ਪ੍ਰਵਾਸੀ ਪੰਜਾਬੀਆਂ ਦਾ “ਆਪ” ਤੋਂ ਮੋਹ ਭੰਗ ਹੋ ਗਿਆ ਹੈ ?

1516

2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਜਿੱਤ ਲਈ ਤਨੋਂ, ਮਨੋਂ ਤੇ ਧਨੋਂ ਯਤਨ ਕਰਨ ਵਾਲੇ ਪਰਵਾਸੀ ਪੰਜਾਬੀਆਂ ਨੇ ਇਸ ਵਾਰ ਪਾਰਟੀ ਤੋਂ ਮੂੰਹ ਮੋੜ ਲਿਆ ਹੈ। ਪਾਰਟੀ ਦੀ ਹਮਾਇਤ ਲਈ ਪਰਵਾਸੀ ਭਾਰਤੀਆਂ ਦੇ ਜਹਾਜ਼ ਨਹੀਂ ਉੱਤਰ ਰਹੇ। ਉਨ੍ਹਾਂ ਦਾ ਅਕਾਲੀ, ਭਾਜਪਾ ਅਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਵਾਂਗ ਇਸ ਵਾਰ ‘ਆਪ’ ਪਾਰਟੀ ਤੋਂ ਵੀ ਮੋਹ ਭੰਗ ਹੋ ਚੁੱਕਾ ਹੈ। 2017 ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਇੱਕ ਨਵੇਂ ਬਦਲ ਵਜੋਂ ਉਭਰਨ ਕਾਰਨ ਪਰਵਾਸੀ ਭਾਰਤੀਆਂ ਨੂੰ ਇੱਕ ਆਸ ਦੀ ਕਿਰਨ ਦਿਖਾਈ ਦਿੱਤੀ ਸੀ ਅਤੇ ਪਰਵਾਸੀ ਪੰਜਾਬੀਆਂ ਨੇ ਕਰੋੜਾਂ ਰੁਪਏ ‘ਆਪ’ ਨੂੰ ਫ਼ੰਡ ਦਿੱਤੇ ਸਨ। ਡਾਲਰਾਂ ਦੇ ਨਾਲ ਨਾਲ ਪਰਵਾਸੀ ਖ਼ੁਦ ਜਹਾਜ਼ਾਂ ਦੇ ਜਹਾਜ਼ ਭਰ ਕੇ ਆਪਣੀ ਮਾਤ ਭੂਮੀ ’ਚ ਸਿਆਸੀ ਬਦਲ ਨੂੰ ਸਾਕਾਰ ਕਰਨ ਵੀ ਆਏ ਸਨ, ਪਰ ਉਨ੍ਹਾਂ ਦੇ ਪੱਲੇ ਵੀ ਨਿਰਾਸ਼ਾ ਹੀ ਪਈ ਹੈ।
2019 ਵਿੱਚ ਸਿਰਫ਼ ਭਗਵੰਤ ਮਾਨ ਦੇ ਸੰਗਰੂਰ ਹਲਕੇ ਦੇ ਟਾਵੇਂ-ਟਾਵੇਂ ਐੱਨਆਰਆਈ ਪਾਰਟੀ ਦੀ ਹਮਾਇਤ ਕਰਦੇ ਦਿਖਾਈ ਦੇ ਰਹੇ ਹਨ।
2017 ਚੋਣਾਂ ਦੌਰਾਨ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਫਿਲਪੀਨਜ਼ ਸਮੇਤ ਹੋਰ ਦੇਸ਼ਾਂ ਤੋਂ 78 ਹਜ਼ਾਰ ਦੇ ਕਰੀਬ ਪਰਵਾਸੀ ਪੰਜਾਬੀ ‘ਚਲੋ ਪੰਜਾਬ’ ਮੁਹਿੰਮ ਤਹਿਤ ਸਿਰਫ਼ ‘ਆਪ’ ਲਈ ਆਪਣਾ ਕਾਰੋਬਾਰ ਵਿਦੇਸ਼ਾਂ ਵਿੱਚ ਛੱਡ ਕੇ ਪੰਜਾਬ ਆਏ ਸਨ। ਪਰ ਇਸ ਵਾਰ ਇਹ ਗਿਣਤੀ ਸੈਂਕੜੇ ਵਿੱਚ ਹੀ ਰਹਿ ਗਈ ਹੈ। ਵਿਧਾਨ ਸਭਾ ਚੋਣਾਂ ‘ਚ ‘ਆਪ’ ਦੇ ਜਿੱਤੇ 20 ਵਿਧਾਇਕਾਂ ਵਿੱਚੋਂ ਬਹੁਤੇ ਐੱਨਆਰਆਈਜ਼ ਦੇ ਫ਼ੰਡਾਂ ਦੇ ਸਿਰ ’ਤੇ ਹੀ ਜਿੱਤੇ ਸਨ। 2017 ਚੋਣਾਂ ਦੌਰਾਨ ਲਗਪਗ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਤੋਂ ਐੱਨਆਰਆਈ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਪੈਸਾ ਖ਼ਰਚ ਰਹੇ ਸਨ, ਪ੍ਰੰਤੂ ਇਸ ਵਾਰ ਪਰਵਾਸੀ ਸਿਰਫ਼ ਭਗਵੰਤ ਮਾਨ ਦੇ ਲੋਕ ਸਭਾ ਹਲਕੇ ਸੰਗਰੂਰ ਤੱਕ ਹੀ ਸੀਮਤ ਦਿਖ਼ਾਈ ਦੇ ਰਹੇ ਹਨ।
ਪੰਥਕ ਸੀਟ ਖਡੂਰ ਸਾਹਿਬ ਤੋਂ ਪੀਡੀਏ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲਸਾ ਨੂੰ ਪ੍ਰਵਾਸੀਆਂ ਪੰਜਾਬੀਆਂ ਦਾ ਭਾਰੀ ਸਹਿਯੋਗ ਮਿਲ ਰਿਹਾ ਹੈ।

Real Estate