ਅਕਾਲ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨਾਲ ਸਰੀਰਕ ਸੋਸਣ ਦਾ ਮਾਮਲਾ

ਮੈਨੇਜਮੈਂਟ ਮਾਮਲਾ ਦਬਾਉਣ ਲਈ ਯਤਨਸ਼ੀਲ-ਸਰਕਾਰ ਪ੍ਰਸਾਸਨ ਵੱਲੋਂ ਅਣਦੇਖੀ
ਬਠਿੰਡਾ/ ਬਲਵਿੰਦਰ ਸਿੰਘ ਭੁੱਲਰ
ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਵਿੱਚ ਵਿਦਿਆਰਥੀਆਂ ਦਾ ਸੋਸਣ ਹੋਣ ਦੀਆਂ ਘਟਨਾਵਾਂ ਅੱਜ ਆਮ ਗੱਲ ਬਣ ਚੁੱਕੀਆਂ ਹਨ ਜੋ ਚਿੰਤਾਜਨਕ ਹੈ, ਪਰ ਜੇਕਰ ਧਾਰਮਿਕ ਸੰਸਥਾ ਅਧੀਨ ਚੱਲ ਰਹੀ ਕਿਸੇ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨਾਲ ਸਰੀਰਕ ਸੋਸਣ ਕਰਨ ਦੀ ਘਟਨਾ ਵਾਪਰ ਜਾਵੇ ਤਾਂ ਅਤੀ ਦੁਖਦਾਈ ਹੀ ਨਹੀਂ, ਬਲਕਿ ਗੁਰੂ ਪੀਰਾਂ ਦੀ ਇਸ ਧਰਤੀ ਦੇ ਮੱਥੇ ਨੂੰ ਕ¦ਕਿਤ ਕਰਨ ਵਾਲੀ ਮੰਨੀ ਜਾ ਸਕਦੀ ਹੈ। ਬੀਤੇ ਦਿਨ ਅਜਿਹੀ ਅਤੀ ਘਿਨਾਉਣੀ ਘਟਨਾ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਵਿਖੇ ਵਾਪਰੀ, ਜਿਸਨੇ ਉਸ ਯੂਨੀਵਰਸਿਟੀ ’ਚ ਵਿਦਿਆ ਸਿੱਖਿਆ ਹਾਸਲ ਕਰਨ ਵਾਲੀਆਂ ਧੀਆਂ ਦੇ ਮਨਾਂ ਨੂੰ ਹੀ ਭਾਰੀ ਠੇਸ ਨਹੀਂ ਪਹੁੰਚਾਈ ਸਗੋਂ ਉਹਨਾਂ ਦੇ ਮਾਪਿਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਯੂਨੀਵਰਸਿਟੀ ਅਧਿਕਾਰੀ ਛੋਟੇ ਮੁਲਾਜਮਾਂ ਨੂੰ ਮੁਅੱਤਲ ਕਰਕੇ ਮਾਮਲੇ ਨੂੰ ਦਬਾਉਣ ਲਈ ਯਤਨਸ਼ੀਲ ਹੈ, ਜਦ ਕਿ ਰਾਜ ਸਰਕਾਰ ਤੇ ਪ੍ਰਸ਼ਾਸਨ ਬੱਚੀਆਂ ’ਚ ਅਸੁਰੱਖਿਅਤ ਦੀ ਭਾਵਨਾ ਪੈਦਾ ਕਰਨ ਵਾਲੀ ਇਸ ਹਿਰਦੇਵੇਧਕ ਘਟਨਾ ਨੂੰ ਅਣਦੇਖੀ ਕਰਕੇ ਸਮਾਂ ਲੰਘਾ ਰਿਹਾ ਹੈ।
ਮਾਮਲਾ ਇਸ ਤਰ੍ਹਾਂ ਹੈ ਕਿ ਦੋ ਕੁ ਦਿਨ ਪਹਿਲਾਂ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਹੋਸਟਲ ਦੇ ਬਾਥਰੂਮ ਵਿੱਚੋਂ ਇੱਕ ਵਰਤਿਆ ਹੋਇਆ ਸੈਨੇਟਰੀ ਪੈਡ ਮਿਲਿਆ। ਇਸ ਨੂੰ ਦੇਖਦਿਆਂ ਯੂਨੀਵਰਸਿਟੀ ਤੇ ਹੋਸਟਲ ਦੇ ਕਰਮਚਾਰੀ ਖਫ਼ਾ ਹੋ ਗਏ ਅਤੇ ਉਹਨਾਂ ਇਹ ਪਤਾ ਕਰਨ ਲਈ ਕਿ ਇਹ ਪੈਡ ਕਿਸ ਵਿਦਿਆਰਥਣ ਨੇ ਸੁੱਟਿਆ ਹੈ, ਜਾਂਚ ਸੁਰੂ ਕਰ ਦਿੱਤੀ। ਇਹ ਜਾਂਚ ਕਰਨ ਲਈ ਉਹਨਾਂ ਵੱਲੋਂ ਵਿਦਿਆਰਥਣਾਂ ਨੂੰ ਸਾਰੇ ਕੱਪੜੇ ਉਤਾਰ ਦੇ ਤਲਾਸ਼ੀ ਦੇਣ ਲਈ ਮਜਬੂਰ ਕੀਤਾ ਗਿਆ। ਇਸ ਧੱਕੇਸ਼ਾਹੀ ਦਾ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਪਤਾ ਲੱਗਾ ਤਾਂ ਉਹ ਕਲਾਸ ਰੂਮਾਂ ਤੋਂ ਬਾਹਰ ਆ ਗਈਆਂ ਅਤੇ ਵਿਰੋਧ ਸੁਰੂ ਕਰ ਦਿੱਤਾ। ਜਦ ਅਧਿਕਾਰੀਆਂ ਨੇ ਉਹਨਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਯੂਨੀਵਰਸਿਟੀ ਦੇ ਗੇਟ ਮੂਹਰੇ ਧਰਨਾ ਲਾਉਣ ਲਈ ਮਜਬੂਰ ਹੋ ਗਈਆਂ। ਵਿਦਿਆਰਥਣਾਂ ਦਾ ਰੋਹ ਦੇਖਦਿਆਂ ਆਖ਼ਰ ਮੈਨੇਜਮੈਂਟ ਵੱਲੋਂ ਝੁਕਦੇ ਹੋਏ ਡੀਨ ਨੇ ਹੋਸਟਲ ਦੀ ਵਾਰਡਨ ਤੇ ਦੂਜੇ ਸਟਾਫ਼ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂਆਂ ਦੀ ਚਰਨਛੋਹ ਧਰਤੀ ਤੇ ਸਥਿਤ ਇੱਕ ਧਾਰਮਿਕ ਸੰਸਥਾ ਅਧੀਨ ਚਲਦੀ ਯੂਨੀਵਰਸਿਟੀ ਵਿੱਚ ਧੀਆਂ ਦੇ ਹੋਏ ਇਸ ਸਰੀਰਕ ਸੋਸਣ ਤੇ ਧੱਕੇਸ਼ਾਹੀ ਵਾਲੀ ਇਸ ਘਿਨਾਉਣੀ ਘਟਨਾ ਲਈ ਛੋਟੇ ਮੁਲਾਜਮਾਂ ਨੂੰ ਮੁਅੱਤਲ ਕਰਨਾ ਤਸੱਲੀਬਖਸ਼ ਸਜਾ ਹੈ। ਪਹਿਲੀ ਗੱਲ ਬਾਲਗ ਅਵਸਥਾ ਵਿੱਚ ਪਹੁੰਚ ਚੁੱਕੀਆਂ ਲੜਕੀਆਂ ਨੂੰ ਸੈਨੇਟਰੀ ਪੈਡ ਵਰਤਣਾ ਕੁਦਰਤੀ ਵਰਤਾਰਾ ਅਤੇ ਲੋੜ ਹੈ। ਹਾਂ! ਪੈਡ ਨੂੰ ਕਿਸੇ ਸਹੀ ਥਾਂ ਦੀ ਬਜਾਏ ਬਾਥਰੂਮ ਵਿੱਚ ਸੁੱਟ ਦੇਣਾ ਇੱਕ ਛੋਟੀ ਗਲਤੀ ਜਰੂਰ ਹੈ ਜੋ ਇੱਕ ਵਿਦਿਆਰਥਣ ਦੀ ਹੈ, ਪਰ ਹੋਸਟਲ ਵਾਰਡਨ ਵੱਲੋਂ ਇਸ ਗਲਤੀ ਬਦਲੇ ਕਈ ਲੜਕੀਆਂ ਨੂੰ ਕੱਪੜੇ ਉਤਾਰਣ ਲਈ ਮਜਬੂਰ ਕਰਨਾ ਉਸ ਨਾਲੋਂ ਕਈ ਦਰਜ਼ੇ ਵੱਡੀ ਗਲਤੀ ਹੈ। ਦੂਜੀ ਗੱਲ ਇਸ ਗਲਤੀ ਸਬੰਧੀ ਹੋਸਟਲ ਵਾਰਡਨ ਜਾਂ ਹੋਰ ਛੋਟੇ ਕਰਮਚਾਰੀਆਂ ਨੂੰ ਮੁਅੱਤਲ ਕਰਨ ਹੀ ਤਸੱਲੀਬਖਸ਼ ਸਜ਼ਾ ਨਹੀ, ਇਸ ਸਬੰਧੀ ਸਮੁੱਚੀ ਜੁਮੇਵਾਰੀ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਦੀ ਬਣਦੀ ਹੈ ਜਿਹਨਾਂ ਤੇ ਵਿਸਵਾਸ ਕਰਦਿਆਂ ਮਾਪਿਆਂ ਨੇ ਆਪਣੀਆਂ ਜਵਾਨ ਧੀਆਂ ਨੂੰ ਹੋਸਟਲ ਵਿੱਚ ਛੱਡਿਆ ਹੋਇਆ ਹੈ।
ਇੱਥੇ ਹੀ ਬੱਸ ਨਹੀਂ! ਰਾਜ ਸਰਕਾਰ ਅਤੇ ਪ੍ਰਸਾਸ਼ਨ ਦੀ ਵੀ ਜੁਮੇਵਾਰੀ ਬਣਦੀ ਹੈ ਕਿ ਵਿਦਿਆਰਥਣਾਂ ਵਿੱਚ ਅਸੁਰੱਖਿਅਤ ਵਾਲੀ ਭਾਵਨਾ ਪੈਦਾ ਕਰਨ ਵਾਲੀ ਇਸ ਘਿਨਾਉਣੀ ਘਟਨਾ ਸਬੰਧੀ ਪੜਤਾਲ ਕਰਕੇ ਸਬੰਧਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਜਿਹੇ ਮਾਮਲਿਆਂ ਵਿੱਚ ਕਿਸੇ ਸਿਕਾਇਤ ਨੂੰ ਉਡੀਕਣ ਦੀ ਜਰੂਰਤ ਨਹੀਂ ਹੁੰਦੀ, ਮੀਡੀਆ ਵਿੱਚ ਛਪੀਆਂ ਖ਼ਬਰਾਂ ਹੀ ਇਸ ਪ੍ਰਕਿਰਿਆ ਨਹੀ ਕਾਫ਼ੀ ਹੁੰਦੀਆਂ ਹਨ। ਪਰ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਤੇ ਪ੍ਰਸਾਸਨ ਵੱਲੋਂ ਇਸ ਘਟਨਾ ਨੂੰ ਅਣਦੇਖੀ ਕੀਤਾ ਜਾ ਰਿਹਾ ਹੈ। ਇਸ ਘਟਨਾ ਨੇ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿ ਰਹੀਆਂ ਧੀਆਂ ਦੇ ਮਾਪਿਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ, ਉਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਉਹਨਾਂ ਦੀਆਂ ਧੀਆਂ ਹੋਸਟਲ ਵਿੱਚ ਕਿਨ੍ਹੀਆਂ ਕੁ ਸੁਰੱਖਿਅਤ ਹਨ।
ਵਿਦਿਆਰਥੀਆਂ ਨਾਲ ਧੱਕੇਸ਼ਾਹੀ ਦੀ ਅਕਾਲ ਯੂਨੀਵਰਸਿਟੀ ਦੀ ਇਹ ਪਹਿਲੀ ਘਟਨਾ ਨਹੀਂ, ਇਸਤੋਂ ਪਹਿਲਾਂ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਸੀ, ਕਿ ਉਹਨਾਂ ਨੂੰ ਦਾਖ਼ਲੇ ਸਮੇਂ ਦੱਸਿਆ ਗਿਆ ਸੀ, ਪਹਿਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦਿੱਤੀ ਜਾਵੇਗੀ ਅਤੇ ਦੂਜੇ ਸਾਲ ਦਸਮ ਗ੍ਰੰਥ ਦੀ ਸੰਥਿਆ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਬਾਅਦ ਵਿੱਚ ਦਸਮ ਗ੍ਰੰਥ ਦੀ ਸੰਥਿਆ ਤਾਂ ਕੀ ਦੇਣੀ ਸੀ, ਉਸਨੂੰ ਸਿਲੇਬਸ ਵਿੱਚੋਂ ਹੀ ਕੱਢ ਦਿੱਤਾ ਹੈ। ਉਹਨਾਂ ਦੋਸ਼ ਲਾਇਆ ਕਿ ਜਦ ਉਹਨਾਂ ਐ¤ਚ ਓ ਡੀ ਪ੍ਰੋ: ਤਰਸੇਮ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਹਨਾਂ ਤੇ ਕੈਂਪਸ ਅੰਦਰ ਕੁੜੀਆਂ ਨਾਲ ਗੱਲਾਂ ਕਰਨ ਦਾ ਦੋਸ਼ ਲਾਉਂਦਿਆ ਹੁਕਮ ਦਿੱਤਾ ਕਿ ਉਹ ਬੱਸ ਦੀ ਬਜਾਏ ਪੈਦਲ ਹੀ ਆਇਆ ਕਰਨ।
ਇਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਜਦ ਗਰਮੀ ਕਾਰਨ ਉਹ ਗੈਰਹਾਜਰ ਹੋ ਗਏ ਤਾਂ ਵਾਈਸ ਚਾਂਸਲਰ ਡਾ: ਗੁਰਮੇਲ ਸਿੰਘ ਉਹਨਾਂ ਦੇ ਹੋਸਟਲ ਵਾਲੇ ਕਮਰੇ ਵਿੱਚ ਆਏ ਅਤੇ ਆਪਣੀ ਪੱਗ ਉਤਾਰ ਕੇ ਕਹਿਣ ਲੱਗੇ ਕਿ ਉਹਨਾਂ ਉ¤ਪਰ ਲਾਏ ਦੋਸ਼ ਰੱਦ ਕਰ ਦਿੱਤੇ ਹਨ ਅਤੇ ਆਪਣੀ ਕਲਾਸ ਵਿੱਚ ਸਮੇਂ ਸਿਰ ਆਉਣ। ਉਹਨਾਂ ਦੱਸਿਆ ਕਿ ਜਦ ਉਹ ਅਗਲੇ ਦਿਨ ਕੈਂਪਸ ਵਿੱਚ ਗਏ ਤਾਂ ਉਹਨਾਂ ਤੇ ਇਹ ਦੋਸ਼ ਲਾਉਂਦਿਆਂ ਕਿ ਤੁਸੀ ਵਾਈਸ ਚਾਂਸਲਰ ਦੀ ਪੱਗ ਉਤਾਰ ਦਿੱਤੀ ਹੈ ਮੁਆਫ਼ੀ ਮੰਗਣ ਲਈ ਦਬਾਅ ਪਾਇਆ। ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਨਿਰਦੋਸ਼ ਹੋਣ ਦੀਆਂ ਅਪੀਲਾਂ ਕਰਨ ਦੇ ਬਾਵਜੂਦ ਉਹਨਾਂ ਨੂੰ ਯੂਨੀਵਰਸਿਟੀ ਛੱਡਣ ਲਈ ਮਜਬੂਰ ਕਰ ਦਿੱਤਾ ਹੈ, ਜਿਸ ਕਾਰਨ ਉਹਨਾਂ ਦਾ ਭਵਿੱਖ ਅੰਧੇਰਾ ਹੋ ਗਿਆ ਹੈ।
ਰਾਜ ਸਰਕਾਰ ਤੇ ਪ੍ਰਸਾਸ਼ਨ ਵੱਲੋਂ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਿਆਂ ਦੇਣ ਲਈ ਉਹਨਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੀ ਪੜਤਾਲ ਕਰਵਾ ਕੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਵਿਦਿਆਰਥੀਆਂ ਵਿੱਚ ਮੁੜ ਵਿਸਵਾਸ਼ ਪੈਦਾ ਕੀਤਾ ਜਾ ਸਕੇ ਅਤੇ ਵਿਦਿਆਰਥਣਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ।

Real Estate