ਮਾਨਸ਼ਾਹੀਆ ਦੇ ਕਾਂਗਰਸੀ ਬਣਨ ਮਗਰੋਂ ‘ਆਪ’ ਵਿਧਾਇਕ ਇਕਜੁੱਟਤਾ ਦਿਖਾਉਣ ਲਈ ਹੋਏ ਮਜਬੂਰ

1044

ਆਪ ਦੇ ਬਾਗੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਨਾਟਕੀ ਢੰਗ ਨਾਲ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੇ ‘ਆਪ’ ਦੇ ਕੁੱਝ ਹੋਰ ਵਿਧਾਇਕਾਂ ਦੇ ਵੀ ਕਾਂਗਰਸ ਦੇ ਸੰਪਰਕ ਵਿੱਚ ਹੋਣ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ ਦੌਰਾਨ ਸਥਿਤੀ ਨਾਲ ਨਜਿੱਠਣ ਲਈ ‘ਆਪ’ ਦੇ ਵਿਧਾਇਕ ਦਲ ਦੀ ਹੰਗਾਮੀ ਮੀਟਿੰਗ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਚੰਡੀਗੜ੍ ਵਿੱਚ ਹੋਈ। ਇਸ ਮੀਟਿੰਗ ਦਾ ਮਕਸਦ ਅਫਵਾਹਾਂ ਨੂੰ ਰੋਕਣਾ ਅਤੇ ਪਾਰਟੀ ਦੇ ਸਾਰੇ ਵਿਧਾਇਕਾਂ ਵਿਚਕਾਰ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਸੀ। ਮੀਟਿੰਗ ਵਿੱਚ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੀ ਵਿਧਾਇਕਾ ਬਲਜਿੰਦਰ ਕੌਰ ਨੂੰ ਛੱਡ ਕੇ ਬਾਕੀ ਸਾਰੇ 11 ਵਿਧਾਇਕ ਅਮਰਜੀਤ ਸਿੰਘ ਸੰਦੋਆ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਸਰਵਜੀਤ ਕੌਰ ਮਾਣੂੰਕੇ, ਪ੍ਰਿੰਸੀਪਲ ਬੁੱਧਰਾਮ, ਜੈ ਕਿਸ਼ਨ ਸਿੰਘ ਰੋੜੀ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਕੁਲਵੰਤ ਸਿੰਘ ਕੋਟਲੀ ਅਤੇ ਮਨਜੀਤ ਸਿੰਘ ਬਿਲਾਸਪੁਰ ਸ਼ਾਮਲ ਹੋਏ। ਬਾਅਦ ਵਿੱਚ ਦੱਸਿਆ ਗਿਆ ਕਿ ਬਲਜਿੰਦਰ ਕੌਰ ਚੋਣ ਪ੍ਰਚਾਰ ਵਿੱਚ ਰੁਝੇ ਹੋਣ ਕਾਰਨ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ।
ਖ਼ਬਰਾਂ ਅਨੁਸਾਰ ਮੀਟਿੰਗ ਵਿਚ ਚੀਮਾ ਨੇ ਸਾਰਿਆਂ ਦੇ ਮਨ ਟੋਹੇ ਹਨ ਅਤੇ ਅਗਲੀ ਚੋਣ ਰਣਨੀਤੀ ਬਣਾਈ ਗਈ। ਇਸ ਤੋਂ ਬਾਅਦ ਸਾਰੇ 11 ਵਿਧਾਇਕ ਮੀਡੀਆ ਮੂਹਰੇ ਆਏ ਅਤੇ ਸਾਰਿਆਂ ਦੇ ਨਾਂਅ ਲੈ ਕੇ ਉਨ੍ਹਾਂ ਨੂੰ ਪੱਤਰਕਾਰਾਂ ਦੇ ਰੁਬਰੂ ਕੀਤਾ ਗਿਆ। ਇਸ ਮੌਕੇ ਵਿਧਾਇਕ ਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਤਿੱਖੀ ਸੁਰ ਵਿੱਚ ਕਿਹਾ ਕਿ ਕਾਂਗਰਸ ‘ਆਪ’ ਦੇ ਵਿਧਾਇਕਾਂ ਬਾਰੇ ਗਲਤ ਅਫਵਾਹਾਂ ਫੈਲਾ ਕੇ ਛੋਟੀ ਰਾਜਨੀਤੀ ਨਾ ਕਰੇ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਸਾਜ਼ਿਸ਼ ਤਹਿਤ ‘ਆਪ’ ਵਿੱਚ ਭੰਬਲਭੂਸਾ ਪੈਦਾ ਕਰਨ ਦਾ ਯਤਨ ਕਰ ਰਹੀ ਹੈ। ਅਰੋੜਾ ਨੇ ਕਿਹਾ ਕਿ ‘ਆਪ’ ਦੇ ਸਾਰੇ ਵਿਧਾਇਕ ਪੰਜਾਬ ਦੀ ਪਹਿਰੇਦਾਰੀ ਕਰਦੇ ਰਹਿਣਗੇ ਅਤੇ ਦਿੱਲੀ ਦੀ ਕੇਜਰੀਵਾਲ ਦੀ ਸਰਕਾਰ ਵੱਲੋਂ ਕੀਤੇ ਮਿਸਾਲੀ ਕੰਮਾਂ ਦੇ ਅਧਾਰ ’ਤੇ ਵੋਟਾਂ ਮੰਗੀਆਂ ਜਾਣਗੀਆਂ।
ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਚੋਣਾਂ ਵਿੱਚ ਹਾਰ ਮੰਨ ਕੇ ਅਜਿਹੇ ਹੱਥਕੰਡੇ ਵਰਤਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਉਪਰ ਬੁਢਲਾਡਾ ਦੇ ਇੱਕ ਵਿਅਕਤੀ ਨੂੰ ਵੋਟਾਂ ਖਾਤਰ 50 ਹਜ਼ਾਰ ਰੁਪਏ ਦੇਣ ਦੇ ਦੋਸ਼ ਲੱਗ ਰਹੇ ਹਨ ਅਤੇ ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਕਾਰਗੁਜ਼ਾਰੀ ’ਤੇ ਵੋਟਾਂ ਮੰਗਣ ਦੀ ਥਾਂ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਦਬਕੇ ਮਾਰਕੇ ਚੋਣ ਜਿਤਾਉਣ ਦੇ ਆਦੇਸ਼ ਦੇ ਰਹੇ ਹਨ। ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ ਨੂੰ ਆਪਣੀ ਹਾਰ ਸਾਫ ਦਿਸ ਰਹੀ ਹੈ। ਦੂਸਰੇ ਪਾਸੇ ਅਕਾਲੀ ਦਲ ਪਹਿਲਾਂ ਹੀ ਵੱਡੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ੁਮਲੇਬਾਜ਼ੀ ਤੋਂ ਦੁੱਖੀ ਹਨ। ਅਰੋੜਾ ਨੇ ਕਿਹਾ ਕਿ ਬਾਗੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਕਾਂਗਰਸ ਵਿਚ ਜਾਣ ਨਾਲ ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ ਹੈ ਅਤੇ ਸਾਫ ਹੋ ਗਿਆ ਹੈ ਕਿ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਨੇ ‘ਆਪ’ ਨੂੰ ਖਤਮ ਕਰਨ ਦੀ ਸਾਜ਼ਿਸ਼ ਘੜੀ ਹੈ। ਉਨ੍ਹਾਂ ਕਿਹਾ ਕਿ ਖਹਿਰਾ ਮੁੜ 3 ਪੰਨਿਆਂ ਦੀ ‘ਹੀਰ’ ਸਪੀਕਰ ਨੂੰ ਲਿਖ ਕੇ ਸ਼ਹੀਦ ਬਣਨ ਦਾ ਯਤਨ ਕਰ ਰਿਹਾ ਹੈ ਅਤੇ ਸਾਫ ਹੋ ਗਿਆ ਹੈ ਕਿ ਉਹ ਜਾਣਬੁੱਝ ਕੇ ਸਹੀ ਢੰਗ ਨਾਲ ਅਸਤੀਫ਼ਾ ਨਾ ਲਿਖ ਕੇ ਵਿਧਾਇਕ ਦੇ ਅਹੁਦੇ ਨੂੰ ਛੱਡਣਾ ਨਹੀਂ ਚਾਹੁੰਦੇ।

Real Estate