ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀਆਂ ਕੋਲ ਹੋਵੇਗੀ ਵਿਧਾਨ ਸਭਾ ਵਿਚਲੀ ਵਿਰੋਧੀ ਧਿਰ ਦੀ ਕੁਰਸੀ !

1423

ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ‘ਆਪ’ ਤੋਂ ਵਿਰੋਧ ਧਿਰ ਦਾ ਰੁਤਬਾ ਖੁੱਸ ਸਕਦਾ ਹੈ। ਵਿਧਾਇਕਾਂ ਦੇ ਲਗਾਤਾਰ ਅਸਤੀਫਿਆਂ ਮਗਰੋਂ ਪਾਰਟੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਰੁਤਬਾ ਗਵਾਉਂਦੀ ਨਜ਼ਰ ਆ ਰਹੀ ਹੈ। ਹੁਣ ਸਿਰਫ ਸਪੀਕਰ ਦੇ ਫੈਸਲੇ ਦਾ ਹੀ ਆਪ ਪਾਰਟੀ ਨੂੰ ਸਹਾਰਾ ਰਹਿ ਗਿਆ ਹੈ। ਮਾਨਸਾ ਤੋਂ ਆਪ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਪਾਰਟੀ ਛੱਡ ਕਾਂਗਰਸ ਵਿੱਚ ਸ਼ਾਮਲ ਹੋ ਗਏ ਜਦਕਿ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਪਾਰਟੀ ਨਾਲ ਬਗ਼ਾਵਤ ਕਰਕੇ ਪੀਡੀਏ ਵੱਲੋਂ ਚੋਣ ਮੈਦਾਨ ਵਿੱਚ ਕੁੱਦ ਪਏ ਹਨ। ਇਸ ਤੋਂ ਇਲਾਵਾ ਕੁਝ ਹੋਰ ਵਿਧਾਇਕਾਂ ਵੱਲੋਂ ਵੀ ਕਾਂਗਰਸ ਦਾ ਪੱਲਾ ਫੜਨ ਦੀ ਚਰਚਾ ਹੈ। ਪਾਰਟੀ ਦੇ ਚੋਣ ਨਿਸ਼ਾਨ ਤੋਂ ਬਾਹਰ ਜਾ ਕੇ ਚੋਣ ਲੜਨਾ ਦਲ-ਬਦਲ ਕਾਨੂੰਨ ਹੇਠ ਆਉਂਦਾ ਹੈ। ਇਸ ਤਹਿਤ ਚੋਣ ਲੜਨ ਵਾਲਾ ਲੀਡਰ ਪਾਰਟੀ ਦਾ ਹਿੱਸਾ ਨਹੀਂ ਮੰਨਿਆ ਜਾਂਦਾ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ‘ਆਪ’ ਵਿਧਾਇਕਾਂ ਦੀ ਗਿਣਤੀ 20 ਸੀ। ਖਹਿਰਾ ਨੂੰ ਪਾਰਟੀ ਨੇ ਬਰਖ਼ਾਸਤ ਕਰ ਦਿੱਤਾ, ਫੂਲਕਾ ਅਸਤੀਫ਼ਾ ਦੇ ਗਏ, ਕੰਵਰ ਸੰਧੂ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ , ਨਾਜ਼ਰ ਮਾਨਸ਼ਾਹੀਆ ਕਾਂਗਰਸ ਵਿੱਚ ਚਲੇ ਗਏ। ਹੁਣ ਵਿਧਾਇਕਾਂ ਦੀ ਗਿਣਤੀ 16 ਰਹਿ ਗਈ ਹੈ। ਚਰਚਾ ਹੈ ਕਿ ਅਗਲੇ ਦਿਨਾਂ ਵਿੱਚ ਕੁਝ ਵਿਧਾਇਕ ਹੋਰ ਅਸਤੀਫਾ ਦੇ ਸਕਦੇ ਹਨ। ਅਕਾਲੀ-ਬੀਜੇਪੀ ਦੇ ਕੁੱਲ 17 ਵਿਧਾਇਕ ਹਨ ਜੋ ‘ਆਪ’ ਨਾਲੋਂ ਜ਼ਿਆਦਾ ਬਣਦੇ ਹਨ।
ਭਾਵੇਂ ‘ਆਪ’ ਦੇ ਵਿਧਾਇਕਾਂ ਦੀ ਗਿਣਤੀ ਘਟ ਗਈ ਹੈ ਪਰ ਸਾਰੇ ਅਧਿਕਾਰ ਸਪੀਕਰ ਰਾਣਾ ਕੇਪੀ ਸਿੰਘ ਕੋਲ ਸੁਰੱਖਿਅਤ ਹਨ। ਜੇ ਉਨ੍ਹਾਂ ਅਕਾਲੀ-ਬੀਜੇਪੀ ਦੇ ਗਠਜੋੜ ਨੂੰ ਮਾਨਤਾ ਨਾ ਦਿੱਤੀ ਤਾਂ ਵਿਰੋਧੀ ਧਿਰ ਵਾਲੀ ਕੁਰਸੀ ‘ਆਪ’ ਕੋਲ ਸੁਰੱਖਿਅਤ ਰਹਿ ਜਾਵੇਗੀ ਨਹੀਂ ਤਾਂ ਅਕਾਲੀ-ਬੀਜੇਪੀ ਕੋਲ ਚਲੀ ਜਾਏਗੀ।

Real Estate