡੇਰੇ ਦੇ ਦਰ ਤੇ ਦਸਤਕ ਦੇਣ ਤੋਂ ਰੋਕ ਰਹੀ ਜਾਪਦੀ ਹੈ।

Real Estate