ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰਸਟ ਦੇ ‘ਵਿਸਾਖੀ ਗਾਲਾ ਡਿਨਰ’ ‘ਤੇ ਖਿਲਰੀਆਂ ਰੌਣਕਾਂ

ਔਕਲੈਂਡ 28 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਬੀਤੀ ਸ਼ਨਵੀਰ ਦੀ ਰਾਤ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰਸਟ ਵੱਲੋਂ ਵਿਸਾਖੀ ਉਤਸਵ ਡਿਨਰ ਫੰਡ (ਵਿਸਾਖੀ ਗਾਲਾ ਡਿਨਰ) ਦਾ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਗਿਆ। ਰੇਡੀਓ ਸਪਾਈਸ ਨੇ ਇਸ ਸਾਰੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਇਆ। ਰੇਡੀਓ ਪੇਸ਼ਕਾਰ ਹਰਜੀਤ ਕੌਰ ਅਤੇ ਹਰਮੀਕ ਸਿੰਘ ਨੇ ਸਟੇਜ ਸੰਚਾਲਨ ਸੰਭਾਲਿਆਂ ਸਭ ਤੋਂ ਜ਼ਲਿਆਂ ਵਾਲਾ ਬਾਗ, ਕ੍ਰਾਈਸਟਚਰਚ ਅਤੇ ਸ੍ਰੀ ਲੰਕਾ ਵਿਖੇ ਮਾਰੇ ਗਏ ਸੈਂਕੜੇ ਨਿਹੱਥੇ ਲੋਕਾਂ ਦੀ ਯਾਦ ਵਿਚ ਇਕ ਮਿੰਟ ਦਾ ਮੋਨ ਰੱਖਣ ਦੀ ਅਪੀਲ ਕੀਤੀ ਗਈ। ਇਸ ਤੋਂ ਬਾਅਦ ਨਿਰਧਾਰਤ ਪ੍ਰੋਗਰਾਮ ਨੂੰ ਅੰਜ਼ਾਮ ਦਿੱਤਾ ਗਿਆ। ਸ੍ਰੀ ਨਵਤੇਜ ਰੰਧਾਵਾ ਹੋਰਾਂ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਚਿੱਤਰਕਾਰ ਸ। ਜਰਨੈਲ ਸਿੰਘ ਦੇ ਇਥੇ ਆਉਣ ਦੇ ਸਬੱਬ ਬਾਰੇ ਦੱਸਿਆ। ਮਲਟੀਮੀਡੀਆ ਗਰੁੱਪ ਤੋਂ ਸ। ਜਗਦੀਪ ਸਿੰਘ ਨੇ ਵੀ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਡਿਨਰ ਦਾ ਉਦੇਸ਼ ਦੱਸਿਆ। ਕਮਿਊਨਿਟੀ ਤੋਂ ਸ। ਪ੍ਰਿਥੀਪਾਲ ਸਿੰਘ ਬਸਰਾ ਨੇ ਸੰਬੋਧਨ ਕੀਤਾ। ਸਥਾਨਕ ਗਾਇਕ ਸੱਤਾ ਵੈਰੋਵਾਲੀਆ ਨੇ ਗੀਤਾਂ ਦੀ ਛਹਿਬਰ ਲਾਈ ਜਦ ਕਿ ਢੋਲ ਉਤੇ ਸਾਥ ਸ। ਅਮਰੀਕ ਸਿੰਘ ਨੇ ਦਿੱਤਾ। ਗੁਰਸਿਮਰਨ ਸਿੰਘ ਮਿੰਟੂ ਵੀ ਸਟੇਜ ਸੰਚਾਲਣ ਵਿਚ ਯੋਗਦਾਨ ਪਾਉਂਦੇ ਰਹੇ। ਵਿਰਸਾ ਅਕੈਡਮੀ ਦੀਆਂ ਕੁੜੀਆਂ ਨੇ ਭੰਗੜਾ ਪਾਇਆ। ਰੇਡੀਓ ਪੇਸ਼ਕਾਰ ਹਰਮੀਕ ਕੋਲੋਂ ਵੀ ਰਿਹਾ ਨਾ ਗਿਆ ਅਤੇ ਇਕ ਗੀਤ ਸੁਣਾ ਕੇ ਤਾੜੀਆਂ ਬਟੋਰੀਆਂ। ਸ। ਪਰਮਿੰਦਰ ਸਿੰਘ ਨੇ ਸ। ਜਰੈਨਲ ਸਿੰਘ ਹੋਰਾਂ ਨਾਲ ਲਾਈਵ ਗੱਲਬਾਤ ਕੀਤਾ ਅਤੇ ਸਰੋਤਿਆਂ ਦੇ ਰੂਬਰੂ ਕਰਵਾਇਆ। ਮਲਟੀਮੀਡੀਆ ਗਰੁੱਪ ਵੱਲੋਂ ਆਪਣੇ ਸਾਰੇ ਸਪਾਂਸਰਜ਼ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਚਿੱਤਰਕਾਰ ਸ। ਜਰਨੈਲ ਸਿੰਘ ਹੋਰਾਂ ਦੇ ਕੋਲੋਂ ਯਾਦਗਾਰੀ ਚਿੰਨ੍ਹਾਂ ਦਿਵਾਏ। ਸ। ਸੰਨੀ ਸਿੰਘ ਨੇ ਇਸ ਮੌਕੇ ਜਿੱਥੇ ਡਾ। ਸਤਿੰਦਰ ਸਰਤਾਜ ਦੇ ਸ਼ੋਅ ਬਾਰੇ ਦੱਸਿਆ ਉਥੇ ਲੱਕੀ ਡ੍ਰਾਆ ਰਾਹੀਂ ਟਿਕਟਾਂ ਵੀ ਕੱਢੀਆਂ। ਗੋਲਡਸਮਿੱਥ ਸ। ਗੁਰਦੀਪ ਸਿੰਘ ਨੇ ਵੀ ਗਿਫਟ ਹੈਂਪਰ ਲਿਆਂਦੇ ਸਨ ਜਿਨ੍ਹਾਂ ਨੂੰ ਰਾਫਲ ਟਿਕਟਾਂ ਰਾਹੀਂ ਕੱਢਿਆ ਗਿਆ। ਸਾਡੇ ਸਥਾਨਕ ਆਰਟਿਸਟ ਸ। ਹਰਜੋਤ ਸਿੰਘ ਨੇ ਪੈਂਸਿਲ ਕਲਾਕਾਰੀ ਰਾਹੀਂ ਸ। ਜਰਨੈਲ ਸਿੰਘ ਦਾ ਚਿੱਤਰ ਬਣਾਇਆ ਗਿਆ ਸੀ ਜੋ ਕਿ ਉਨ੍ਹਾਂ ਦੇ ਸਨਮਾਨ ਵਿਚ ਭੇਟ ਕੀਤਾ ਗਿਆ। ਪਾਕਿਸਤਾਨੀ ਪੰਜਾਬ ਤੋਂ ਵੀ ਕੁਝ ਲੋਕ ਇਥੇ ਪਹੁੰਚੇ ਹੋਏ ਸਨ। ਕ੍ਰਾਈਸਟਚਰਚ ਹਮਲੇ ਬਾਅਦ ਸਿੱਖਾਂ ਵੱਲੋਂ ਕੀਤੀ ਗਈ ਸਹਾਇਤਾ ਦੀ ਵੀ ਪਾਕਿਸਤਾਨ ਭਾਈਚਾਰੇ ਦੇ ਇਕ ਆਗੂ ਨੇ ਬਹੁਤ ਤਰੀਫ ਕੀਤੀ। ਨਵਤੇਜ ਰੰਧਾਵਾ ਵੱਲੋਂ ਬਣਾਏ ਗਏ ਸਲਾਈਡ ਸ਼ੋਅ ਵੀ ਕਾਬਲੇ ਤਰੀਫ ਸਨ। ਇਸ ਮੌਕੇ ਕੁਝ ਤਸਵੀਰਾਂ ਅਤੇ ਹੋਰ ਸਮਾਨ ਦੀ ਨਿਲਾਮੀ ਕੀਤੀ ਗਈ ਅਤੇ ਫੰਡ ਰਾਸ਼ੀ ਇਕੱਤਰ ਕੀਤੀ ਗਈ। 3 ਘੰਟੇ ਤੱਕ ਚੱਲਿਆ ਇਹ ਪ੍ਰੋਗਰਾਮ ਰੌਣਕਾਂ ਖਿਲਾਰ ਚੰਗਾ ਫੰਡ ਇਕੱਠਾ ਕਰਕੇ ਪ੍ਰਬੰਧਕਾਂ ਦੇ ਸਿਰ ਵੱਡੀ ਜ਼ਿੰਮੇਵਾਰੀ ਵਾਲੀ ਪੰਡ ਰੱਖ ਗਿਆ।

Real Estate